ਜੇਕਰ ਤੁਸੀਂ ਸਰਦੀਆਂ ਵਿਚ ਸਰੀਰ ਨੂੰ ਰੱਖਣਾ ਚਾਹੁੰਦੇ ਹੋ ਗਰਮ ਤਾਂ ਇਨ੍ਹਾਂ ਚੀਜ਼ਾਂ ਦਾ ਕਰੋ ਇਸਤੇਮਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਖਾਣ-ਪੀਣ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਡਾਈਟ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਨ੍ਹਾਂ ਦੀ ਤਾਸੀਰ ਗਰਮ ਹੋਵੇ।

representative image


ਸਰਦੀਆਂ ਦੀ ਰੁਤ ਅਪਣੇ ਪੂਰੇ ਜੋਬਨ ’ਤੇ ਹੈ ਤੇ ਲੋਕਾਂ ਨੇ ਸਰੀਰ ਨੂੰ ਗਰਮ ਰੱਖਣ ਲਈ ਗਰਮ ਕਪੜੇ ਅਤੇ ਰੂਮ ਹੀਟਰ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਹੈ ਪਰ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਰੀਰ ਨੂੰ ਬਾਹਰੋਂ ਹੀ ਗਰਮ ਰਖਦੀਆਂ ਹਨ। ਇਸ ਨਾਲ ਹੀ ਸਰੀਰ ਨੂੰ ਅੰਦਰੋਂ ਗਰਮ ਰੱਖਣ ਲਈ ਖਾਣ-ਪੀਣ ਵਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਡਾਈਟ ਵਿਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਨ੍ਹਾਂ ਦੀ ਤਾਸੀਰ ਗਰਮ ਹੋਵੇ। ਆਉ ਜਾਣਦੇ ਹਾਂ ਇਸ ਮੌਸਮ ਵਿਚ ਗਰਮ ਤਾਸੀਰ ਦੇ ਕਿਹੜੇ ਖਾਧ ਪਦਾਰਥ ਹਨ, ਜੋ ਤੁਹਾਡੇ ਸਰੀਰ ਨੂੰ ਅੰਦਰ ਤੋਂ ਗਰਮ ਰੱਖਣ ਦਾ ਕੰਮ ਕਰਨਗੇ।

ਸ਼ਹਿਦ ਵਿਚ ਕਈ ਅਜਿਹੇ ਪੋਸ਼ਕ ਤੱਤ ਕਾਫ਼ੀ ਮਾਤਰਾ ਵਿਚ ਮਿਲ ਜਾਂਦੇ ਹਨ ਜੋ ਤੁਹਾਡੇ ਸਰੀਰ ਨੂੰ ਊਰਜਾ ਦਿੰਦੇ ਹਨ। ਸ਼ਹਿਦ ਸਾਡੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਹੀ ਇਹ ਗਲੇ ਦੀ ਖ਼ਰਾਸ਼ ਨੂੰ ਦੂਰ ਕਰਦਾ ਹੈ ਅਤੇ ਸਰਦੀਆਂ ਦੀਆਂ ਆਮ ਸਮੱਸਿਆਵਾਂ ਨਾਲ ਲੜਨ ਵਿਚ ਵੀ ਮਦਦ ਕਰਦਾ ਹੈ।

ਸਰਦੀਆਂ ਵਿਚ ਤੁਹਾਨੂੰ ਅਪਣੇ ਭੋਜਨ ਵਿਚ ਦੇਸੀ ਘਿਉ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਹ ਤੁਹਾਡੇ ਸਰੀਰ ਦੀ ਗਰਮੀ ਅਤੇ ਤਾਪਮਾਨ ਨੂੰ ਸੰਤੁਲਿਤ ਕਰਨ ਵਿਚ ਮਦਦ ਕਰਦਾ ਹੈ ਕਿਉਂਕਿ ਇਸ ਵਿਚ ਫ਼ੈਟੀ ਐਸਿਡ ਕਾਫ਼ੀ ਮਾਤਰਾ ਵਿਚ ਮਿਲ ਜਾਂਦੇ ਹਨ।

ਗੁੜ ਵਿਚ ਕਾਫ਼ੀ ਮਾਤਰਾ ਵਿਚ ਕੈਲੋਰੀ ਹੁੰਦੀ ਹੈ। ਇਹ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰੀਰ ਨੂੰ ਗਰਮ ਰੱਖਣ ਲਈ ਮਿੱਠੇ ਪਕਵਾਨਾਂ ਵਿਚ ਗੁੜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਰਦੀਆਂ ਵਿਚ ਤਿਲ ਨੂੰ ਕਈ ਤਰੀਕਿਆਂ ਨਾਲ ਡਾਈਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਖ਼ਾਸ ਤੌਰ ’ਤੇ ਇਸ ਦੀ ਵਰਤੋਂ ਮਠਿਆਈ ਬਣਾਉਣ ਵਿਚ ਬਹੁਤ ਕੀਤੀ ਜਾਂਦੀ ਹੈ। ਤਿਲ ਨੂੰ ਸਰਦੀਆਂ ਵਿਚ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਤਿਲ ਤੁਹਾਡੇ ਸਰੀਰ ਨੂੰ ਗਰਮ ਰਖਦੇ ਹਨ। 

ਦਾਲਚੀਨੀ ਵਿਚ ਐਂਟੀ-ਆਕਸੀਡੈਂਟ ਅਤੇ ਐਂਟੀਬਾਇਉਟਿਕ ਗੁਣ ਹੁੰਦੇ ਹਨ। ਤੁਸੀਂ ਇਸ ਨੂੰ ਕਿਸੇ ਵੀ ਮਿੱਠੇ ਪਕਵਾਨ, ਨਮਕੀਨ, ਬੇਕਿੰਗ ਅਤੇ ਸਨੈਕਸ ਵਿਚ ਪਾ ਸਕਦੇ ਹੋ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਦਾਲਚੀਨੀ ਦਾ ਪਾਣੀ ਪੀਣ ਨਾਲ ਸਰਦੀਆਂ ਵਿਚ ਖੰਘ ਵੀ ਠੀਕ ਹੋ ਜਾਂਦੀ ਹੈ।