ਬਿਮਾਰੀਆਂ ਤੋਂ ਬਚਣ ਲਈ ਮਿਕਸੀ ਨੂੰ ਛੱਡ ਖਾਉ ਕੂੰਡੇ ਵਾਲੀ ਚਟਣੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

70ਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾਂ ਹਾਂ। ਸਰਦੀਆਂ ਵਿਚ ਚੁੱਲ੍ਹੇ ਤੇ ਤਵੇ ਦੀ ਰੋਟੀ ਤੇ ਗਰਮੀਆਂ ਵਿਚ ਤੰਦੂਰੀ ਰੋਟੀ

ਕੂੰਡੇ ਵਾਲੀ ਚਟਣੀ

70ਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾਂ ਹਾਂ। ਸਰਦੀਆਂ ਵਿਚ ਚੁੱਲ੍ਹੇ ਤੇ ਤਵੇ ਦੀ ਰੋਟੀ ਤੇ ਗਰਮੀਆਂ ਵਿਚ ਤੰਦੂਰੀ ਰੋਟੀ ਹਾਲੇ ਪੱਕਣੀ ਸ਼ੁਰੂ ਹੀ ਹੁੰਦੀ ਸੀ ਤਾਂ ਮਾਂ ਬਾਪੂ ਨੂੰ ਆਵਾਜ਼ ਮਾਰਦੀ ਕਿ ਕੂੰਡੇ ਵਿਚ ਮਿਰਚਾਂ ਰਗੜ ਲਉ­ ਰੋਟੀ ਤਿਆਰ ਹੈ। ਬਸ ਫਿਰ ਕੀ ਸੀ ਬਾਪੂ ਹੱਥ ਵਿਚ ਗੰਢੇ ਨੂੰ ਮਲਦਾ ਤੇ ਛਿੱਲੜ ਨੂੰ ਦੂਰ ਕਰਦਾ, ਜੜਾਂ ਤੇ ਭੂਕਾਂ ਵਾਲੇ ਪਾਸਿਉਂ ਜੇਕਰ ਚਾਕੂ ਲੱਭ ਜਾਂਦਾ ਤਾਂ ਠੀਕ ਨਹੀਂ ਤਾਂ ਮੂੰਹ ਨਾਲ ਹੀ ਕੰਮ ਸਾਰ ਲੈਂਦਾ। ਦੋ ਕੁ ਮਿੰਟਾਂ ਵਿਚ ਗੰਢਾ, ਮਿਰਚਾਂ, ਲੂਣ ਤੇ ਲੱਸਣ ਨੂੰ ਦਰੜ-ਫਰੜ ਕੇ ਬਾਪੂ ਕੂੰਡੇ ਨੂੰ ਮਾਂ ਕੋਲ ਧਰ ਦਿੰਦਾ।

ਗਰਮੀਆਂ ਵਿਚ ਖੱਖੜੀਆਂ ਦੇ ਬੀਜ ਤੇ ਸਰਦੀਆਂ ਵਿਚ ਕਪਾਹ ਦੀ ਫ਼ਸਲ ਵਿਚੋਂ ਇਕੱਠੇ ਕੀਤੇ ਚਿੱਬੜ ਵੀ ਚਟਣੀ ਵਿਚ ਮਿਲਾ ਕੇ ਖਾਣ ਦਾ ਸਵਾਦ ਲੈਂਦੇ। ਥੋੜੀ ਕੁ ਚਟਣੀ ਤੇ ਮੱਖਣ ਦੋ ਰੋਟੀਆਂ ਤੇ ਰੱਖ ਕੇ ਮਾਂ ਕਹਿੰਦੀ 'ਆਹ ਲੈ ਪੁੱਤਰ ਖਾ ਤੇ ਸਕੂਲ ਨੂੰ ਤੁਰਦਾ ਬਣ'। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਫਿਰ ਘਰ ਰੋਟੀ ਖਾਣ ਆਉਣਾ ਤਾਂ ਸਵੇਰ ਵਾਲੀ ਪੱਕੀ ਹੋਈ ਰੋਟੀ ਅਚਾਰ ਨਾਲ ਖਾ ਕੇ ਫਿਰ ਸਕੂਲ ਨੂੰ ਭੱਜ ਜਾਣਾ।

