Health News: ਕਈ ਘੰਟੇ ਲਗਾਤਾਰ ਇਕ ਹੀ ਥਾਂ ’ਤੇ ਬੈਠ ਕੇ ਕੰਮ ਕਰਨਾ ਸਿਹਤ ਲਈ ਹੈ ਖ਼ਤਰਨਾਕ
ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।
Health News: ਨੌਕਰੀ ’ਚ ਕਈ ਘੰਟੇ ਲਗਾਤਾਰ ਇਕ ਹੀ ਥਾਂ ਬੈਠ ਕੇ ਕੰਮ ਕਰਨਾ ਸਿਹਤ ਲਈ ਸਹੀ ਨਹੀਂ। ਇਕ ਅਧਿਐਨ ਮੁਤਾਬਕ, ਲੰਮੇ ਸਮੇਂ ਤਕ ਡੈਸਕ ’ਤੇ ਬੈਠ ਕੇ ਕੰਮ ਕਰਨ ਨਾਲ ਮੋਟਾਪਾ, ਹਾਈਪਰਟੈਨਸ਼ਨ, ਡਾਇਬੀਟੀਜ਼ ਅਤੇ ਕੈਲੇਸਟਰੋਲ ਜਿਹੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਕੁੱਝ ਖ਼ਾਸ ਗੱਲਾਂ ਦਾ ਧਿਆਨ ਰੱਖ ਕੇ ਇਨ੍ਹਾਂ ਬੀਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।
ਕੁਰਸੀ ’ਤੇ ਬੈਠ ਕੇ ਘੰਟਿਆਂ ਤਕ ਲੰਮੀ ਸ਼ਿਫ਼ਟ ਕਰਨਾ ਕਮਰ ਅਤੇ ਗਰਦਨ ਲਈ ਚੰਗਾ ਨਹੀਂ। ਇਸ ਲਈ ਜੇਕਰ ਤੁਸੀਂ ਖੜੇ ਮੇਜ਼ ਜਾਂ ਉਚਾਈ ਵਾਲੇ ਕਿਸੇ ਟੇਬਲ ਜਾਂ ਕਾਊਂਟਰ ਦੀ ਵਰਤੋਂ ਕਰੋ ਤਾਂ ਬਿਹਤਰ ਹੋਵੇਗਾ। ਇਸ ਨਾਲ ਸ਼ੁਰੂਆਤ ਵਿਚ ਤੁਹਾਨੂੰ ਥੋੜ੍ਹੀ ਪ੍ਰੇਸ਼ਾਨੀ ਜ਼ਰੂਰ ਹੋਵੇਗੀ ਪਰ ਇਹ ਤਰੀਕਾ ਤੁਹਾਨੂੰ ਕਈ ਗ਼ੈਰ-ਸੰਚਾਰੀ ਰੋਗ ਤੋਂ ਬਚਾ ਸਕਦਾ ਹੈ।
ਜਿਮ ਜਾਂ ਫਿਟਨੈੱਸ ਸੈਂਟਰ ਵਿਚ ਤੁਸੀਂ ਅਕਸਰ ਲੋਕਾਂ ਨੂੰ ਕਸਰਤ ਬਾਲ ’ਤੇ ਬੈਠੇ ਦੇਖਿਆ ਹੋਵੇਗਾ। ਘੰਟਿਆਂ ਦੀ ਲੰਮੀ ਸ਼ਿਫਟ ਵਿਚ ਕੰਮ ਕਰਦਿਆਂ ਇਸ ਬਾਲ ਦੀ ਵਰਤੋਂ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ।
ਆਫ਼ਿਸ ਵਾਂਗ ਘਰ ਵਿਚ ਕੰਮ ਕਰਨ ਦੌਰਾਨ ਬ੍ਰੇਕ ਲੈਣੀ ਜ਼ਰੂਰੀ ਹੈ। ਫ਼ੋਨ ਸੁਣਨ ਜਾਂ ਪਾਣੀ ਲੈਣ ਦੇ ਬਹਾਨੇ ਹਰ 45 ਮਿੰਟ ਵਿਚ ਥੋੜ੍ਹਾ ਤੁਰਨ ਦੀ ਆਦਤ ਬਣਾਉ।
