ਦੁਨੀਆਂ ਭਰ ’ਚ ਇਕ ਅਰਬ ਤੋਂ ਜ਼ਿਆਦਾ ਲੋਕ ਮੋਟਾਪੇ ਦੇ ਸ਼ਿਕਾਰ ਹਨ: ਲੈਂਸੇਟ ਅਧਿਐਨ 

ਏਜੰਸੀ

ਜੀਵਨ ਜਾਚ, ਸਿਹਤ

2022 ’ਚ ਭਾਰਤ ’ਚ 12.5 ਕਰੋੜ ਬੱਚੇ, ਨਾਬਾਲਗ ਮੋਟਾਪੇ ਤੋਂ ਪੀੜਤ

Representative Image.

ਨਵੀਂ ਦਿੱਲੀ: ਇਕ ਨਵੀਂ ਰੀਪੋਰਟ ਮੁਤਾਬਕ ਦੁਨੀਆਂ ਭਰ ’ਚ ਮੋਟਾਪੇ ਤੋਂ ਪੀੜਤ ਬੱਚਿਆਂ, ਨਾਬਾਲਗਾਂ ਅਤੇ ਬਾਲਗਾਂ ਦੀ ਕੁਲ ਗਿਣਤੀ ਇਕ ਅਰਬ ਨੂੰ ਪਾਰ ਕਰ ਗਈ ਹੈ। ਇਹ ਜਾਣਕਾਰੀ ‘ਦਿ ਲੈਂਸੇਟ’ ਰਸਾਲੇ ’ਚ ਪ੍ਰਕਾਸ਼ਿਤ ਇਕ ਆਲਮੀ ਵਿਸ਼ਲੇਸ਼ਣ ’ਚ ਦਿਤੀ ਗਈ। ਖੋਜਕਰਤਾਵਾਂ ਨੇ ਕਿਹਾ ਕਿ 1990 ਤੋਂ ਬਾਅਦ ਤੋਂ ਆਮ ਤੋਂ ਘੱਟ ਭਾਰ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਜ਼ਿਆਦਾਤਰ ਦੇਸ਼ਾਂ ਵਿਚ ਮੋਟਾਪਾ ਕੁਪੋਸ਼ਣ ਦਾ ਸੱਭ ਤੋਂ ਆਮ ਰੂਪ ਬਣ ਗਿਆ ਹੈ। ਮੋਟਾਪਾ ਅਤੇ ਘੱਟ ਭਾਰ ਦੋਵੇਂ ਕੁਪੋਸ਼ਣ ਦੇ ਰੂਪ ਹਨ ਅਤੇ ਕਈ ਤਰੀਕਿਆਂ ਨਾਲ ਲੋਕਾਂ ਦੀ ਸਿਹਤ ਲਈ ਨੁਕਸਾਨਦੇਹ ਹਨ। 

ਐਨ.ਸੀ.ਡੀ. ਜੋਖਮ ਕਾਰਕ ਸਹਿਯੋਗ (ਐਨ.ਸੀ.ਡੀ.-ਰਿਸਕ) ਦੇ ਵਿਸ਼ਲੇਸ਼ਣ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਗਲੋਬਲ ਅੰਕੜਿਆਂ ਅਨੁਸਾਰ, ਦੁਨੀਆਂ ਭਰ ਦੇ ਬੱਚਿਆਂ ਅਤੇ ਨਾਬਾਲਗਾਂ ’ਚ ਮੋਟਾਪੇ ਦੀ ਦਰ 1990 ਦੀ ਦਰ ਨਾਲੋਂ 2022 ’ਚ ਚਾਰ ਗੁਣਾ ਵੱਧ ਗਈ। 

ਅਧਿਐਨ ਵਿਚ ਕਿਹਾ ਗਿਆ ਹੈ ਕਿ ਬਾਲਗਾਂ ਵਿਚ ਮੋਟਾਪੇ ਦੀ ਦਰ ਔਰਤਾਂ ਵਿਚ ਦੁੱਗਣੀ ਤੋਂ ਵੱਧ ਅਤੇ ਮਰਦਾਂ ਵਿਚ ਲਗਭਗ ਤਿੰਨ ਗੁਣਾ ਵੱਧ ਹੈ। ਅਧਿਐਨ ਦੇ ਅਨੁਸਾਰ, 2022 ’ਚ 15 ਕਰੋੜ ਬੱਚੇ ਅਤੇ ਨਾਬਾਲਗ ਅਤੇ 87 ਕਰੋੜ ਬਾਲਗ ਮੋਟਾਪੇ ਤੋਂ ਪੀੜਤ ਸਨ। ਅਧਿਐਨ ਮੁਤਾਬਕ 1990 ਤੋਂ 2022 ਤਕ ਦੁਨੀਆਂ ’ਚ ਘੱਟ ਭਾਰ ਵਾਲੇ ਬੱਚਿਆਂ ਅਤੇ ਨਾਬਾਲਗਾਂ ਦੀ ਗਿਣਤੀ ’ਚ ਕਮੀ ਆਈ ਹੈ। ਇਸੇ ਸਮੇਂ ਦੌਰਾਨ ਦੁਨੀਆਂ ਭਰ ’ਚ ਘੱਟ ਭਾਰ ਵਾਲੇ ਬਾਲਗਾਂ ਦਾ ਅਨੁਪਾਤ ਅੱਧੇ ਤੋਂ ਵੱਧ ਘੱਟ ਗਿਆ ਹੈ। 

