ਹੁਣ ਅੱਖਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਨ ਲਗੀਆਂ ਰੀਲਾਂ, ਡਾਕਟਰਾਂ ਨੇ ਜਾਰੀ ਕੀਤੀ ਤੁਰਤ ਚੇਤਾਵਨੀ
ਨਿਰੰਤਰ ਸਕ੍ਰੀਨ ਵੇਖਣਾ ਅੱਖਾਂ ਝਪਕਣ ਦੀ ਦਰ ਨੂੰ 50 ਫ਼ੀ ਸਦੀ ਤਕ ਘਟਾ ਦਿੰਦਾ ਹੈ ਜਿਸ ਨਾਲ ਡਰਾਈ-ਆਈ ਸਿੰਡਰੋਮ ਹੁੰਦਾ ਹੈ
ਨਵੀਂ ਦਿੱਲੀ : ਮਾਨਸਿਕ ਸਿਹਤ ’ਤੇ ਛੋਟੀਆਂ ਵੀਡੀਉ ਦੇ ਅਸਰ ਬਾਰੇ ਚਿੰਤਾਵਾਂ ਤੋਂ ਬਾਅਦ, ਡਾਕਟਰ ਹੁਣ ਇਕ ਨਵੇਂ ਵਧ ਰਹੇ ਸੰਕਟ ਬਾਰੇ ਚੇਤਾਵਨੀ ਦੇ ਰਹੇ ਹਨ - ਰੀਲਾਂ ਵੇਖਣ ਕਾਰਨ ਅੱਖਾਂ ਨੂੰ ਨੁਕਸਾਨ। ਇੰਸਟਾਗ੍ਰਾਮ, ਟਿਕਟਾਕ, ਫੇਸਬੁੱਕ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਮੰਚਾਂ ’ਤੇ ਜ਼ਿਆਦਾ ਸਕ੍ਰੀਨ ਟਾਈਮ, ਖਾਸ ਤੌਰ ’ਤੇ ਰੀਲਾਂ ਵੇਖਣ ਨਾਲ ਸਾਰੇ ਉਮਰ ਸਮੂਹਾਂ, ਖਾਸ ਕਰ ਕੇ ਬੱਚਿਆਂ ਅਤੇ ਨੌਜੁਆਨਬਾਲਗਾਂ ’ਚ ਅੱਖਾਂ ਦੀਆਂ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ।
ਇਹ ਜਾਣਕਾਰੀ ਏਸ਼ੀਆ ਪੈਸੀਫਿਕ ਅਕੈਡਮੀ ਆਫ ਓਪਥਲਮੋਲੋਜੀ ਅਤੇ ਆਲ ਇੰਡੀਆ ਓਪਥਲਮੋਲੋਜੀਕਲ ਸੁਸਾਇਟੀ ਦੀ ਮੰਗਲਵਾਰ ਨੂੰ ਯਸ਼ੋਭੂਮੀ - ਇੰਡੀਆ ਇੰਟਰਨੈਸ਼ਨਲ ਕਨਵੈਨਸ਼ਨ ਐਂਡ ਐਕਸਪੋ ਸੈਂਟਰ ਵਿਖੇ ਚੱਲ ਰਹੀ ਸਾਂਝੀ ਮੀਟਿੰਗ ਦੌਰਾਨ ਅੱਖਾਂ ਦੇ ਪ੍ਰਮੁੱਖ ਮਾਹਰਾਂ ਨੇ ਸਾਂਝੀ ਕੀਤੀ।
