ਕੁਪੋਸ਼ਣ ਨਾਲ ਜੂਝਦਾ ਭਾਰਤ.. ਮੋਟਾਪੇ ਨਾਲ ਜੂਝਦਾ ਭਾਰਤ
ਜੰਕ ਫ਼ੂਡ ਨਾਲ ਵਿਗੜ ਰਹੀ ਭਾਰਤ ਵਾਸੀਆਂ ਦੀ ਸਿਹਤ : ਆਰਥਕ ਸਰਵੇਖਣ
ਨਵੀਂ ਦਿੱਲੀ (ਕਮਲ ਦੁਸਾਂਝ) : ਭਾਰਤ ਦੀ ਸਿਹਤ ਦਿਨੋਂ ਦਿਨ ਨਾਸਾਜ਼ ਹੁੰਦੀ ਜਾ ਰਹੀ ਹੈ। ਇਹ ਵਿਡੰਬਨਾ ਹੀ ਕਹੀ ਜਾ ਸਕਦੀ ਹੈ ਕਿ ਇਕ ਪਾਸੇ ਭਾਰਤ ਕੁਪੋਸ਼ਣ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਮੋਟਾਪੇ ਨਾਲ। ਭਾਰਤ ਦੇ ਆਰਥਕ ਸਰਵੇਖਣ ਵਿਚ ਵੀ ਇਸ ਗੱਲ ਉਪਰ ਚੌਖੀ ਚਿੰਤਾ ਜ਼ਾਹਰ ਕੀਤੀ ਗਈ ਹੈ। ਕੇਂਦਰ ਸਰਕਾਰ ਮੋਟਾਪੇ ਨਾਲ ਨਜਿੱਠਣ ਲਈ ਜੰਕ ਫੂਡ ਦੇ ਇਸ਼ਤਿਹਾਰਾਂ ’ਤੇ ਰੋਕ ਲਾਉਣ ਬਾਰੇ ਵਿਚਾਰ ਕਰ ਰਹੀ ਹੈ ਤੇ ਇਸ ਬਜਟ ਵਿਚ ਇਸ ਉਤੇ ਫ਼ੈਸਲਾ ਆ ਸਕਦਾ ਹੈ।
ਆਰਥਕ ਸਰਵੇਖਣ ਵਿਚ ਚਿਤਾਵਨੀ ਦਿਤੀ ਗਈ ਹੈ ਕਿ ਪਿਛਲੇ 25 ਕੁ ਵਰਿ੍ਹਆਂ ਤੋਂ ਮੋਟਾਪਾ ਤੇਜ਼ੀ ਨਾਲ ਵਧਿਆ ਹੈ, ਖਾਸ ਕਰਕੇ ਸ਼ਹਿਰੀ ਬਾਲਗਾਂ ਅਤੇ ਬੱਚਿਆਂ ਵਿਚ। ਇਸ ਦਾ ਮੁੱਖ ਕਾਰਨ ਅਲਟਰਾ-ਪ੍ਰੋਸੈਸਡ ਭੋਜਨ (ਜੰਕ ਫੂਡ, ਫਾਸਟ ਫੂਡ, ਮਿਠਾਈਆਂ, ਸਾਫਟ ਡਰਿੰਕਸ) ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਹੈ। ਖ਼ੈਰ, ਕੁਝ ਮਾਮਲਿਆਂ ਵਿਚ ਜੈਨੇਟਿਕ ਕਾਰਕ ਵੀ ਹੋ ਸਕਦੇ ਹਨ। ਹਾਲੀਆ ਰਿਪੋਰਟਾਂ ਅਨੁਸਾਰ ਲਗਭਗ 23-24 ਫ਼ੀਸਦ ਔਰਤਾਂ ਅਤੇ 22-23 ਫ਼ੀਸਦ ਮਰਦ ਜ਼ਿਆਦਾ ਭਾਰ/ਮੋਟੇਪਣ ਦੀ ਸ਼੍ਰੇਣੀ ਵਿਚ ਆਉਂਦੇ ਹਨ। ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਵੱਧ ਭਾਰ ਦੀ ਦਰ 2.1 ਫ਼ੀਸਦ ਤੋਂ ਵਧ ਕੇ 3.4 ਫ਼ੀਸਦ ਹੋ ਗਈ ਹੈ।