ਨਾ ਮਾਂ ਨੂੰ ਫਿਕਰ ਕਿ ਭਾਂਡੇ ਮਾਂਜਣੇ ਹਨ ਤੇ ਨਾ ਹੀ ਆਮ ਘਰਾਂ ਵਿਚ ਏਨੀਆਂ ਕੌਲੀਆਂ, ਚਮਚੇ ਅਤੇ ਥਾਲੀਆਂ ਹੁੰਦੀਆਂ ਸਨ ਕਿ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਪਰ ਹੁੰਦੇ ਉਹ ਇਕੱਠੇ ਹੀ। ਇਥੇ ਮੈਨੂੰ ਇਕ ਢੁਕਵਾਂ ਚੁਟਕਲਾ ਯਾਦ ਆਇਆ। ਇਕ ਵਾਰੀ ਕੋਈ ਬੰਦਾ ਅਪਣੇ ਬਾਪੂ ਨੂੰ ਡਾਕਟਰ ਕੋਲ ਕਿਸੇ ਬੀਮਾਰੀ ਕਰ ਕੇ ਲੈ ਗਿਆ। ਮਰੀਜ਼ ਨੂੰ ਵੇਖਣ ਤੋਂ ਬਾਅਦ ਡਾਕਟਰ ਕਹਿੰਦਾ, “ਬਾਬਾ ਜੀ ਆਹ ਲਉ ਦਵਾਈ ਦੀ ਸ਼ੀਸ਼ੀ।

ਦੋ ਚਮਚੇ ਸਵੇਰੇ, ਦੋ ਚਮਚੇ ਦੁਪਿਹਰੇ ਤੇ ਦੋ ਚਮਚੇ ਸ਼ਾਮ ਨੂੰ ਦਵਾਈ ਦੇ ਲੈਣੇ ਹਨ।'' ਅੱਗੋਂ ਬਾਪੂ ਜੀ ਕਹਿੰਦੇ, “ਡਾਕਟਰ ਸਾਹਬ ਆਹ ਫੜੋ ਅਪਣੀ ਦਵਾਈ ਵਾਲੀ ਸ਼ੀਸ਼ੀ। ਸਾਡੇ ਘਰੇ ਤਾਂ ਏਨੇ ਚਮਚੇ ਹੀ ਨਹੀਂ।'' ਇਹ ਸੀ ਉਹ ਵੇਲਾ ਜਦੋਂ ਕਿਸੇ ਵਿਰਲੇ ਤਕੜੇ ਜ਼ਿਮੀਦਾਰ ਦੇ ਘਰ ਦੋ ਵੇਲੇ ਦਾਲ ਸਬਜ਼ੀ ਬਣਦੀ। ਆਮ ਜ਼ਿਮੀਦਾਰਾਂ ਦੇ ਘਰ ਸਰਦੀਆਂ ਵਿਚ ਲਵੇਰਾ ਹੁੰਦਾ ਤਾਂ ਸਵੇਰੇ ਦਹੀਂ ਦੀ ਕੌਲੀ ਅਤੇ ਮੱਖਣੀ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤੇ ਸਾਰੀ ਦਿਹਾੜੀ ਕੰਮ ਕਰਦੇ ਰਹਿਣਾ। ਸਿਰਫ਼ ਸ਼ਾਮ ਵੇਲੇ ਹੀ ਤੌੜੀ ਵਿਚ ਰਿੰਨ੍ਹੀ ਦਾਲ ਖਾਣ ਨੂੰ ਮਿਲਦੀ।

