Winter Tips: ਰੂਮ ਹੀਟਰ ਸਿਹਤ ਲਈ ਹੋ ਸਕਦਾ ਹੈ ਖ਼ਤਰਨਾਕ, ਜ਼ਿਆਦਾ ਵਰਤੋਂ ਬਣ ਸਕਦੀ ਹੈ ਨੁਕਸਾਨ ਦਾ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹੀਟਰ ਨਾ ਸਿਰਫ ਹਵਾ ਵਿਚ ਨਮੀ ਨੂੰ ਘਟਾਉਂਦਾ ਹੈ, ਸਗੋਂ ਇਸ ਦੀ ਵਰਤੋਂ ਦੌਰਾਨ ਕਈ ਹਾਨੀਕਾਰਕ ਗੈਸਾਂ ਵੀ ਨਿਕਲਦੀਆਂ ਹਨ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ

Room heaters can be dangerous for health

ਨਵੀਂ ਦਿੱਲੀ: ਜਿਵੇਂ-ਜਿਵੇਂ ਸਰਦੀ ਦਾ ਮੌਸਮ ਨੇੜੇ ਆਉਂਦਾ ਹੈ, ਲੋਕ ਆਪਣੇ ਆਪ ਨੂੰ ਗਰਮ ਰੱਖਣ ਅਤੇ ਠੰਢ ਵਿਚ ਬਿਮਾਰ ਹੋਣ ਤੋਂ ਬਚਣ ਲਈ ਕਈ ਉਪਾਅ ਕਰਦੇ ਹਨ। ਨਾਲ ਹੀ, ਸਰਦੀਆਂ ਸ਼ੁਰੂ ਹੁੰਦੇ ਹੀ ਘਰ 'ਚ ਰੂਮ ਹੀਟਰ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ। ਪਿਛਲੇ ਕੁਝ ਸਮੇਂ ਤੋਂ ਵਧਦੀ ਠੰਢ ਕਾਰਨ ਰੂਮ ਹੀਟਰਾਂ ਦਾ ਰੁਝਾਨ ਕਾਫੀ ਵਧ ਗਿਆ ਹੈ। ਠੰਢ ਤੋਂ ਬਚਣ ਲਈ ਲੋਕ ਅਕਸਰ ਹੀਟਰ ਦੀ ਵਰਤੋਂ ਕਰਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਠੰਢ ਤੋਂ ਬਚਣ ਲਈ ਵਰਤਿਆ ਜਾਣ ਵਾਲਾ ਇਹ ਹੀਟਰ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜੇਕਰ ਤੁਸੀਂ ਵੀ ਸਰਦੀਆਂ ਵਿਚ ਰੂਮ ਹੀਟਰ ਦੀ ਵਰਤੋਂ ਕਰਦੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਤਾਂ ਜਾਣੋ ਰੂਮ ਹੀਟਰ ਦੀ ਵਰਤੋਂ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ-


ਹੀਟਰ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ: ਸਰਦੀਆਂ ਵਿਚ ਘਰ ਵਿਚ ਵਰਤਿਆ ਜਾਣ ਵਾਲਾ ਹੀਟਰ ਸਾਡੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਦਰਅਸਲ, ਹੀਟਰ ਨਾ ਸਿਰਫ ਹਵਾ ਵਿਚ ਨਮੀ ਨੂੰ ਘਟਾਉਂਦਾ ਹੈ, ਸਗੋਂ ਇਸ ਦੀ ਵਰਤੋਂ ਦੌਰਾਨ ਕਈ ਹਾਨੀਕਾਰਕ ਗੈਸਾਂ ਵੀ ਨਿਕਲਦੀਆਂ ਹਨ, ਜੋ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਅਜਿਹੇ 'ਚ ਹੀਟਰ ਸਾਹ ਦੀਆਂ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਇਹ ਦਮੇ ਦੇ ਮਰੀਜ਼ਾਂ ਲਈ ਵੀ ਬਹੁਤ ਨੁਕਸਾਨਦਾਇਕ ਹੈ।


ਅੱਖਾਂ ਲਈ ਨੁਕਸਾਨਦੇਹ: ਸਾਡੇ ਸਰੀਰ ਵਿਚ ਕਈ ਸੰਵੇਦਨਸ਼ੀਲ ਅੰਗ ਮੌਜੂਦ ਹੁੰਦੇ ਹਨ। ਇਨ੍ਹਾਂ ਵਿੱਚੋਂ ਇੱਕ ਅੰਗ, ਅੱਖਾਂ ਨਾ ਸਿਰਫ਼ ਸਾਡਾ ਇੱਕ ਮਹੱਤਵਪੂਰਨ ਅੰਗ ਹੈ, ਸਗੋਂ ਇਸਦੀ ਵਿਸ਼ੇਸ਼ ਦੇਖਭਾਲ ਦੀ ਵੀ ਲੋੜ ਹੈ। ਪਰ ਸਰਦੀਆਂ ਵਿਚ ਹੀਟਰ ਦੀ ਲਗਾਤਾਰ ਵਰਤੋਂ ਇਸ ਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਦਰਅਸਲ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਇਨ੍ਹਾਂ ਦਾ ਗਿੱਲਾ ਰਹਿਣਾ ਬਹੁਤ ਜ਼ਰੂਰੀ ਹੈ ਪਰ ਹੀਟਰ ਕਾਰਨ ਹਵਾ 'ਚ ਮੌਜੂਦ ਨਮੀ ਸੁੱਕ ਜਾਂਦੀ ਹੈ, ਜਿਸ ਕਾਰਨ ਅੱਖਾਂ ਵੀ ਸੁੱਕਣ ਲੱਗਦੀਆਂ ਹਨ। ਅਜਿਹੇ 'ਚ ਅੱਖਾਂ 'ਚ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ।