ਨੌਜਵਾਨਾਂ ਵਿਚੋਂ ਮੁੰਡਿਆਂ ਵਿਚ 288 ਫ਼ੀਸਦ ਅਤੇ ਕੁੜੀਆਂ ਵਿਚ 125 ਫ਼ੀਸਦ ਵਾਧਾ ਹੋਇਆ ਹੈ। ਭਾਰਤ ਵਿਚ 2030 ਤਕ 27 ਲੱਖ ਤੋਂ ਵੱਧ ਬੱਚੇ ਅਤੇ ਨੌਜਵਾਨ ਮੋਟਾਪੇ ਦੇ ਪੀੜਤ ਹੋ ਸਕਦੇ ਹਨ। ਮੋਟਾਪਾ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਦਿਲ ਦੇ ਰੋਗਾਂ, ਕੈਂਸਰ, ਜੋੜਾਂ ਦਾ ਦਰਦ ਅਤੇ ਗਠੀਆ ਵਰਗੀਆਂ ਬਿਮਾਰੀਆਂ ਦੇ ਨਾਲ-ਨਾਲ ਮਾਨਿਸਕ ਸਮੱਸਿਆਵਾਂ (ਡਿਪਰੈਸ਼ਨ, ਘੱਟ ਆਤਮ-ਵਿਸ਼ਵਾਸ) ਵੀ ਦੇ ਰਿਹਾ ਹੈ। ਦੂਜੇ ਪਾਸੇ ਜੇਕਰ ਕੁਪੋਸ਼ਣ ਦੀ ਗੱਲ ਕਰੀਏ ਤਾਂ ਅੱਜ ਵੀ ਭਾਰਤ ਲਈ ਇਹ ਸਿਰਦਰਦੀ ਹੀ ਕਹੀ ਜਾ ਸਕਦੀ ਹੈ।
ਤਾਜ਼ਾ ਅੰਕੜੇ ਮੁੱਖ ਤੌਰ ’ਤੇ ਐਨਐਫਐਚਐਸ-5 ਅਤੇ 2025 ਗਲੋਬਲ ਹੰਗਰ ਇੰਡੈਕਸ (ਜੀਐਚਆਈ) ਦੇ ਹਨ ਜਿਨ੍ਹਾਂ ਮੁਤਾਬਕ 5 ਸਾਲ ਤੋਂ ਘੱਟ ਉਮਰ ਦੇ ਇਕ ਤਿਹਾਈ 33 ਫ਼ੀਸਦ ਬੱਚਿਆਂ ਦਾ ਕੱਦ ਛੋਟਾ, 19 ਫ਼ੀਸਦ ਬੱਚੇ ਬਹੁਤ ਪਤਲੇ ਅਤੇ 32 ਫ਼ੀਸਦ ਬੱਚਿਆਂ ਦਾ ਭਾਰ ਘੱਟ ਹੁੰਦਾ ਹੈ। ਲੋਕਾਂ ਵਿੱਚ ਭੁੱਖਮਰੀ/ਘੱਟ ਖੁਰਾਕ ਦਾ ਅੰਕੜਾ ਵੀ 12 ਫ਼ੀਸਦ ਹੈ। 5 ਸਾਲ ਤੋਂ ਘੱਟ ਬੱਚਿਆਂ ਦੀ ਮੌਤ ਦਰ 2.8 ਫ਼ੀਸਦ ਹੈ। ਭਾਰਤ ਦਾ ਗਲੋਬਲ ਹੰਗਰ ਇੰਡੈਕਸ 2025 ਵਿਚ ਸਕੋਰ 25.8 ਹੈ ਜੋ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਰੈਂਕ 102 (123 ਦੇਸ਼ਾਂ ਵਿਚੋਂ) ਹੈ।
