ਕੱਚੀਆਂ ਸਬਜ਼ੀਆਂ ਹਨ ਸਿਹਤ ਲਈ ਬਹੁਤ ਗੁਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਹ ਊਰਜਾ ਦੇਣ ਦੇ ਨਾਲ-ਨਾਲ ਚਮੜੀ ਦੀ ਚਮਕ ਨੂੰ ਬਰਕਰਾਰ ਰਖਦੇ ਹੋਏ, ਪਾਚਨ ਸ਼ਕਤੀ ਵਿਚ ਸੁਧਾਰ ਕਰਦੇ ਅਤੇ ਦਿਲ ਸਬੰਧੀ ਰੋਗਾਂ ਨੂੰ ਘੱਟ ਕਰਨ ਵਿਚ ਸਹਾਈ ਹੁੰਦੇ ਹਨ।

Raw vegetables are very beneficial for health

ਡਾਕਟਰੀ ਮਾਹਰਾਂ ਵਲੋਂ ਕੱਚੀਆਂ ਸਬਜ਼ੀਆਂ ਅਤੇ ਫਲਾਂ ਨੂੰ ਸਿਹਤ ਲਈ ਬੇਹੱਦ ਫ਼ਾਇਦੇਮੰਦ ਦਸਿਆ ਗਿਆ ਹੈ ਕਿਉਂਕਿ ਇਹ ਊਰਜਾ ਦੇਣ ਦੇ ਨਾਲ-ਨਾਲ ਚਮੜੀ ਦੀ ਚਮਕ ਨੂੰ ਬਰਕਰਾਰ ਰਖਦੇ ਹੋਏ, ਪਾਚਨ ਸ਼ਕਤੀ ਵਿਚ ਸੁਧਾਰ ਕਰਦੇ ਅਤੇ ਦਿਲ ਸਬੰਧੀ ਰੋਗਾਂ ਨੂੰ ਘੱਟ ਕਰਨ ਵਿਚ ਸਹਾਈ ਹੁੰਦੇ ਹਨ। ਕੱਚੀਆਂ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਲੋੜੀਂਦੇ ਵਿਟਾਮਿਨ, ਖਣਿਜ ਅਤੇ ਐੱਨਜਾਈਮ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ। 

ਯੂਰਪ ਦੀ ਇਕ ਉੱਘੀ ਅਹਾਰ ਵਿਸ਼ੇ ਦੀ ਮਾਹਰ ਸ਼ਾਇਨਾ ਕੋਮਰ ਵਲੋਂ ਰਿੰਨ੍ਹੀਆਂ (ਰਿੱਝੀਆਂ) ਸਬਜ਼ੀਆਂ ਨਾਲੋਂ ਕੱਚੀਆਂ ਸਬਜ਼ੀਆਂ ਵਰਤਣ ਦੀ ਪੁਰਜ਼ੋਰ ਹਮਾਇਤ ਕੀਤੀ ਗਈ ਹੈ। ਉਕਤ ਵਲੋਂ ਇਨ੍ਹਾਂ ਵਿਚ ਮਿਲਦੇ ਪੌਸ਼ਕ ਤੱਤਾਂ ਨੂੰ ਬੇਹੱਦ ਲਾਭਕਾਰੀ ਦਸਿਆ ਗਿਆ ਹੈ। ਜਿਵੇਂ ਪਾਲਕ ਦੇ ਪੱਤਿਆਂ ਵਿਚ ਵਿਟਾਮਿਨ ਏ, ਸੀ ਅਤੇ ਕ, ਲੋਹਾ (ਆਇਰਨ), ਕੈਲਸ਼ੀਅਮ, ਮੈਗਨੀਸ਼ਿਅਮ ਅਤੇ ਐਂਟੀਆਕਸੀਡੈਂਟ (ਸਰੀਰ ਵਿਚੋਂ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਵਾਲੇ ਰਸਾਇਣ) ਮੌਜੂਦ ਹੁੰਦੇ ਹਨ। ਬਰੋਕਲੀ ਤੋਂ ਸਾਡੇ ਸਰੀਰ ਨੂੰ ਵਿਟਾਮਿਨ ਸੀ ਅਤੇ ਕੇ ਮਿਲਦੇ ਹਨ ਅਤੇ ਨਾਲ ਹੀ ਇਸ ਵਿਚ ਜਿਗਰ, ਮਿਹਦੇ ਅਤੇ ਛਾਤੀ ਦੇ ਕੈਂਸਰ ਨੂੰ ਘੱਟ ਕਰਨ ਵਾਲੇ ਰਸਾਇਣ ਵੀ ਹੁੰਦੇ ਹਨ। ਲਾਲ ਜਾਂ ਪੀਲੇ ਰੰਗ ਦੀ ਸ਼ਿਮਲਾ ਮਿਰਚ ਵਿਚ ਲਹੂ ਬਣਾਉਣ ਵਾਲੇ ਤੱਤ ਫ਼ੋਲਿਕ ਐਸਿਡ ਐਂਟੀਆਕਸੀਡੈਂਟ ਅਤੇ ਅਨੇਕਾਂ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ।

ਗਾਜਰ ਵਿਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਤੇਜ਼ ਕਰਦਾ ਅਤੇ ਛਾਤੀ ਦੇ ਕੈਂਸਰ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਚੁਕੰਦਰ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਘਟਾਉਂਦੀ ਅਤੇ ਸ਼ਰੀਰ ਨੂੰ ਐਂਟੀਆਕਸੀਡੈਂਟ ਵੀ ਪ੍ਰਦਾਨ ਕਰਦੀ ਹੈ। ਹਰੇ ਮਟਰ ਖਾਣ ਨਾਲ ਸਾਡੇ ਸਰੀਰ ਨੂੰ ਪ੍ਰੋਟੀਨ ਅਤੇ ਵਿਟਾਮਿਨ ਏ, ਬੀ, ਸੀ ਅਤੇ ਕੇ ਭਰਪੂਰ ਮਾਤਰਾ ਵਿਚ ਪ੍ਰਾਪਤ ਹੁੰਦੇ ਹਨ। ਇਕ ਬੰਦ ਗੋਭੀ ਵਰਗੀ ਹਰੇ ਪੱਤੇਦਾਰ ਸਬਜ਼ੀ ਹੈ ਜਿਸ ਵਿਚ ਸਾਨੂੰ ਵਿਟਾਮਿਨ ਏ, ਸੀ ਅਤੇ ਕੇ ਦੇ ਨਾਲ-ਨਾਲ ਲਹੂ ਵਿਚ ਕੈਲੇਸਟਰੋਲ ਘੱਟ ਕਰਨ ਵਾਲੇ ਰਸਾਇਣ ਵੀ ਮਿਲਦੇ ਹਨ।

ਲੱਸਣ ਦੀ ਵਰਤੋਂ ਕਰਨ ਨਾਲ ਦਿਲ ਦੇ ਰੋਗ ਘੱਟ ਹੀ ਲਗਦੇ ਹਨ ਅਤੇ ਸਰੀਰ ਦੀ ਰੋਗ ਰਖਿਅਕ ਪ੍ਰਣਾਲੀ ਮਜ਼ਬੂਤ ਹੁੰਦੀ ਹੈ। ਸਮੁੰਦਰੀ ਘਾਹ ਦੀ ਕਿਸਮ ਹੈ ਜਿਸ ਵਿਚ ਆਇਉਡੀਨ ਅਤੇ ਉਮੇਗਾ-3 ਨਾਂ ਦੇ ਰਸਾਇਣ ਹੁੰਦੇ ਹਨ ਜੋ ਕਿ ਸਿਹਤ ਲਈ ਬੇਹੱਦ ਲਾਭਕਾਰੀ ਹੁੰਦੇ ਹਨ। ਉਕਤ ਸਬਜ਼ੀਆਂ ਨੂੰ ਜੇਕਰ ਕੱਚਿਆਂ ਵਰਤਿਆ ਜਾਵੇ ਤਾਂ ਇਹ ਸਰੀਰ ਲਈ ਬੇਹੱਦ ਗੁਣਕਾਰੀ ਹੁੰਦੀਆਂ ਹਨ।

-ਅਸ਼ਵਨੀ ਚਤਰਥ, ਸੇਵਾ ਮੁਕਤ ਲੈਕਚਰਾਰ, ਬਟਾਲਾ। 6284220595