ਚਮੜੀ ਲਈ ਹਾਨੀਕਾਰਕ: ਹੀਟਰ ਨੂੰ ਜ਼ਿਆਦਾ ਦੇਰ ਤਕ ਚਲਾਉਣ ਨਾਲ ਸਾਡੇ ਆਲੇ-ਦੁਆਲੇ ਦੀ ਹਵਾ ਵਿਚਲੀ ਨਮੀ ਖਤਮ ਹੋ ਜਾਂਦੀ ਹੈ। ਹਵਾ 'ਚ ਖੁਸ਼ਕੀ ਹੋਣ ਕਾਰਨ ਇਸ ਦਾ ਚਮੜੀ 'ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਦਰਅਸਲ, ਖੁਸ਼ਕ ਵਾਤਾਵਰਣ ਕਾਰਨ ਚਮੜੀ ਦੀ ਨਮੀ ਵੀ ਖਤਮ ਹੋ ਜਾਂਦੀ ਹੈ ਅਤੇ ਚਮੜੀ ਖੁਸ਼ਕ ਹੋਣ ਲੱਗਦੀ ਹੈ। ਇੰਨਾ ਹੀ ਨਹੀਂ, ਖੁਸ਼ਕਤਾ ਚਮੜੀ ਦੇ ਫਟਣ ਅਤੇ ਇਨਫੈਕਸ਼ਨ ਦਾ ਖ਼ਤਰਾ ਵੀ ਵਧਾਉਂਦੀ ਹੈ।


ਇਨ੍ਹਾਂ ਗੱਲਾਂ ਦਾ ਰੱਖੋ ਧਿਆਨ ਜੇਕਰ ਕਰਦੇ ਹੋ ਹੀਟਰ ਦੀ ਵਰਤੋਂ
-ਜੇਕਰ ਤੁਸੀਂ ਹੀਟਰ ਖਰੀਦ ਰਹੇ ਹੋ, ਤਾਂ ਤੇਲ ਹੀਟਰ ਖਰੀਦਣ ਦੀ ਕੋਸ਼ਿਸ਼ ਕਰੋ। ਅਜਿਹੇ ਹੀਟਰ ਹਵਾ ਨੂੰ ਸੁੱਕਣ ਨਹੀਂ ਦਿੰਦੇ।
-ਹਮੇਸ਼ਾ ਧਿਆਨ ਰੱਖੋ ਕਿ ਸਾਰੀ ਰਾਤ ਹੀਟਰ ਚਲਾ ਕੇ ਨਾ ਸੌਂਵੋ। ਤੁਸੀਂ ਸੌਣ ਤੋਂ ਇਕ ਜਾਂ ਦੋ ਘੰਟੇ ਪਹਿਲਾਂ ਕਮਰੇ ਵਿਚ ਹੀਟਰ ਚਲਾ ਕਮਰੇ ਨੂੰ ਗਰਮ ਕਰ ਸਕਦੇ ਹੋ। ਪਰ ਸੌਣ ਤੋਂ ਪਹਿਲਾਂ ਇਸਨੂੰ ਯਾਦ ਨਾਲ ਬੰਦ ਕਰੋ।
-ਜਦੋਂ ਵੀ ਤੁਸੀਂ ਹੀਟਰ ਚਲਾਉਂਦੇ ਹੋ ਤਾਂ ਇਸ ਦੇ ਆਲੇ-ਦੁਆਲੇ ਪਾਣੀ ਨਾਲ ਭਰਿਆ ਭਾਂਡਾ ਜਾਂ ਕਟੋਰਾ ਰੱਖੋ। ਇਸ ਕਾਰਨ ਹਵਾ ਵਿਚ ਨਮੀ ਬਣੀ ਰਹੇਗੀ ਅਤੇ ਇਹ ਖੁਸ਼ਕੀ ਤੋਂ ਬਚ ਸਕੇਗੀ।
-ਜੇ ਹੀਟਰ ਦੀ ਵਰਤੋਂ ਕਰਦੇ ਹੋ, ਤਾਂ ਆਪਣੀ ਚਮੜੀ ਨੂੰ ਚੰਗੀ ਤਰ੍ਹਾਂ ਨਮੀ ਦਿਓ ਤਾਂ ਜੋ ਇਹ ਸੁੱਕ ਨਾ ਜਾਵੇ। ਨਾਲ ਹੀ, ਜੇਕਰ ਤੁਹਾਨੂੰ ਅੱਖਾਂ ਦੀ ਸਮੱਸਿਆ ਹੈ ਤਾਂ ਡਾਕਟਰ ਨੂੰ ਦਿਖਾਓ।
-ਦਮੇ ਜਾਂ ਦਿਲ ਦੀ ਸਮੱਸਿਆ ਤੋਂ ਪੀੜਤ ਲੋਕਾਂ ਨੂੰ ਹੀਟਰ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
ਨੋਟ: ਲੇਖ ਵਿਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।