ਸਿਹਤ ਲਈ ਲਾਭਦਾਇਕ ਹੈ ਸੌਂਫ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਭੋਜਨ ਤੋਂ ਬਾਅਦ ਸੌਂਫ਼ ਚੱਬ ਕੇ ਰਸ ਚੁੂਸਣ ਨਾਲ  ਖਾਣਾ ਛੇਤੀ ਪਚਦਾ ਹੈ

Fennel is good for health

ਸੌਂਫ਼ ਇਕ ਅਜਿਹੀ ਘਰੇਲੂ ਚੀਜ਼ ਹੈ ਜੋ ਲਗਭਗ ਆਮ ਹੀ ਘਰਾਂ ਵਿਚ ਰੱਖੀ ਜਾਂਦੀ ਹੈ। ਇਸ ਨੂੰ ਬੰਗਾਲੀ 'ਚ ਭੂਰੀ, ਉਰਦੂ 'ਚ ਸੌਂਫ਼, ਅਰਬੀ 'ਚ ਰਜ਼ੀਆ, ਫ਼ਾਰਸੀ 'ਚ ਬਾਦੀਯਾਨ ਕਹਿੰਦੇ ਹਨ।

ਅਪਣੇ ਵਧੀਆ ਸਵਾਦ ਜੋ ਇਸ ਵਿਚਲੇ ਤੇਲ ਦੇ ਰੁੂਪ ਵਿਚ ਹੁੰਦਾ ਹੈ, ਦੇ ਕਾਰਨ ਇਹ ਕਾਫੀ ਲੋਕਾਂ ਵਲੋਂ ਭੋਜਨ ਤੋਂ ਬਾਅਦ ਪਾਨ 'ਚ ਖਾਧੀ ਜਾਂਦੀ ਹੈ। ਇਸ ਦੀ ਪ੍ਰਕਿ੍ਤੀ ਗਰਮ ਮੰਨੀ ਜਾਂਦੀ ਹੈ ਪਰ ਗੁਣਾਂ ਕਰ ਕੇ ਬਹੁਤ ਅਮੀਰ ਮੰਨੀ ਜਾਂਦੀ ਹੈ। ਸੌਂਫ ਦੇ ਬਹੁਤ ਸਾਰੇ ਨੁਸਖੇ ਹਨ ਜਿਨ੍ਹਾਂ ਦੀ ਅਸੀਂ ਘਰ ਵਿਚ ਆਮ ਹੀ ਵਰਤੋਂ ਕਰ ਸਕਦੇ ਹਾਂ।

1. ਮਾਨਸਕ ਕਮਜ਼ੋਰੀ 'ਚ ਸੁਧਾਰ ਵਾਸਤੇ ਪੀਸੀ ਹੋਈ ਸੌਂਫ਼ ਦੇ ਬਰਾਬਰ ਮਾਤਰਾ 'ਚ ਸ਼ੱਕਰ ਮਿਲਾ ਕੇ ਦੋ ਚਮਚ ਕੋਸੇ ਦੁੱਧ ਨਾਲ ਲਉ।
2. ਸੌਂਫ਼ ਨੂੰ  ਗਰਮ ਤਵੇ 'ਤੇ ਭੁੰਨ ਕੇ ਪੀਸ ਲਉ ਅਤੇ ਬਰਾਬਰ ਮਾਤਰਾ ਵਿਚ ਪੀਸੀ ਹੋਈ ਮਿਸ਼ਰੀ ਮਿਲਾ ਲਉ। ਇਸ ਮਿਸ਼ਰਣ ਨੂੰ  ਦੋ ਦੋ ਚਮਚੇ ਸਵਰੇ ਸ਼ਾਮ ਠੰਢੇ ਪਾਣੀ ਨਾਲ ਫੱਕ ਲਉ। ਪਾਚਨ ਸ਼ਕਤੀ ਵਿਚ ਸੁਧਾਰ ਹੋਵੇਗਾ।
3. ਸੌਂਫ਼ ਦਾ ਕਾੜ੍ਹਾ ਜਿਸ ਵਿਚ ਅਜਵੈਣ ਵੀ ਮਿਲਾ ਲਈ ਗਈ ਹੋਵੇ, ਪੀਣ ਨਾਲ ਪੇਟ ਦਰਦ ਸ਼ਾਂਤ ਹੋ ਜਾਂਦਾ ਹੈ।
4. ਭੋਜਨ ਤੋਂ ਬਾਅਦ ਸੌਂਫ਼ ਚੱਬ ਕੇ ਰਸ ਚੁੂਸਣ ਨਾਲ  ਖਾਣਾ ਛੇਤੀ ਪਚਦਾ ਹੈ।