ਇਕ ਨਵੇਂ ਅਧਿਐਨ ਮੁਤਾਬਕ 2022 ’ਚ ਭਾਰਤ ’ਚ 5 ਤੋਂ 19 ਸਾਲ ਦੀ ਉਮਰ ਦੇ ਕਰੀਬ 1.25 ਕਰੋੜ ਬੱਚੇ ਅਤੇ ਨਾਬਾਲਗ ਮੋਟਾਪੇ ਦੇ ਸ਼ਿਕਾਰ ਸਨ। ਇਹ ਜਾਣਕਾਰੀ ‘ਦਿ ਲੈਂਸੇਟ’ ਮੈਗਜ਼ੀਨ ’ਚ ਪ੍ਰਕਾਸ਼ਿਤ ਇਕ ਗਲੋਬਲ ਵਿਸ਼ਲੇਸ਼ਣ ’ਚ ਦਿਤੀ ਗਈ। ਅਧਿਐਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ 1.25 ਕਰੋੜ ਲੋਕਾਂ ’ਚੋਂ 73 ਲੱਖ ਮੁੰਡੇ ਅਤੇ 52 ਲੱਖ ਕੁੜੀਆਂ ਹਨ। ਦੁਨੀਆਂ ਭਰ ’ਚ ਮੋਟੇ ਬੱਚਿਆਂ, ਕਿਸ਼ੋਰਾਂ ਅਤੇ ਬਾਲਗਾਂ ਦੀ ਕੁਲ ਗਿਣਤੀ ਇਕ ਅਰਬ ਤੋਂ ਵੱਧ ਹੋ ਗਈ ਹੈ। 

ਤਾਜ਼ਾ ਅਧਿਐਨ ਪਿਛਲੇ 33 ਸਾਲਾਂ ’ਚ ਕੁਪੋਸ਼ਣ ਦੇ ਦੋਹਾਂ ਰੂਪਾਂ ’ਚ ਵਿਸ਼ਵਵਿਆਪੀ ਰੁਝਾਨਾਂ ਦੀ ਵਿਆਪਕ ਤਸਵੀਰ ਪ੍ਰਦਾਨ ਕਰਦਾ ਹੈ। ਬਰਤਾਨੀਆਂ ਦੇ ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਮਾਜਿਦ ਇਜ਼ਤੀ ਨੇ ਕਿਹਾ, ‘‘ਇਹ ਬਹੁਤ ਚਿੰਤਾਜਨਕ ਹੈ ਕਿ ਮੋਟਾਪੇ ਦੀ ਮਹਾਂਮਾਰੀ ਜੋ 1990 ਦੇ ਦਹਾਕੇ ’ਚ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ’ਚ ਬਾਲਗਾਂ ’ਚ ਸੱਭ ਤੋਂ ਵੱਧ ਵਿਖਾਈ ਦਿੰਦੀ ਸੀ, ਹੁਣ ਸਕੂਲ ਜਾਣ ਵਾਲੇ ਬੱਚਿਆਂ ਅਤੇ ਨਾਬਾਲਗਾਂ ’ਚ ਵੀ ਪ੍ਰਗਟ ਹੋ ਰਹੀ ਹੈ। ਇਸ ਤੋਂ ਇਲਾਵਾ, ਕਰੋੜਾਂ ਲੋਕ ਅਜੇ ਵੀ ਕੁਪੋਸ਼ਣ ਤੋਂ ਪੀੜਤ ਹਨ, ਖ਼ਾਸਕਰ ਦੁਨੀਆਂ ਦੇ ਕੁੱਝ ਗਰੀਬ ਹਿੱਸਿਆਂ ਵਿੱਚ। ਕੁਪੋਸ਼ਣ ਦੀਆਂ ਦੋਹਾਂ ਕਿਸਮਾਂ ਨਾਲ ਸਫਲਤਾਪੂਰਵਕ ਨਜਿੱਠਣ ਲਈ, ਇਹ ਮਹੱਤਵਪੂਰਨ ਹੈ ਕਿ ਅਸੀਂ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਅਤੇ ਸਮਰੱਥਾ ਨੂੰ ਵਧਾਈਏ।’’