Health News: ਅਨੇਕਾਂ ਰੋਗਾਂ ਦੀ ਦਵਾਈ ਹੈ ਗਿਲੋਏ ਦੀ ਵੇਲ
ਜਿਸ ਪੌਦੇ ’ਤੇ ਇਹ ਵੇਲ ਚੜ੍ਹਦੀ ਹੈ ਉਸ ਨੂੰ ਮਰਨ ਨਹੀਂ ਦਿੰਦੀ
Giloy vine is a medicine for many diseases: ਗਿਲੋਏ ਉਹੀ ਵੇਲ ਹੈ ਜਿਸ ਨੂੰ ਆਯੂਰਵੈਦਿਕ ਪ੍ਰਣਾਲੀ ’ਚ ਸੌ ਰੋਗਾਂ ਦੀ ਦਵਾਈ ਕਿਹਾ ਜਾਂਦਾ ਹੈ। ਇਸ ਲਈ ਇਸ ਨੂੰ ਸੰਸਕਿ੍ਰਤ ਵਿਚ ਅੰਮ੍ਰਿਤਾ ਨਾਮ ਦਿਤਾ ਗਿਆ ਹੈ। ਇਸ ਦੇ ਪੱਤੇ ਸੁਪਾਰੀ ਦੇ ਪੱਤਿਆਂ ਦੀ ਤਰ੍ਹਾਂ ਦਿਖਾਈ ਦਿੰਦੇ ਹਨ ਅਤੇ ਜਿਸ ਪੌਦੇ ’ਤੇ ਇਹ ਵੇਲ ਚੜ੍ਹਦੀ ਹੈ ਉਸ ਨੂੰ ਮਰਨ ਨਹੀਂ ਦਿੰਦੀ। ਇਸ ਦੇ ਬਹੁਤ ਸਾਰੇ ਫ਼ਾਇਦੇ ਆਯੁਰਵੇਦ ਵਿਚ ਦੱਸੇ ਗਏ ਹਨ, ਜੋ ਨਾ ਸਿਰਫ਼ ਸਾਨੂੰ ਸਿਹਤਮੰਦ ਰੱਖਦੇ ਹਨ, ਸਗੋਂ ਸੁੰਦਰਤਾ ਨੂੰ ਵੀ ਵਧਾਉਂਦੇ ਹਨ।
ਆਮ ਤੌਰ ’ਤੇ ਵੇਖਿਆ ਜਾਂਦਾ ਹੈ ਕਿ ਕੁਝ ਲੋਕ ਨਿੰਮ ਦੇ ਰੁੱਖ ’ਤੇ ਚੜ੍ਹੀ ਹੋਈ ਗਿਲੋਏ ਦੀ ਵੇਲ ਨੂੰ ਜ਼ਿਆਦਾ ਗੁਣਕਾਰੀ ਮੰਨਦੇ ਹਨ। ਗਿਲੋਏ ਇਕ ਵੇਲ ਹੈ ਜੋ ਵਿਅਕਤੀ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਉਸ ਨੂੰ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਇਸ ਵਿਚ ਭਰਪੂਰ ਮਾਤਰਾ ’ਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਇਹ ਖ਼ੂਨ ਨੂੰ ਸ਼ੁੱਧ ਕਰਦਾ ਹੈ ਅਤੇ ਬੈਕਟੀਰੀਆ ਨਾਲ ਲੜਦਾ ਹੈ।
ਜਿਗਰ ਅਤੇ ਗੁਰਦੇ ਦੀ ਚੰਗੀ ਦੇਖਭਾਲ ਕਰਨਾ ਵੀ ਗਿਲੋਏ ਦੇ ਕਈ ਕਾਰਜਾਂ ਵਿਚੋਂ ਇਕ ਹੈ। ਇਹ ਦੋਵੇਂ ਅੰਗ ਖ਼ੂਨ ਨੂੰ ਸ਼ੁੱਧ ਕਰਨ ਦਾ ਕੰਮ ਕਰਦੇ ਹਨ। ਜੇਕਰ ਕਿਸੇ ਨੂੰ ਵਾਰ-ਵਾਰ ਬੁਖਾਰ ਰਹਿੰਦਾ ਹੈ ਤਾਂ ਉਸ ਨੂੰ ਗਿਲੋਏ ਦੀ ਵਰਤੋਂ ਕਰਨ ਲਈ ਕਿਹਾ ਜਾਂਦਾ ਹੈ। ਖ਼ਾਸ ਕਰ ਕੇ ਡੇਂਗੂ ਬੁਖਾਰ ਵੇਲੇ ਇਸ ਦੀ ਵੱਧ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਵੇਲ ਹਰ ਤਰ੍ਹਾਂ ਦੇ ਬੁਖਾਰ ਨਾਲ ਲੜਨ ਵਿਚ ਮਦਦ ਕਰਦੀ ਹੈ। ਇਸ ਲਈ ਡੇਂਗੂ ਦੇ ਮਰੀਜ਼ਾਂ ਨੂੰ ਵੀ ਗਿਲੋਏ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਡੇਂਗੂ ਤੋਂ ਇਲਾਵਾ ਮਲੇਰੀਆ ਅਤੇ ਸਵਾਈਨ ਫਲੂ ਤੋਂ ਵੀ ਰਾਹਤ ਦਿੰਦੀ ਹੈ।
ਗਿਲੋਏ ਇਕ ਹਾਈਪੋਗਲਾਈਸੀਮਿਕ ਏਜੰਟ ਹੈ। ਮਤਲਬ ਕਿ ਇਹ ਖ਼ੂਨ ਵਿਚ ਸ਼ੂਗਰ ਦੀ ਮਾਤਰਾ ਨੂੰ ਘਟਾਉਂਦੀ ਹੈ। ਇਸ ਲਈ, ਇਸ ਦੀ ਵਰਤੋਂ ਨਾਲ ਖ਼ੂਨ ਵਿਚ ਸ਼ੂਗਰ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਟਾਈਪ 2 ਸ਼ੂਗਰ ਦੇ ਮਰੀਜ਼ਾਂ ਨੂੰ ਫ਼ਾਇਦਾ ਹੁੰਦਾ ਹੈ।
ਇਹ ਵੇਲ ਪਾਚਨ ਪ੍ਰਣਾਲੀ ਦੇ ਸਾਰੇ ਕਾਰਜਾਂ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਦੀ ਹੈ ਅਤੇ ਭੋਜਨ ਦੇ ਪਾਚਨ ਦੀ ਪ੍ਰਕਿਰਿਆ ਵਿਚ ਮੱਦਦ ਕਰਦੀ ਹੈ। ਇਹ ਵਿਅਕਤੀ ਨੂੰ ਕਬਜ਼ ਅਤੇ ਪੇਟ ਦੀਆਂ ਹੋਰ ਬਿਮਾਰੀਆਂ ਤੋਂ ਬਚਾਉਂਦੀ ਹੈ।
ਗਿਲੋਏ ਮਾਨਸਿਕ ਤਣਾਅ ਅਤੇ ਚਿੰਤਾ ਦੇ ਪੱਧਰ ਨੂੰ ਘਟਾਉਂਦੀ ਹੈ। ਇਸ ਦੀ ਮਦਦ ਨਾਲ ਨਾ ਸਿਰਫ਼ ਯਾਦ ਸ਼ਕਤੀ ਵਧਦੀ ਹੈ ਬਲਕਿ ਦਿਮਾਗ ਦਾ ਕੰਮਕਾਜ ਵੀ ਠੀਕ ਰਹਿੰਦਾ ਹੈ ਅਤੇ ਇਕਾਗਰਤਾ ਵਧਦੀ ਹੈ।
ਅਸਥਮਾ ਦੇ ਮਰੀਜ਼ਾਂ ਨੂੰ ਮੌਸਮ ਵਿਚ ਤਬਦੀਲੀ, ਖ਼ਾਸ ਕਰ ਕੇ ਸਰਦੀਆਂ ਵਿਚ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਦਮੇ ਦੇ ਰੋਗੀਆਂ ਨੂੰ ਨਿਯਮਤ ਤੌਰ ’ਤੇ ਗਿਲੋਏ ਦੀ ਮੋਟੀ ਡੰਡੀ ਚਬਾ ਕੇ ਜਾਂ ਇਸ ਦਾ ਰਸ ਪੀਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਗਠੀਏ ਕਾਰਨ ਨਾ ਸਿਰਫ਼ ਜੋੜਾਂ ਵਿਚ ਦਰਦ ਹੁੰਦਾ ਹੈ ਸਗੋਂ ਚੱਲਣ-ਫਿਰਨ ਵਿਚ ਵੀ ਦਿੱਕਤ ਆਉਂਦੀ ਹੈ। ਇਸ ਔਸ਼ਧੀ ਵਿਚ ਗਠੀਏ ਵਿਰੋਧੀ ਗੁਣ ਹੁੰਦੇ ਹਨ, ਜਿਸ ਕਾਰਨ ਇਹ ਜੋੜਾਂ ਦੇ ਦਰਦ ਸਮੇਤ ਕਈ ਲੱਛਣਾਂ ਵਿਚ ਫ਼ਾਇਦੇਮੰਦ ਹੁੰਦਾ ਹੈ।