ਕੰਮ ਕਰਦੇ ਸਮੇਂ ਅਪਣੇ ਬੈਠਣ ’ਤੇ ਵੀ ਧਿਆਨ ਦਿਉ। ਕੁਰਸੀ ’ਤੇ ਬੈਠਦੇ ਸਮੇਂ ਰੀੜ੍ਹ ਦੀ ਹੱਡੀ ਸਿੱਧੀ ਹੋਣੀ ਚਾਹੀਦੀ ਹੈ ਅਤੇ ਮੋਢੇ ਪਿੱਛੇ ਵਲ ਉਠੇ ਹੋਣੇ ਚਾਹੀਦੇ ਹਨ। ਨਾਲ ਹੀ ਜ਼ਮੀਨ ’ਤੇ ਪੰਜਾ ਪੂਰਾ ਲੱਗਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰ ਪਾ ਰਹੇ ਤਾਂ ਪੈਰਾਂ ਦੇ ਹੇਠਾਂ ਕਿਸੇ ਛੋਟੇ ਸਟੂਲ ਦਾ ਸਹਾਰਾ ਲਿਆ ਜਾ ਸਕਦਾ ਹੈ। ਤੁਹਾਡੇ ਬੈਠਣ ਦਾ ਐਂਗਲ 90 ਡਿਗਰੀ ਵਾਂਗ ਹੋਣਾ ਚਾਹੀਦਾ ਹੈ।
8-9 ਘੰਟੇ ਦੀ ਲੰਮੀ ਸ਼ਿਫ਼ਟ ਦੇ ਬਾਅਦ ਸਾਡੀ ਸਰੀਰਕ ਗਤੀਵਿਧੀ ਜ਼ੀਰੋ ਹੋ ਜਾਂਦੀ ਹੈ ਜਿਸ ਨਾਲ ਦਿਲ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਲਿਫ਼ਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਨੇੜੇ ਕਿਸੇ ਕੰਮ ’ਤੇ ਜਾਣ ਵੇਲੇ ਵਾਹਨ ਦੀ ਬਜਾਏ ਪੈਦਲ ਤੁਰੋ।
ਅਪਣੇ ਸੌਣ ਦੇ ਸਮੇਂ ਦਾ ਵੀ ਧਿਆਨ ਰਖਣਾ ਜ਼ਰੂਰੀ ਹੈ। ਰੋਜ਼ਾਨਾ ਕਰੀਬ 6-8 ਘੰਟੇ ਨੀਂਦ ਲੈਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਪੀਣਾ ਚਾਹੀਦਾ ਹੈ। ਸਰਦੀ ਦੇ ਮੌਸਮ ਵਿਚ ਵੀ ਡੀਹਾਈਡ੍ਰੇਸ਼ਨ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਸਾਡੇ ਸਰੀਰ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਜ਼ਰੂਰੀ ਹਨ।
ਖਾਣ ਵਿਚ ਸਿਰਫ਼ ਸਿਹਤਮੰਦ ਚੀਜ਼ਾਂ ਦੀ ਵਰਤੋਂ ਕਰੋ। ਤੁਹਾਡੀ ਡਾਈਟ ਵਿਚ ਪ੍ਰੋਟੀਨ, ਨੈਚੁਰਲ ਫੈਟ ਅਤੇ ਸਰੀਰ ਨੂੰ ਊਰਜਾ ਦੇਣ ਵਾਲੇ ਕਾਰਬੋਹਾਈਡ੍ਰੇਟ ਵਰਗੀਆਂ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫ਼ਾਈਬਰ ਵਾਲੇ ਫੱਲ ਰੋਜ਼ਾਨਾ ਖਾਣੇ ਚਾਹੀਦੇ ਹਨ।
ਹਾਈ ਸ਼ੂਗਰ ਜਾਂ ਹਾਈ ਸੋਡੀਅਮ ਵਾਲੀਆਂ ਚੀਜ਼ਾਂ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਮੋਟਾਪਾ, ਹਾਈ ਕੈਲੇਸਟਰੋਲ, ਡਾਇਬੀਟੀਜ਼ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ। ਤਲਿਆ ਹੋਇਆ ਜਾਂ ਬਹੁਤ ਮਸਾਲੇਦਾਰ ਖਾਣਾ ਨਾ ਖਾਉ। ਨਾਲ ਹੀ ਸ਼ਰਾਬ ਅਤੇ ਸਿਗਰਟ ਦੀ ਵਰਤੋਂ ਕਰਨ ਤੋਂ ਵੀ ਬਚੋ।