ਸਿਹਤ ਲਈ ਫ਼ਾਇਦੇਮੰਦ ਹੁੰਦੈ  ਗਰਮੀਆਂ 'ਚ ਨਿੰਬੂ ਪਾਣੀ ਪੀਣਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੁੱਝ ਲੋਕ ਨਿੰਬੂ ਨੂੰ ਸਲਾਦ ਤਾਂ ਕੁੱਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਵਰਤੋਂ ਕਰਦੇ ਹਨ।

Lemon Water

ਗਰਮੀ ਦੇ ਮੌਸਮ 'ਚ ਧੁੱਪ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਨੂੰ ਵਧੀਆ ਡ੍ਰਿੰਕ ਮੰਨਿਆ ਜਾਂਦਾ ਹੈ। ਕੁੱਝ ਲੋਕ ਨਿੰਬੂ ਨੂੰ ਸਲਾਦ ਤਾਂ ਕੁੱਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਵਰਤੋਂ ਕਰਦੇ ਹਨ। ਭਾਰ ਘਟਾਉਣ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤਕ ਇਹ ਗਰਮੀਆਂ 'ਚ ਰਾਮਬਾਣ ਮੰਨਿਆ ਜਾਂਦਾ ਹੈ। ਜਾਣਦੇ ਹਾਂ ਕਿਹੜੇ-ਕਿਹੜੇ ਹਨ ਨਿੰਬੂ ਪਾਣੀ ਪੀਣ ਦੇ ਫ਼ਾਇਦੇ
1. ਜ਼ਹਿਰੀਲੇ ਪਦਾਰਥ ਬਾਹਰ ਕੱਢੇ
ਸਰੀਰ 'ਚ ਜਮ੍ਹਾ ਜ਼ਹਿਰੀਲੇ ਪਦਾਰਥ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ। ਇਸ ਨਾਲ ਪੇਟ ਨਾਲ ਜੁੜੀਆਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਨਿੰਬੂ ਪਾਣੀ ਦੀ ਵਰਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰਨ ਨਾਲ ਸਾਰਾ ਦਿਨ ਪੇਟ ਸਿਹਤਮੰਦ ਰਹਿੰਦਾ ਹੈ। ਇਸ ਨਾਲ ਪਥਰੀ ਬਣਨ ਦੀ ਸਮੱਸਿਆ ਵੀ ਬਹੁਤ ਘੱਟ ਹੋ ਜਾਂਦੀ ਹੈ।
2. ਪਾਚਨ ਤੰਤਰ ਬਿਹਤਰ
ਪਾਚਨ ਤੰਤਰ ਖ਼ਰਾਬ ਹੋਵੇ ਤਾਂ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਰੀਰ 'ਚ ਕਮਜ਼ੋਰੀ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਲੋਕ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ ਉਨ੍ਹਾਂ ਨੂੰ ਨਿੰਬੂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪੇਟ ਦੀ ਸੋਜ, ਡਕਾਰ, ਜਲਣ ਅਤੇ ਗੈਸ ਤੋਂ ਰਾਹਤ ਦਿਵਾਉਂਦਾ ਹੈ।
3. ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਗਰਮੀ ਦੇ ਮੌਸਮ 'ਚ ਬਲੱਡ ਪ੍ਰੈਸ਼ਰ ਲੋਅ ਰਹਿਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਨਿੰਬੂ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਤਣਾਅ ਨੂੰ ਵੀ ਘੱਟ ਕਰਦਾ ਹੈ। ਚੱਕਰ ਅਤੇ ਉਲਟੀ ਆਉਣ 'ਤੇ ਵੀ ਨਿੰਬੂ ਪਾਣੀ ਫ਼ਾਇਦੇਮੰਦ ਰਹਿੰਦਾ ਹੈ। ਦਿਨ 'ਚ ਘੱਟ ਤੋਂ ਘੱਟ ਇਕ ਵਾਰ ਨਿੰਬੂ ਪਾਣੀ ਜ਼ਰੂਰ ਪੀਉ।
4. ਚਮੜੀ ਨੂੰ ਬਣਾਏ ਚਮਕਦਾਰ
ਚਮੜੀ ਦੀ ਸਮੱਸਿਆ ਮਤਲਬ ਤੇਲ ਵਾਲੀ ਚਮੜੀ, ਮੁਹਾਸੇ, ਕਾਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਇਹ ਦਾ ਬਿਹਤਰ ਉਪਾਅ ਹੈ ਨਿੰਬੂ ਪਾਣੀ। ਇਸ 'ਚ ਮੌਜੂਦ ਐਂਟੀਆਕਸੀਡੈਂਟ ਦੇ ਗੁਣ ਚਮੜੀ ਨੂੰ ਡਿਟਾਕਸ ਕਰਨ ਦਾ ਵੀ ਕੰਮ ਕਰਦੇ ਹਨ ਜਿਸ ਨਾਲ ਚਿਹਰੇ 'ਚ ਰੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ।
5. ਮਸੂੜਿਆਂ ਦੇ ਦਰਦ ਤੋਂ ਛੁਟਕਾਰਾ
ਜੇ ਤੁਹਾਡੇ ਮਸੂੜਿਆਂ 'ਚ ਦਰਦ ਹੋਵੇ ਤਾਂ ਨਿੰਬੂ ਦੇ ਰਸ ਨਾਲ ਮਸਾਜ ਕਰੋ। ਮਸੂੜਿਆਂ 'ਚ ਜਖ਼ਮ ਹੋਣ 'ਤੇ ਵੀ ਤੁਸੀਂ ਇਸ ਦੇ ਰਸ ਨਾਲ ਮਸਾਜ ਕਰ ਸਕਦੇ ਹੋ। ਇਸ ਨਾਲ ਬਹੁਤ ਫ਼ਾਇਦਾ ਮਿਲਦਾ ਹੈ।
6. ਗਲੇ ਦੀ ਖਰਾਸ਼ ਦੂਰ
ਗਲੇ 'ਚ ਖ਼ਾਰਸ਼ ਹੋਣ 'ਤੇ ਗਰਮ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਹ ਇਨਫੈਕਸ਼ਨ ਤੋਂ ਬਚਾਅ ਕਰਨ ਦਾ ਕੰਮ ਕਰਦਾ ਹੈ।