ਭਾਰਤੀ ਔਰਤਾਂ ਖ਼ੂਨ ਦੀ ਕਮੀ ਤੋਂ ਪੀੜਤ ਰਹਿੰਦੀਆਂ ਹਨ। ਗਲੋਉ ਦੇ ਸੇਵਨ ਨਾਲ ਸਰੀਰ ਵਿਚ ਲਾਲ ਰਕਤਾਣੂਆਂ ਦੀ ਗਿਣਤੀ ਵਧਦੀ ਹੈ ਅਤੇ ਅਨੀਮੀਆ ਤੋਂ ਰਾਹਤ ਮਿਲਦੀ ਹੈ। ਗਿਲੋਏ ਸਰੀਰ ਪ੍ਰਣਾਲੀ ਨੂੰ ਠੀਕ ਕਰਦਾ ਹੈ, ਸੋਜ ਨੂੰ ਘੱਟ ਕਰਦਾ ਹੈ ਅਤੇ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਇਸ ਕਾਰਨ ਪੇਟ ਦੇ ਆਲੇ-ਦੁਆਲੇ ਚਰਬੀ ਜਮ੍ਹਾਂ ਨਹੀਂ ਹੁੰਦੀ ਅਤੇ ਭਾਰ ਘੱਟ ਹੁੰਦਾ ਹੈ। ਗਿਲੋਏ ਨਾ ਸਿਰਫ਼ ਸਿਹਤ ਲਈ ਫ਼ਾਇਦੇਮੰਦ ਹੈ, ਸਗੋਂ ਇਹ ਚਮੜੀ ਅਤੇ ਵਾਲਾਂ ’ਤੇ ਵੀ ਚਮਤਕਾਰੀ ਪ੍ਰਭਾਵ ਪਾਉਂਦੀ ਹੈ। ਗਿਲੋਏ ’ਚ ਅਜਿਹੇ ਗੁਣ ਹੁੰਦੇ ਹਨ, ਜਿਸ ਦੀ ਮਦਦ ਨਾਲ ਚਿਹਰੇ ਤੋਂ ਕਾਲੇ ਧੱਬੇ, ਮੁਹਾਸੇ, ਫਾਈਨ ਲਾਈਨਜ ਅਤੇ ਝੁਰੜੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਇਸ ਦਾ ਸੇਵਨ ਕਰਨ ਨਾਲ ਤੁਸੀਂ ਅਜਿਹੀ ਚਮਕਦਾਰ ਚਮੜੀ ਪ੍ਰਾਪਤ ਕਰ ਸਕਦੇ ਹੋ, ਜਿਸ ਦੀ ਹਰ ਕੋਈ ਇੱਛਾ ਕਰਦਾ ਹੈ। ਇਸ ਨੂੰ ਚਮੜੀ ‘ਤੇ ਲਗਾਉਣ ਨਾਲ ਜ਼ਖ਼ਮ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਇਸ ਦੀਆਂ ਪੱਤੀਆਂ ਨੂੰ ਪੀਸ ਕੇ ਚਮੜੀ ਉਤੇ ਲਗਾਉਣ ਲਈ ਪੇਸਟ ਬਣਾ ਲਉ। ਹੁਣ ਇਕ ਭਾਂਡੇ ਵਿਚ ਨਿੰਮ ਜਾਂ ਕੈਸਟਰ ਆਇਲ ਨੂੰ ਉਬਾਲੋ। ਗਰਮ ਤੇਲ ‘ਚ ਪੱਤਿਆਂ ਦਾ ਪੇਸਟ ਮਿਲਾ ਲਉ। ਇਸ ਨੂੰ ਠੰਢਾ ਕਰਕੇ ਜਖ਼ਮ ’ਤੇ ਲਗਾਉ। ਇਸ ਪੇਸਟ ਨੂੰ ਲਗਾਉਣ ਨਾਲ ਚਮੜੀ ਵੀ ਟਾਈਟ ਹੋ ਜਾਂਦੀ ਹੈ।