ਸ਼ਹਿਦ ਗੁਣਾਂ ਨਾਲ ਹੈ ਭਰਪੂਰ, ਕੀ ਸ਼ੂਗਰ 'ਚ ਵੀ ਹੋ ਸਕਦਾ ਹੈ ਸੇਵਨ? ਪੜ੍ਹੋ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸ਼ਹਿਦ ਭੋਜਨ 'ਚ ਸ਼ਾਮਲ ਕਰਨਾ ਚਾਹੀਦਾ ਹੈ, ਇਸ ਨਾਲ ਸਿਹਤ ਨੂੰ ਕਈ ਫ਼ਾਇਦੇ ਹੋ ਸਕਦੇ ਹਨ। 

benfits of honey

 

ਚੰਡੀਗੜ੍ਹ: ਸ਼ਹਿਦ ਦੀ ਵਰਤੋਂ ਕਈ ਤਰ੍ਹਾਂ ਦੇ ਸਿਹਤ ਲਾਭਾਂ ਲਈ ਇੱਕ ਪ੍ਰਭਾਵਸ਼ਾਲੀ ਘਰੇਲੂ ਨੁਸਖ਼ਾ ਹੈ।  ਸਮੇਂ ਦੇ ਨਾਲ ਕਈ ਵਿਗਿਆਨੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸ਼ਹਿਦ ਐਂਟੀ ਡਿਪ੍ਰੈਸੈਂਟ, ਐਂਟੀਕਨਵਲਸੈਂਟ ਅਤੇ ਐਂਟੀ-ਆਕਸੀਡੈਂਟ ਲਾਭ ਪ੍ਰਦਾਨ ਕਰ ਸਕਦਾ ਹੈ। ਸ਼ਹਿਦ  ਜ਼ਖ਼ਮ ਨੂੰ ਠੀਕ ਕਰਨ, ਗਲ਼ੇ ਦੇ ਦਰਦ, ਚਮੜੀ, ਵਾਲਾਂ ਅਤੇ ਪਾਚਨ ਲਈ ਬਹੁਤ ਲਾਭਦਾਇਕ ਹੈ। 

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸ਼ਹਿਦ ਭੋਜਨ 'ਚ ਸ਼ਾਮਲ ਕਰਨਾ ਚਾਹੀਦਾ ਹੈ, ਇਸ ਨਾਲ ਸਿਹਤ ਨੂੰ ਕਈ ਫ਼ਾਇਦੇ ਹੋ ਸਕਦੇ ਹਨ। 
ਪਰ ਕਈਆਂ ਦੇ ਦਿਮਾਗ ਵਿਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਸ਼ਹਿਦ ਕੁਦਰਤੀ ਤੌਰ 'ਤੇ ਮਿੱਠਾ ਹੁੰਦਾ ਹੈ ਤੇ ਕੀ ਫਿਰ ਸ਼ੂਗਰ ਤੋਂ ਪੀੜਤ ਲੋਕ ਇਸ ਦਾ ਸੇਵਨ ਕਰ ਸਕਦੇ ਹਨ? ਸ਼ੂਗਰ ਵਾਲੇ ਲੋਕਾਂ ਨੂੰ ਮਿੱਠੇ ਅਤੇ ਕਾਰਬੋਹਾਈਡਰੇਟ ਵਾਲੇ ਭੋਜਨ ਦੇ ਸੇਵਨ ਨੂੰ ਘੱਟ ਕਰਨ ਜਾਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਆਓ ਜਾਣਦੇ ਹਾਂ ਸ਼ੂਗਰ ਵਿਚ ਸ਼ਹਿਦ ਦੀ ਵਰਤੋਂ ਬਾਰੇ ਸਿਹਤ ਮਾਹਿਰਾਂ ਦਾ ਕੀ ਕਹਿਣਾ ਹੈ:

ਮਾਹਿਰਾਂ ਦੀ ਸਲਾਹ ਹੈ ਕਿ ਡਾਇਬਟੀਜ਼ ਵਾਲੇ ਲੋਕ ਖੰਡ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ। ਦੂਜੇ ਪਾਸੇ, ਜੇਕਰ ਤੁਸੀਂ ਇਨਸੁਲਿਨ ਲੈਂਦੇ ਹੋ, ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪ੍ਰਤੀ ਦਿਨ ਕਾਰਬੋਹਾਈਡਰੇਟ ਦੀ ਮਾਤਰਾ ਦਾ ਵਿਸ਼ੇਸ਼ ਧਿਆਨ ਰੱਖੋ। WebMd  ਰਿਪੋਰਟਾਂ ਦੇ ਅਨੁਸਾਰ, ਖੋਜ ਦਰਸਾਉਂਦੀ ਹੈ ਕਿ ਸ਼ਹਿਦ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਕਿ ਸ਼ੂਗਰ ਵਾਲੇ ਲੋਕਾਂ ਲਈ ਮਹੱਤਵਪੂਰਨ ਹੋ ਸਕਦੇ ਹਨ, ਜੋ ਤੁਹਾਨੂੰ ਸੋਜ ਕਾਰਨ ਹੋਣ ਵਾਲੀਆਂ ਜਟਿਲਤਾਵਾਂ ਤੋਂ ਬਚਾਉਂਦੇ ਹਨ  ਪਰ ਬਹੁਤ ਸਾਰੇ ਭੋਜਨ ਹਨ ਜੋ ਬਲੱਡ ਸ਼ੂਗਰ ਨੂੰ ਵਧਾਏ ਬਿਨ੍ਹਾਂ ਇਹ ਲਾਭ ਪ੍ਰਦਾਨ ਕਰਦੇ ਹਨ।  ਸ਼ੂਗਰ ਵਿਚ ਕਿਸੇ ਵੀ ਚੀਜ਼ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।

ਸ਼ੂਗਰ ਵਿਚ ਸ਼ਹਿਦ ਦੇ ਸੇਵਨ ਬਾਰੇ ਅਧਿਐਨ:
ਖੋਜਕਰਤਾਵਾਂ ਨੇ ਪਾਇਆ ਹੈ ਕਿ ਸ਼ਹਿਦ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਉਸੇ ਤਰ੍ਹਾਂ ਵਧਾ ਸਕਦਾ ਹੈ ਜਿਵੇਂ ਕਿ ਖੰਡ ਅਤੇ ਹੋਰ ਮਿੱਠੀਆਂ ਚੀਜ਼ਾਂ, ਪਰ ਇਸ ਵਿਚ ਮੌਜੂਦ ਐਂਟੀਆਕਸੀਡੈਂਟ ਮੈਟਾਬੋਲਿਕ ਸਿੰਡਰੋਮ ਅਤੇ ਟਾਈਪ-2 ਡਾਇਬਟੀਜ਼ ਦੀਆਂ ਜਟਿਲਤਾਵਾਂ ਤੋਂ ਬਚਾਉਣ ਵਿਚ ਮਦਦ ਕਰ ਸਕਦੇ ਹਨ। ਸ਼ਹਿਦ ਹਾਰਮੋਨ ਐਡੀਪੋਨੇਕਟਿਨ ਦੇ ਪੱਧਰ ਨੂੰ ਵਧਾ ਸਕਦਾ ਹੈ, ਇੱਕ ਹਾਰਮੋਨ ਜੋ ਸੋਜ ਨੂੰ ਘਟਾਉਂਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਬਿਹਤਰ ਰੱਖਣ ਵਿਚ ਤੁਹਾਡੀ ਮਦਦ ਕਰਦਾ ਹੈ।  ਕੁਝ ਅਧਿਐਨਾਂ ਵਿਚ ਇਹ ਵੀ ਪਾਇਆ ਗਿਆ ਹੈ ਕਿ ਰੋਜ਼ਾਨਾ ਅਧਾਰ 'ਤੇ ਸ਼ਹਿਦ ਦਾ ਸੇਵਨ ਕਰਨ ਨਾਲ ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਤੇਜ਼ੀ ਨਾਲ ਸੁਧਾਰਿਆ ਜਾ ਸਕਦਾ ਹੈ।