ਨਾ ਕਿਸੇ ਨੂੰ ਜ਼ੁਕਾਮ, ਤਾਪ ਤੇ ਨਾ ਮਲੇਰੀਆ ਹੁੰਦਾ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈਣ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਜ਼ਿਮੀਦਾਰ ਦਾ ਵੱਡਾ ਢਿੱਡ ਹੀ ਨਹੀਂ ਸੀ ਹੁੰਦਾ। ਜਦੋਂ ਬੰਦਾ ਵਾਧੂ ਭਾਰ ਹੀ ਨਹੀਂ ਚੁਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ। ਜਦੋਂ ਵਾਧੂ ਭਾਰ ਹੀ ਨਹੀਂ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀਂ ਸੀ ਪੈਂਦੀ। ਇਸ ਕਰ ਕੇ ਦਿਲ ਦਾ ਦੌਰਾ ਜਾਂ ਬਲੱਡ-ਪ੍ਰੈਸ਼ਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਹੋ ਸਕਦਾ ਹੈ ਕਿ ਕੁੱਝ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦੇ ਹੋਣ।

ਪਰ ਜਦੋਂ ਪਤਾ ਹੀ ਨਹੀਂ ਤੇ ਇਲਾਜ ਕਰਵਾਉਣ ਵਾਸਤੇ ਕੋਈ ਸਹੂਲਤ ਵੀ ਨਹੀਂ, ਪੈਸਾ ਵੀ ਨਹੀਂ ਤਾਂ ਫਿਰ ਇਹੀ ਕਿਹਾ ਜਾਂਦਾ ਕਿ 'ਫਲਾਣਿਆਂ ਦਾ ਬੁੜਾ ਤਾਂ ਚੰਗੇ-ਕਰਮਾਂ ਵਾਲਾ ਸੀ। ਵੇਖੋ ਕਿਵੇਂ ਬੈਠਾ-ਬੈਠਾ ਹੀ ਚਲਿਆ ਗਿਆ'। ਇਸ ਨੂੰ ਅਸੀ ਅਗਿਆਨਤਾ ਤਾਂ ਕਹਿ ਸਕਦੇ ਹਾਂ ਪਰ ਅੱਜ ਵਾਲਾ ਅੰਧਵਿਸ਼ਵਾਸ ਨਹੀਂ ਸੀ।
ਅੱਜ ਸਾਨੂੰ ਫ਼ਰਿੱਜ ਵਿਚੋਂ ਕੱਢਕੇ ਠੰਢੇ ਪਾਣੀ ਪੀਣ ਦੇ ਨੁਕਸਾਨਾਂ ਦਾ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਤੇ ਆਮ ਜਨਤਾ ਘੁਮਿਆਰਾਂ ਦੇ ਆਵੇ ਦੇ ਪਕਾਏ ਘੜੇ ਮੁੜ ਤੋਂ ਖ਼ਰੀਦਣੇ ਸ਼ੁਰੂ ਕਰ ਰਹੀ ਹੈ।

ਇਸ ਤੋਂ ਪਤਾ ਲਗਦਾ ਹੈ ਕਿ ਅਸੀ ਬਹੁਤ ਸਾਰੀਆਂ ਕਾਢਾਂ ਅਪਣੇ ਬਚਾਉ ਲਈ ਨਹੀਂ ਸਗੋਂ ਨੁਕਸਾਨ ਵਾਸਤੇ ਵੀ ਕੱਢ ਲਈਆਂ ਹਨ ਜਾਂ ਫਿਰ ਇੰਜ ਕਹਿ ਲਈਏ ਕਿ ਸਾਨੂੰ ਉਸ ਦੇ ਵਰਤਣ ਦਾ ਪਤਾ ਨਹੀਂ। ਮੈਂ ਆਪ ਕਦੇ-ਕਦੇ ਰੋਪੜ ਵਾਲੇ ਵੈਦ, ਜੋ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹਕੀਮੀ ਕਰਦੇ ਆ ਰਹੇ ਹਨ, ਨੂੰ ਫ਼ੋਨ ਕਰ ਕੇ ਕੁੱਝ ਨਾ ਕੁੱਝ ਪੁਛਦਾ ਰਹਿੰਦਾ ਹਾਂ। ਉਨ੍ਹਾਂ ਤੋਂ ਇਹ ਪਤਾ ਚਲਿਆ ਕਿ ਲੱਸਣ ਨੂੰ ਚਾਕੂ ਨਾਲ ਬਿਲਕੁਲ ਨਹੀਂ ਕੱਟਣਾ ਤੇ ਤੇਲ ਵਿਚ ਭੁੰਨ ਕੇ ਖਾਣ ਨਾਲ 90 ਫ਼ੀ ਸਦੀ ਤੱਤ ਖ਼ਤਮ ਹੋ ਜਾਂਦੇ ਹਨ ਪਰ ਸਾਨੂੰ ਤਾਂ ਕੋਈ ਵੀ ਸਬਜ਼ੀ ਜਾਂ ਦਾਲ ਤੜਕੇ ਤੋਂ ਬਿਨਾਂ ਸਵਾਦ ਹੀ ਨਹੀਂ ਲਗਦੀ।

