ਗੰਭੀਰ ਬੀਮਾਰੀਆਂ ਲੱਗਣ ਤੋਂ ਬਚਾਉਂਦਾ ਹੈ ਚਿਲਗੋਜ਼ਾ
ਚਿਲਗੋਜ਼ਾ ਪਹਾੜੀ ਬਦਾਮ ਕਹਾਉਂਦਾ ਹੈ। ਇਹ ਗੰਭੀਰ ਬੀਮਾਰੀਆਂ ਲੱਗਣ ਤੋਂ ਬਚਾਉਦਾ ਹੈ।
ਜੇ ਤੁਸੀਂ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ ਇਕ ਕਿਲੋ ਚਿਲਗੋਜ਼ਾ ਜ਼ਰੂਰ ਖਾਉ। ਇਸ ਨੂੰ ਗਰਮੀਆਂ ਵਿਚ ਨਹੀਂ ਖਾਣਾ ਚਾਹੀਦਾ। ਇਹ ਸਰਦੀਆਂ ਦੀ ਖ਼ੁਰਾਕ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਬਦਾਮ, ਅਖ਼ਰੋਟ, ਮੂੰਗਫਲੀ ਨਾਲੋਂ ਇਸ ਵਿਚ ਜ਼ਿਆਦਾ ਤਾਕਤ ਹੈ। ਇਸ ਦੀ ਕੀਮਤ ਤਾਂ ਭਾਵੇਂ ਜ਼ਿਆਦਾ ਹੈ ਪਰ ਸਰੀਰ ਦੀ ਤੰਦਰੁਸਤੀ ਮੂਹਰੇ ਕੁੱਝ ਨਹੀਂ। ਇਹ ਇਕ ਸੁਪਰ ਫ਼ੂਡ ਹੈ। ਇਹ ਪਹਾੜੀ ਇਲਾਕੇ ਦਾ ਫੱਲ ਹੈ।
ਇਸ ਵਿਚ ਖ਼ੁਰਾਕੀ ਤੱਤਾਂ ਜਿਵੇਂ ਆਇਰਨ, ਵਿਟਾਮੀਨ-ਬੀ, ਸੀ, ਈ ਤੇ ਫ਼ੋਲਿਕ ਐਸਿਡ, ਪ੍ਰੋਟੀਨ ਮੈਗਨੀਸ਼ੀਅਮ, ਕਾਪਰ, ਜ਼ਿੰਕ, ਫ਼ਾਈਬਰ ਦੀ ਭਰਮਾਰ ਹੁੰਦੀ ਹੈ। ਚਿਲਗੋਜ਼ਾ ਪਹਾੜੀ ਬਦਾਮ ਕਹਾਉਂਦਾ ਹੈ। ਇਹ ਗੰਭੀਰ ਬੀਮਾਰੀਆਂ ਲੱਗਣ ਤੋਂ ਬਚਾਉਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਚਿਲਗੋਜ਼ਾ ਕਈ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਤੇ ਐਂਟੀ ਆਕਸੀਡੈਂਟਜ਼ ਗੁਣ ਹੁੰਦੇ ਹਨ, ਜੋ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਤੋਂ ਰਖਿਆ ਕਰਦੇ ਹਨ।
ਚਿਲਗੋਜ਼ਿਆਂ ਵਿਚ ਆਇਰਨ ਜ਼ਿਆਦਾ ਹੋਣ ਕਰ ਕੇ ਗਰਭ ਅਵਸਥਾ ਵਿਚ ਇਸ ਦਾ ਸੇਵਨ ਫ਼ਾਇਦੇਮੰਦ ਹੈ। ਗਰਭ ਵਿਚ ਪਲ ਰਹੇ ਬੱਚੇ ਦਾ ਸਰੀਰਕ ਵਿਕਾਸ ਹੁੰਦਾ ਹੈ। ਚਿਲਗੋਜ਼ਿਆਂ ਵਿਚ ਮੌਜੂਦ ਟੋਕੋਫ਼ਰੋਲ ਇਕ ਜ਼ਬਰਦਸਤ ਐਂਟੀਆਕਸੀਡਂੈਟ ਹੈ, ਜੋ ਸਰੀਰ ਵਿਚੋਂ ਮਾੜੇ ਕੈਲੇਸਟਰੋਲ ਨੂੰ ਘੱਟ ਕਰਦਾ ਹੈ। ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਕੈਲੇਸਟਰੋਲ ਦਾ ਵਧਣਾ ਦਿਲ ਦੇ ਰੋਗੀਆਂ ਲਈ ਖ਼ਤਰੇ ਦੀ ਘੰਟੀ ਹੈ। 10 ਗ੍ਰਾਮ ਚਿਲਗੋਜ਼ੇ ਵਿਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ਵਿਚ ਵਿਟਾਮਿਨ ਬੀ, ਸੀ, ਵੀ ਬਹੁਤ ਹੁੰਦਾ ਹੈ। ਇਸ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਦੀ ਚਰਬੀ ਨਹੀਂ ਵਧਦੀ।
ਇਹ ਚੰਗੇ ਕੈਲੇਸਟਰੋਲ ਨੂੰ ਵਧਾ ਕੇ ਮਾੜੇ ਕੈਲੇਸਟਰੋਲ ਨੂੰ ਵਧਣ ਨਹੀਂ ਦਿੰਦਾ। ਇਸ ਵਿਚ ਪ੍ਰੋਟੀਨ ਵੀ ਜ਼ਿਆਦਾ ਹੁੰਦੀ ਹੈ। ਪ੍ਰੋਟੀਨ ਦੀ ਪੂਰਤੀ ਨਾਲ ਬਿਨਾਂ ਵਜ੍ਹਾ ਲੱਗਣ ਵਾਲੀ ਭੁੱਖ ਸ਼ਾਂਤ ਹੁੰਦੀ ਹੈ। ਚਿਲਗੋਜ਼ਾ ਸਰੀਰ ਦੀ 30 ਫ਼ੀ ਸਦੀ ਭੁੱਖ ਮਾਰਦਾ ਹੈ, ਜਿਸ ਨਾਲ ਮੋਟਾਪਾ ਘਟਣ ਵਿਚ ਮਦਦ ਮਿਲਦੀ ਹੈ। ਮੋਟਾਪਾ ਹਮੇਸ਼ਾ ਜ਼ਿਆਦਾ ਖਾਣ-ਪੀਣ ਨਾਲ ਵਧਦਾ ਹੈ।