ਏਸ਼ੀਆ ਪੈਸੀਫਿਕ ਅਕੈਡਮੀ ਆਫ ਓਪਥਲਮੋਲੋਜੀ (ਏ.ਪੀ.ਏ.ਓ.) 2025 ਕਾਂਗਰਸ ਦੇ ਪ੍ਰਧਾਨ ਡਾ. ਲਲਿਤ ਵਰਮਾ ਨੇ ਬਹੁਤ ਜ਼ਿਆਦਾ ਸਕ੍ਰੀਨ ਵੇਖਣ ਕਾਰਨ ਡਿਜੀਟਲ ਅੱਖਾਂ ਦੇ ਤਣਾਅ ਦੀ ਚੁੱਪ ਮਹਾਂਮਾਰੀ ਵਿਰੁਧ ਸਖਤ ਚੇਤਾਵਨੀ ਜਾਰੀ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਡਰਾਈ ਆਈ ਸਿੰਡਰੋਮ, ਮਾਇਓਪੀਆ, ਪ੍ਰੋਗਰੈਸ਼ਨ ਦੇ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਵੇਖ ਰਹੇ ਹਾਂ, ਖ਼ਾਸਕਰ ਉਨ੍ਹਾਂ ਬੱਚਿਆਂ ’ਚ ਜੋ ਘੰਟਿਆਂ ਬੱਧੀ ਰੀਲ ਵੇਖਣ ’ਚ ਬਿਤਾਉਂਦੇ ਹਨ।’’
ਉਨ੍ਹਾਂ ਕਿਹਾ, ‘‘ਇਕ ਵਿਦਿਆਰਥੀ ਹਾਲ ਹੀ ’ਚ ਅੱਖਾਂ ’ਚ ਲਗਾਤਾਰ ਜਲਣ ਅਤੇ ਧੁੰਦਲੀ ਨਜ਼ਰ ਦੀ ਸ਼ਿਕਾਇਤ ਕਰ ਕੇ ਸਾਡੇ ਕੋਲ ਆਇਆ ਸੀ। ਜਾਂਚ ਤੋਂ ਬਾਅਦ ਅਸੀਂ ਪਾਇਆ ਕਿ ਘਰ ’ਚ ਲੰਮੇ ਸਮੇਂ ਤਕ ਸਕ੍ਰੀਨ ਟਾਈਮ ਬਿਤਾਉਣ ਕਾਰਨ ਉਸ ਦੀਆਂ ਅੱਖਾਂ ਕਾਫ਼ੀ ਹੰਝੂ ਪੈਦਾ ਨਹੀਂ ਕਰ ਰਹੀਆਂ ਸਨ। ਉਸ ਨੂੰ ਤੁਰਤ ਅੱਖਾਂ ਦੀਆਂ ਬੂੰਦਾਂ ਦਿਤੀਆਂ ਗਈਆਂ ਅਤੇ 20-20-20 ਨਿਯਮ ਦੀ ਪਾਲਣਾ ਕਰਨ ਦੀ ਸਲਾਹ ਦਿਤੀ ਗਈ- ਯਾਨੀਕਿ ਹਰ 20 ਮਿੰਟ ਬਾਅਦ 20 ਸਕਿੰਟ ਦਾ ਬ੍ਰੇਕ ਲੈ ਕੇ 20 ਫੁੱਟ ਦੂਰ ਕਿਸੇ ਚੀਜ਼ ਨੂੰ ਵੇਖਣਾ।’’
ਹਰਬੰਸ ਲਾਲ ਚੇਅਰਮੈਨ ਪ੍ਰਬੰਧਕ ਕਮੇਟੀ ਅਤੇ ਆਲ ਇੰਡੀਆ ਓਪਥਲਮੋਲੋਜੀਕਲ ਸੁਸਾਇਟੀ ਦੇ ਪ੍ਰਧਾਨ ਨੇ ਇਸ ਮੁੱਦੇ ਦੀ ਗੰਭੀਰਤਾ ਬਾਰੇ ਦਸਿਆ। ਉਨ੍ਹਾਂ ਕਿਹਾ ਕਿ ਇਹ ਨਿਰੰਤਰ ਸਕ੍ਰੀਨ ਵੇਖਣਾ ਅੱਖਾਂ ਝਪਕਣ ਦੀ ਦਰ ਨੂੰ 50 ਫ਼ੀ ਸਦੀ ਤਕ ਘਟਾ ਦਿੰਦਾ ਹੈ ਜਿਸ ਨਾਲ ਡਰਾਈ-ਆਈ ਸਿੰਡਰੋਮ ਹੁੰਦਾ ਹੈ ਅਤੇ ਨੇੜੇ ਤੇ ਦੂਰ ਦੀਆਂ ਵਸਤੂਆਂ ਵਿਚਕਾਰ ਫੋਕਸ ਬਦਲਣ ’ਚ ਮੁਸ਼ਕਲ ਹੁੰਦੀ ਹੈ। ਮਾਹਰਾਂ ਨੇ ਚੇਤਾਵਨੀ ਦਿਤੀ ਹੈ ਕਿ ਜੇ ਇਹ ਆਦਤ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹੀ ਤਾਂ ਇਸ ਦੇ ਨਤੀਜੇ ਵਜੋਂ ਲੰਮੇ ਸਮੇਂ ਤਕ ਨਜ਼ਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਅੱਖਾਂ ’ਚ ਸਥਾਈ ਰੂਪ ’ਚ ਖ਼ਰਾਬ ਵੀ ਹੋ ਸਕਦੀਆਂ ਹਨ।
ਡਾ. ਲਾਲ ਨੇ ਅੱਗੇ ਕਿਹਾ ਕਿ ਜਿਹੜੇ ਬੱਚੇ ਰੋਜ਼ਾਨਾ ਘੰਟਿਆਂ ਬੱਧੀ ਰੀਲਾਂ ਨਾਲ ਚਿਪਕੇ ਰਹਿੰਦੇ ਹਨ, ਉਨ੍ਹਾਂ ਨੂੰ ਜਲਦੀ ਮਾਇਓਪੀਆ ਹੋਣ ਦਾ ਖਤਰਾ ਹੁੰਦਾ ਹੈ ਜੋ ਪਹਿਲਾਂ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਬਾਲਗਾਂ ਨੂੰ ਵੀ ਅਕਸਰ ਸਿਰ ਦਰਦ, ਮਾਈਗ੍ਰੇਨ ਅਤੇ ਨੀਲੀ ਰੋਸ਼ਨੀ ਦੇ ਸੰਪਰਕ ’ਚ ਆਉਣ ਕਾਰਨ ਨੀਂਦ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਅਧਿਐਨਾਂ ਅਨੁਸਾਰ 2050 ਤਕ ਵਿਸ਼ਵ ਦੀ 50 ਫ਼ੀ ਸਦੀ ਤੋਂ ਵੱਧ ਆਬਾਦੀ ਮਾਇਓਪਿਕ ਹੋਵੇਗੀ ਜੋ ਕਿ ਅਸਥਿਰ ਅੰਨ੍ਹੇਪਣ ਦਾ ਸੱਭ ਤੋਂ ਆਮ ਕਾਰਨ ਹੈ।
ਲਾਲ ਨੇ ਕਿਹਾ ਕਿ ਹੁਣ ਸਕ੍ਰੀਨ ਟਾਈਮ ਵਧਣ ਨਾਲ ਅਸੀਂ 30 ਸਾਲ ਦੀ ਉਮਰ ਤਕ ਲੈਂਜ਼ ਨੰਬਰ ’ਚ ਉਤਰਾਅ-ਚੜ੍ਹਾਅ ਵੇਖ ਰਹੇ ਹਾਂ, ਜੋ ਕੁੱਝ ਦਹਾਕੇ ਪਹਿਲਾਂ 21 ਸੀ। ਡਾਕਟਰ ਲਾਲ ਨੇ ਚੇਤਾਵਨੀ ਦਿਤੀ ਕਿ ਰੀਲਾਂ ਛੋਟੀਆਂ ਹੋ ਸਕਦੀਆਂ ਹਨ ਪਰ ਅੱਖਾਂ ਦੀ ਸਿਹਤ ’ਤੇ ਉਨ੍ਹਾਂ ਦਾ ਅਸਰ ਜੀਵਨ ਭਰ ਰਹਿ ਸਕਦਾ ਹੈ।