ਮਿੱਟੀ ਦਾ ਕੂੰਡਾ, ਵਿਚ ਪੱਥਰ ਦੇ ਰੋੜ ਤੇ ਨਿੰਮ ਦਾ ਘੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰਿਆਂ ਨੂੰ ਖ਼ਤਮ ਕਰਨ ਦਾ ਕੰਮ ਕਰਦੇ ਹਨ। ਪਰ ਮਿਕਸੀ ਵਿਚ ਚਟਣੀ ਬਣਾਉਣ ਨਾਲ ਅਸੀ ਇਨ੍ਹਾਂ ਤਿੰਨਾਂ ਚੀਜ਼ਾਂ ਦੇ ਫਾਇਦੇ ਉਠਾਉਣ ਤੋਂ ਵਾਂਝੇ ਰਹਿ ਗਏ ਤੇ ਅਸੀ ਬਿਮਾਰੀਆਂ ਵਲ ਨੂੰ ਆਪ ਹੀ ਤੁਰੇ ਹਾਂ। ਕੱਚਾ ਲੱਸਣ ਸਾਡੇ ਖ਼ੂਨ ਨੂੰ ਪਤਲਾ ਕਰਦਾ ਹੈ ਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ।

ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋਂ ਬੱਚ ਗਈਆਂ ਤਾਂ ਅਸੀ ਵੀ ਦਿਲ ਦੇ ਦੌਰੇ ਤੋਂ ਬਚ ਗਏ। ਮਿਕਸੀ ਵਿਚ ਤਿਆਰ ਕੀਤੀ ਚਟਣੀ ਦਾ ਇਕ ਚਮਚ ਪਾਣੀ ਦੇ ਗਲਾਸ ਵਿਚ ਪਾ ਕੇ ਵੇਖੋ। ਤੁਹਾਨੂੰ ਪੁਦੀਨੇ ਦੇ ਪੱਤੇ ਬਰੀਕ-ਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਘੁਟੇ ਹੋਏ ਨਹੀਂ ਦਿਸਣਗੇ। ਅਸੀ ਅਪਣਾ ਕੰਮ ਤਾਂ ਸੌਖਾ ਕਰ ਲਿਆ ਪਰ ਉਸ ਦੇ ਫ਼ਾਇਦੇ ਤੋਂ ਵੀ ਵਾਂਝੇ ਹੋ ਗਏ। ਹਾੜੀ ਵਢਦਿਆਂ ਦੇ ਜਦੋਂ ਉਂਗਲ ਤੇ ਦਾਤਰੀ ਵਜਦੀ ਤਾਂ ਬਾਪੂ ਕਹਿੰਦਾ ਮੁੰਡਿਆ ਜ਼ਖ਼ਮ ਤੇ ਪਿਸ਼ਾਬ ਕਰ ਕੇ ਫਿਰ ਥੋੜੀ ਮਿੱਟੀ ਲਗਾ ਕੇ ਉਪਰ ਟਾਕੀ ਬੰਨ੍ਹ ਲੈ­ ਕੱਲ੍ਹ ਤਕ ਅਰਾਮ ਆ ਜਾਊ।