5. ਗਰਭ ਧਾਰਨ ਤੋਂ ਬਾਅਦ ਪ੍ਰਤੀਦਿਨ ਪੀਸੀ ਸੌਂਫ਼ ਗੁਲਕੰਦ ਵਿਚ ਮਿਲਾ ਕੇ ਦੋ ਚਮਚ ਰੋਜ਼ਾਨਾ ਲੈਣ ਨਾਲ ਗਰਭਪਾਤ ਦੀ ਸੰਭਾਵਨਾ ਘਟਦੀ ਹੈ।
6. ਸੌਂਫ਼ ਦੀ ਗਿਰੀ ਇਕ ਚਮਚ ਰੋਜ਼ਾਨਾ ਸਵੇਰੇ ਸ਼ਾਮ ਕੋਸੇ ਦੁੱਧ ਨਾਲ ਲਉ। ਯਾਦ ਸ਼ਕਤੀ ਵਧੇਗੀ। 
7. ਨਿੰਬੂ ਦੇ ਰਸ 'ਚ ਸੌਂਫ਼ ਭਿਉਂ ਕੇ ਸੁਕਾ ਲਉ। ਇਕ ਚਮਚਾ ਰੋਜ਼ਾਨਾ ਲਉ। ਕਬਜ਼ ਤੋਂ ਮੁਕਤੀ ਮਿਲੇਗੀ।
 8 ਪੀਸੀ ਹੋਈ ਸੌਂਫ਼ ਅਤੇ ਧਨੀਆ ਚੂਰਨ ਤੇ ਮਿਸ਼ਰੀ ਬਰਾਬਰ ਮਾਤਰਾ 'ਚ ਮਿਲਾ ਕੇ ਇਕ ਇਕ ਚਮਚਾ ਦਿਨ ਵਿਚ ਦੋ ਵਾਰੀ ਪਾਣੀ ਨਾਲ ਲਉ, ਚਮੜੀ ਰੋਗਾਂ ਤੋਂ ਛੁਟਕਾਰਾ ਮਿਲੇਗਾ।

9. ਸੌਂਫ ਦੀ ਰੋਜ਼ਾਨਾ ਵਰਤੋਂ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਨਿਖਰਦੀ ਹੈ।
10. ਪੇਟ 'ਚ ਅਫਾਰਾ ਹੋਣ 'ਤੇ ਸੌਂਫ਼ ਅਤੇ ਅਜਵਾਇਨ ਦਾ ਕਾੜ੍ਹਾ ਬਣਾ ਕੇ ਹੌਲੀ ਹੌਲੀ ਪੀਣ ਨਾਲ ਰਾਹਤ ਮਿਲਦੀ ਹੈ।
11. ਮੂੰਹ ਪੱਕਣ 'ਤੇ ਦਿਨ ਵਿਚ ਚਾਰ ਪੰਜ ਵਾਰੀ ਥੋੜ੍ਹੀ ਥੋੜ੍ਹੀ ਦੇਰ ਬਾਅਦ ਸੌਂਫ਼ ਚੱਬਣ ਨਾਲ ਲਾਭ ਮਿਲਦਾ ਹੈ। 
12. ਗਰਮੀ ਦੇ ਦਿਨਾਂ ਵਿਚ ਹੋਣ ਵਾਲੀ ਸੁੱਕੀ ਖੰਘ ਵਿਚ ਸੌਂਫ ਦੇ ਚੂਰਨ 'ਚ ਮਿਸ਼ਰੀ ਚੂਰਨ ਮਿਲਾ ਕੇ ਹੌਲੀ ਹੌਲੀ ਚੂਸੋ।

13. ਜੀਅ ਘਬਰਾਉਣ ਦੀ ਹਾਲਤ ਵਿਚ ਥੋੜ੍ਹੀ ਜਿਹੀ ਸੌਂਫ ਅਤੇ ਛੋਟੀ ਇਲਾਇਚੀ ਦੇ ਦਾਣੇ ਮੂੰਹ 'ਚ ਪਾ ਕੇ ਚੱਬੋ, ਫ਼ਾਇਦਾ ਹੋਵੇਗਾ
14. ਸੌਂਫ ਰੋਜ਼ਾਨਾ ਖਾਣ ਨਾਲ ਔਰਤਾਂ ਨੂੰ  ਮਾਸਕ ਧਰਮ ਸਬੰਧੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ।
15. ਸੌਂਫ ਦੇ ਅਰਕ 'ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀਣ ਨਾਲ  ਉਲਟੀ ਬੰਦ ਹੋ ਜਾਵੇਗੀ।