ਜੰਕ ਫ਼ੂਡ ਦਾ ਵਧਦਾ-ਫੁਲਦਾ ਕਾਰੋਬਾਰ
ਭਾਰਤ ਵਿਚ ਜੰਕ ਫੂਡ ਕਾਰੋਬਾਰ ਵਿਚ ਘਰੇਲੂ ਕੰਪਨੀਆਂ ਅਤੇ ਗ਼ੈਰ-ਜਥੇਬੰਦ ਖੇਤਰ ਦਾ ਹਿੱਸਾ ਵਿਦੇਸ਼ੀ ਨਿਵੇਸ਼ ਨਾਲੋਂ ਵੱਧ ਹੈ। ਫੂਡ ਪ੍ਰੋਸੈਸਿੰਗ ਉਦਯੋਗ ਦਾ ਕੁੱਲ ਮੁੱਲ ਲਗਭਗ 389 ਅਰਬ ਡਾਲਰ ਹੈ, ਜਦੋਂ ਕਿ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਕੁੱਲ 13 ਅਰਬ ਡਾਲਰ ਹੈ। ਪਾਰਲੇ, ਬ੍ਰਿਟਾਨੀਆ ਅਤੇ ਹਲਦੀਰਾਮ ਵਰਗੀਆਂ ਘਰੇਲੂ ਕੰਪਨੀਆਂ ਪੈਕ ਕੀਤੇ ਜੰਕ ਫੂਡ ਮਾਰਕੀਟ ਵਿਚ ਵੱਡੀਆਂ ਖਿਡਾਰੀ ਹਨ। ਜਦੋਂ ਕਿ ਨੈਸਲੇ ਅਤੇ ਪੈਪਸੀਕੋ ਵਰਗੀਆਂ ਵਿਦੇਸ਼ੀ ਕੰਪਨੀਆਂ ਵੀ ਮੌਜੂਦ ਹਨ ਪਰ ਘੱਟ ਗਿਣਤੀ ਵਿਚ। ਗ਼ੈਰ-ਜਥੇਬੰਦ ਖੇਤਰ ਮਾਰਕੀਟ ਸ਼ੇਅਰ ਵਿਚ 80 ਫ਼ੀਸਦ ਹਿੱਸਾ ਰੱਖਦਾ ਹੈ, ਜੋ ਕਿ ਮੁੱਖ ਤੌਰ ’ਤੇ ਸਵਦੇਸ਼ੀ ਹੈ। ਜੰਕ ਫੂਡ (ਖਾਸ ਕਰਕੇ ਪੈਕ ਕੀਤੇ ਸਨੈਕਸ, ਨਮਕੀਨ, ਚਿਪਸ, ਖਾਣ ਲਈ ਤਿਆਰ ਜੰਕ ਫੂਡ ਦੇ ਕਾਰੋਬਾਰ ਵਿਚ ਗ਼ੈਰ-ਜਥੇਬੰਦ ਖੇਤਰ) ਦਾ ਦਬਦਬਾ ਬਹੁਤ ਜ਼ਿਆਦਾ ਹੈ। ਇਹ ਮੁੱਖ ਤੌਰ ’ਤੇ ਭਾਰਤੀ ਹੈ, ਕਿਉਂਕਿ ਇਸ ਵਿਚ ਛੋਟੇ ਸਥਾਨਕ ਨਿਰਮਾਤਾ, ਖੇਤਰੀ ਬ੍ਰਾਂਡ, ਸਥਾਨਕ ਵਿਕਰੇਤਾ ਅਤੇ ਗੈਰ-ਰਜਿਸਟਰਡ ਇਕਾਈਆਂ ਸ਼ਾਮਲ ਹਨ।