ਪਰ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਿਸ਼ਾਬ ਐਂਟੀਸੈਪਟਿਕ ਹੈ। ਅੱਜ ਦੇ ਬੱਚੇ ਤਾਂ ਇਹ ਜਾਣਦੇ ਹਨ ਕਿ ਪਿਸ਼ਾਬ ਕਰਨ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਬਹੁਤ ਜ਼ਰੂਰੀ ਹਨ। ਛੇ ਕੁ ਮਹੀਨੇ ਪਹਿਲਾਂ ਮੈਂ ਇਕ ਲੇਖ, 'ਕੁੱਝ ਬਿਮਾਰੀਆਂ ਦੇ ਇਲਾਜ ਤੁਹਾਡੇ ਹੱਥ ਵਿਚ' ਲਿਖਿਆ ਸੀ ਜਿਸ ਨੂੰ ਪਾਠਕ ਅੱਜ ਤਕ ਸਾਂਭੀ ਬੈਠੇ ਹਨ। ਕੱਲ ਕਿਸੇ ਸੱਜਣ ਨੇ ਫ਼ੋਨ ਕੀਤਾ ਕਿ 'ਗਠੀਏ ਦੇ ਇਲਾਜ ਬਾਰੇ ਦੱਸੋ।' ਫ਼ੋਨ ਜੀ ਸਦਕੇ ਕਰੋ!

ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਹੈ ਕਿ ਮੈਂ ਕੋਈ ਵੈਦ ਜਾਂ ਦਵਾਖਾਨਾ ਨਹੀਂ ਖੋਲ੍ਹਿਆ ਹੋਇਆ ਜਿਸ ਕਿਸੇ ਨੁਸਖ਼ੇ ਬਾਰੇ ਮੈਨੂੰ ਪਤਾ ਚਲਦਾ ਹੈ­ ਉਹ ਮੈਂ ਪੰਜਾਬੀ ਭੈਣਾਂ-ਭਰਾਵਾਂ ਅੱਗੇ ਪੇਸ਼ ਕਰ ਦਿੰਦਾ ਹਾਂ। ਲੱਸਣ, ਅਦਰਕ ਜਿੰਨਾ ਹੋ ਸਕੇ ਕੱਚਾ ਖਾਇਆ ਜਾਵੇ ਜਾਂ ਫਿਰ ਸ਼ਹਿਦ ਵਿਚ ਮਿਲਾ ਕੇ। ਫ਼ਾਇਦਾ ਹੀ ਫ਼ਾਇਦਾ ਹੋਵੇਗਾ­ ਨੁਕਸਾਨ ਕੋਈ ਨਹੀਂ। ਮਸਾਲਿਆਂ ਨੂੰ ਰਿੱਝਦੇ ਸਾਗ, ਦਾਲ ਜਾਂ ਸਬਜ਼ੀ ਵਿਚ ਪਾ ਦਿਉ। ਹੌਲੀ-ਹੌਲੀ ਆਦਤ ਬਦਲ ਜਾਵੇਗੀ ਤੇ ਇਹੀ ਬਿਨਾਂ ਤੜਕੇ-ਫੜਕੇ ਦੇ ਹੀ ਸਵਾਦ ਲੱਗਣ ਲੱਗ ਪਵੇਗਾ। ਜੇਕਰ ਤੜਕਾ ਲਗਾਉਣਾ ਹੀ ਹੈ ਤਾਂ ਸਿਰਫ਼ ਪਿਆਜ਼ ਨੂੰ ਤੇਲ ਵਿਚ ਭੁੰਨ ਲਉ ਤੇ ਅਖ਼ੀਰਲੇ ਮਿੰਟ ਹਲਦੀ ਤੇ ਹੋਰ ਗਰਮ ਮਸਾਲੇ ਜਲਦੀ-ਜਲਦੀ ਪਾ ਕੇ ਥੋੜਾ ਬਹੁਤ ਹਿਲਾ ਕੇ ਥੱਲੇ ਲਾਹ ਲਉ। ਬਸ ਏਨਾ ਹੀ ਕਾਫ਼ੀ ਹੈ।                ਸੰਪਰਕ : + 647-966-3132