ਗਰਮੀਆਂ ਵਿਚ ਜ਼ਰੂਰ ਪੀਉ ਠੰਢਾ ਦੁੱਧ, ਹੋਣਗੇ ਕਈ ਫ਼ਾਇਦੇ
ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਢੇ ਦੁੱਧ ਵਿਚ ਦੋ ਚੱਮਚ ਇਸਬਗੋਲ ਮਿਲਾ ਕੇ ਪੀਉ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।
ਮੁਹਾਲੀ : ਗਰਮੀਆਂ ਦੇ ਮੌਸਮ ਵਿਚ ਹਰ ਕਿਸੇ ਦਾ ਠੰਢਾ ਖਾਣ ਜਾਂ ਪੀਣ ਦਾ ਮਨ ਕਰਦਾ ਹੈ ਤਾਂ ਇਸ ਲਈ ਤੁਸੀਂ ਠੰਢੇ ਦੁੱਧ ਨੂੰ ਵੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਠੰਢਾ ਦੁੱਧ ਪੀਣ ਨਾਲ ਜਿਥੇ ਐਸਿਡਿਟੀ ਤੋਂ ਤੁਰਤ ਰਾਹਤ ਮਿਲਦੀ ਹੈ, ਮੋਟਾਪਾ ਘੱਟ ਹੁੰਦਾ ਹੈ, ਉਥੇ ਹੀ ਠੰਢਾ ਦੁੱਧ ਸਰੀਰ ਦੀ ਚਮੜੀ ਨੂੰ ਨਰਮ ਕਰਨ ਲਈ ਵੀ ਵਰਤਿਆ ਜਾਂਦਾ ਹੈ।
ਐਸੀਡਿਟੀ ਦੌਰਾਨ ਢਿੱਡ ਵਿਚ ਜਲਣ ਤੋਂ ਬਚਣ ਲਈ ਠੰਢਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੁੱਧ ਵਿਚ ਲੈਕਟਿਕ ਐਸਿਡ ਹੁੰਦਾ ਹੈ ਜੋ ਢਿੱਡ ਦੀ ਐਸੀਡਿਟੀ ਨੂੰ ਸ਼ਾਂਤ ਕਰਦਾ ਹੈ। ਇਸ ਨਾਲ ਹੀ ਦੁੱਧ ਵਿਚ ਮੌਜੂਦ ਕੈਲਸ਼ੀਅਮ ਐਸਿਡ ਬਣਨ ਨੂੰ ਰੋਕਦਾ ਹੈ। ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਖਾਣੇ ਤੋਂ ਬਾਅਦ ਠੰਢੇ ਦੁੱਧ ਵਿਚ ਦੋ ਚੱਮਚ ਇਸਬਗੋਲ ਮਿਲਾ ਕੇ ਪੀਉ ਇਸ ਨਾਲ ਐਸੀਡਿਟੀ ਨਹੀਂ ਹੋਵੇਗੀ।
ਕਈ ਲੋਕਾਂ ਨੂੰ ਵਾਰ-ਵਾਰ ਭੁੱਖ ਲਗਦੀ ਹੈ ਅਤੇ ਖਾਣਾ ਖਾਣ ਤੋਂ ਬਾਅਦ ਵੀ ਭੁੱਖ ਨਹੀਂ ਮਿਟਦੀ ਤਾਂ ਅਜਿਹੇ ਵਿਚ ਭੁੱਖ ਨੂੰ ਮਿਟਾਉਣ ਲਈ ਠੰਢੇ ਦੁੱਧ ਦਾ ਸੇਵਨ ਕਰੋ। ਇਸ ਨਾਲ ਤੁਸੀਂ ਵਾਰ-ਵਾਰ ਕੁੱਝ ਖਾਣ ਤੋਂ ਬਚੋਗੇ ਤੇ ਅਪਣਾ ਮੋਟਾਪਾ ਵੀ ਘੱਟ ਕਰ ਸਕੋਗੇ। ਇਸ ਤੋਂ ਇਲਾਵਾ ਠੰਢਾ ਦੁੱਧ ਸਰੀਰ ਦੇ ਤਾਪਮਾਨ ਨੂੰ ਨਾਰਮਲ ਰੱਖਣ ਵਿਚ ਵੀ ਮਦਦ ਕਰਦਾ ਹੈ।
ਦੁੱਧ ਵਿਚ ਮੌਜੂਦ ਲੈਕਟਿਕ ਐਸਿਡ ਤੱਤ ਚਮੜੀ ਨੂੰ ਐਕਸਫ਼ੋਲੇਟ ਕਰਦੇ ਹਨ ਅਤੇ ਚਮੜੀ ਦੀ ਸੁੰਦਰਤਾ ਨੂੰ ਵਧਾਉਣ ’ਚ ਮਦਦ ਕਰਦੇ ਹਨ। ਇਸ ਨਾਲ ਖ਼ੂਨ ਦੇ ਗੇੜ ਵਿਚ ਸੁਧਾਰ ਆਉਂਦਾ ਹੈ ਅਤੇ ਚਮੜੀ ਤੋਂ ਵਧੇਰੇ ਤੇਲ ਕੱਢ ਕੇ ਚਮੜੀ ਨੂੰ ਸੁੰਦਰ ਅਤੇ ਨਰਮ ਬਣਾਉਂਦਾ ਹੈ।