ਦਿਲ ਦੀਆਂ ਬਿਮਾਰੀਆਂ ਨੂੰ ਰੋਕਣ ਵਿਚ ਹੈ ਮਦਦਗਾਰ 
ਸ਼ਹਿਦ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਰੋਕਣ ਵਿਚ ਵੀ ਲਾਭਦਾਇਕ ਹੋ ਸਕਦਾ ਹੈ।  ਇੱਕ ਸਮੀਖਿਆ ਅਧਿਐਨ ਵਿਚ ਪਾਇਆ ਗਿਆ ਹੈ ਕਿ ਸ਼ਹਿਦ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿਚ ਮਦਦ ਕਰਦਾ ਹੈ। ਇਹ ਖ਼ੂਨ ਵਿਚ ਚਰਬੀ ਦੇ ਪੱਧਰ ਨੂੰ ਵੀ ਸੁਧਾਰਦਾ ਹੈ।  ਇਸ ਤਰ੍ਹਾਂ, ਇਹ ਤੁਹਾਡੇ ਲਈ ਦਿਲ ਦੀ ਧੜਕਣ ਨੂੰ ਨਿਯੰਤਰਿਤ ਕਰਨ, ਸੈੱਲਾਂ ਨੂੰ ਸਿਹਤਮੰਦ ਰੱਖਣ ਅਤੇ ਦਿਲ ਦੇ ਕਾਰਜਾਂ ਨੂੰ ਬਰਕਰਾਰ ਰੱਖਣ ਵਿਚ ਵੀ ਮਦਦਗਾਰ ਹੋ ਸਕਦਾ ਹੈ। ਸ਼ਹਿਦ ਦਾ ਨਿਯਮਤ ਸੇਵਨ ਕਰਨ ਨਾਲ ਕਈ ਤਰ੍ਹਾਂ ਦੇ ਸਿਹਤ ਲਾਭ ਹੋ ਸਕਦੇ ਹਨ।

ਬੱਚਿਆਂ ਨੂੰ ਖੰਘ ਤੋਂ ਦਵਾਉਂਦਾ ਹੈ ਰਾਹਤ 
ਬੱਚਿਆਂ ਨੂੰ ਖੰਘ ਲੱਗਣਾ ਇਕ ਆਮ ਸਮੱਸਿਆ ਹੈ।  ਇਸ ਸਮੱਸਿਆ ਨੂੰ ਦੂਰ ਕਰਨ ਲਈ ਸ਼ਹਿਦ ਇੱਕ ਕਾਰਗਰ ਘਰੇਲੂ ਉਪਾਅ ਹੋ ਸਕਦਾ ਹੈ।  ਮਾਹਿਰਾਂ ਦੀ ਟੀਮ ਨੇ ਪਾਇਆ ਕਿ ਸ਼ਹਿਦ ਗਲੇ ਦੀ ਖਰਾਸ਼ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ ਅਤੇ ਲਾਗ ਕਾਰਨ ਹੋਣ ਵਾਲੀ ਜਲਣ ਤੋਂ ਰਾਹਤ ਪ੍ਰਦਾਨ ਕਰਦਾ ਹੈ। ਇਹ ਖੰਘ ਦੀ ਮਿਆਦ ਨੂੰ ਘੱਟ ਕਰਨ ਵਿਚ ਵੀ ਮਦਦਗਾਰ ਹੈ।  ਸ਼ਹਿਦ ਦਾ ਸੇਵਨ ਕਰਨ ਨਾਲ ਬੱਚੇ ਨੂੰ ਕਈ ਤਰ੍ਹਾਂ ਦੇ ਸਿਹਤ ਲਾਭ ਮਿਲ ਸਕਦੇ ਹਨ।
ਨੋਟ: ਇਹ ਲੇਖ ਸਿਹਤ ਮਾਹਿਰਾਂ ਦੇ ਸੁਝਾਅ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।