ਦੰਦਾਂ ਦੀ ਰਾਖੀ ਜ਼ਰੂਰੀ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਆਣਿਆਂ ਨੇ ਸਹੀ ਕਿਹਾ ਹੈ ਕਿ ਦੰਦ ਗਏ ਤਾਂ ਸੁਆਦ ਗਿਆ। ਭਾਵ ਸਿਹਤ ਵੀ ਗਈ। ਦੰਦ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਤਾਂ ਕਰਦੇ ਹੀ ਹਨ, ਨਾਲ ਹੀ ਸਿਹਤ ਦੀ ....

Dental Protection

ਸਿਆਣਿਆਂ ਨੇ ਸਹੀ ਕਿਹਾ ਹੈ ਕਿ ਦੰਦ ਗਏ ਤਾਂ ਸੁਆਦ ਗਿਆ। ਭਾਵ ਸਿਹਤ ਵੀ ਗਈ। ਦੰਦ ਭੋਜਨ ਦੇ ਸਵਾਦ ਨੂੰ ਵਧਾਉਣ ਦਾ ਕੰਮ ਤਾਂ ਕਰਦੇ ਹੀ ਹਨ, ਨਾਲ ਹੀ ਸਿਹਤ ਦੀ ਰਾਖੀ 'ਚ ਵੀ ਇਨ੍ਹਾਂ ਦੀ ਬੇਹੱਦ ਮਹੱਤਤਾ ਹੈ। ਇਹ ਸਹੀ ਹੈ ਕਿ ਦੰਦਾਂ ਵਲੋਂ ਸਾਥ ਛੱਡਣ ਦੀ ਦਾਸਤਾਨ ਸਦੀਆਂ ਤੋਂ ਚਲੀ ਆ ਰਹੀ ਹੈ ਪਰ ਅਸੀ ਆਦਿ ਯੁੱਗ ਤੋਂ ਚਲਦੇ ਚਲਦੇ ਆਧੁਨਿਕ ਯੁੱਗ 'ਚ ਆ ਪਹੁੰਚੇ ਹਾਂ।

ਹੁਣ ਸਾਡੇ ਕੋਲ ਅਜਿਹੀਆਂ ਬਹੁਤ ਜਾਣਕਾਰੀਆਂ ਅਤੇ ਉਪਾਅ ਹਨ ਜਿਨ੍ਹਾਂ ਨਾਲ ਅਸੀ ਅਪਣੇ ਮੋਤੀ ਵਰਗੇ ਦੰਦਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਈ ਰੱਖ ਸਕਦੇ ਹਾਂ। ਫਿਰ ਕਿਉਂ ਨਾ ਇਨ੍ਹਾਂ ਉਪਾਵਾਂ ਨਾਲ ਦੰਦਾਂ ਨੂੰ ਜ਼ਿੰਦਗੀ ਭਰ ਸਿਹਤਮੰਦ ਰਖਿਆ ਜਾਵੇ। ਦੰਦ ਸਾਡੇ ਸਰੀਰ ਦੇ ਮੁੱਖ ਯੰਤਰਾਂ ਵਿਚੋਂ ਅਜਿਹੇ ਮਹੱਤਵਪੂਰਨ ਯੰਤਰ ਹਨ ਜਿਨ੍ਹਾਂ ਤੇ ਸਰੀਰਕ ਸਿਹਤ, ਵਿਸ਼ੇਸ਼ ਕਰ ਕੇ ਨਿਰਭਰ ਹੈ।

ਸਰੀਰ ਰੂਪੀ ਘਰ ਦਾ ਮੁੱਖ ਦਰਵਾਜ਼ਾ ਮੂੰਹ ਹੈ ਜਿਸ 'ਚ ਦੰਦ ਪਲਟਨ ਦੇ ਪਹਿਰੇਦਾਰਾਂ ਵਾਂਗ ਦੋ ਕਤਾਰਾਂ 'ਚ ਬੱਝ ਕੇ ਸਰੀਰ ਦੀ ਰਾਖੀ ਅਤੇ ਪੋਸ਼ਣ ਦਾ ਕੰਮ ਬੜੀ ਮੁਸਤੈਦੀ ਨਾਲ ਕਰਦੇ ਹਨ। ਦੰਦਾਂ ਦੀ ਖ਼ਰਾਬੀ ਨਾਲ ਸਰੀਰ ਦੀ ਖ਼ਰਾਬੀ ਅਤੇ ਇਨ੍ਹਾਂ ਦੀ ਭਲਾਈ ਨਾਲ ਹੀ ਦੇਹ ਦੀ ਭਲਾਈ ਹੈ। ਜੇ ਸਰੀਰ 'ਚ ਦੰਦ ਨਾ ਹੋਣ ਤਾਂ ਬਿਨਾਂ ਚਬਾਇਆਂ ਭੋਜਨ ਪੇਟ 'ਚ ਜਾਣ ਨਾਲ ਉਸ ਦੀ ਪਾਚਨ ਕਿਰਿਆ ਜਿਹੋ ਜਿਹੀ ਚਾਹੀਦੀ ਹੈ, ਉਹੋ ਜਿਹੀ ਨਹੀਂ ਹੁੰਦੀ। ਉਸ 'ਚ ਪਾਚਕ ਰਸ ਠੀਕ ਤਰ੍ਹਾਂ ਨਾਲ ਨਹੀਂ ਮਿਲਦੇ।

ਪੋਸ਼ਕ ਤੱਤ ਨਾ ਮਿਲਣ ਕਰ ਕੇ ਸਰੀਰ ਵੱਧ-ਫੁੱਲ ਨਹੀਂ ਸਕਦਾ। ਭੋਜਨ ਦੇ ਫ਼ਾਇਦੇ ਹੋਣ ਤੋਂ ਪਹਿਲਾਂ, ਉਸ 'ਚ ਜੋ ਤਬਦੀਲੀ ਹੁੰਦੀ ਹੈ, ਉਸ ਦਾ ਪਹਿਲਾ ਪੜਾਅ ਹੈ ਦੰਦਾਂ ਨਾਲ ਭੋਜਨ ਦੇ ਚਬਾਉਣ ਦਾ ਅਮਲ। ਦਿਮਾਗ਼ ਦੇ ਤੰਤੂ ਸਿਸਟਮ ਦੀ ਉਤੇਜਨਾ ਹੇਠਾਂ ਦੇ ਜਬਾੜੇ ਨੂੰ ਚਬਾਉਣ ਕਿਰਿਆ ਲਈ ਪ੍ਰੇਰਿਤ ਕਰਦੀ ਹੈ। ਪੱਠਿਆਂ ਦੇ ਫੈਲਣ ਅਤੇ ਸੁੰਗੜਨ ਨਾਲ ਹੇਠਲੇ ਦੰਦ ਉਪਰਲੇ ਦੰਦਾਂ ਨਾਲ ਖਹਿੰਦੇ ਅਤੇ ਫਿਰ ਵੱਖ ਹੋ ਜਾਂਦੇ ਹਨ।

ਇਸ ਤਰ੍ਹਾਂ ਉਪਰ ਦੇ ਦੰਦਾਂ ਦਾ ਹੇਠਲੇ ਦੰਦਾਂ ਉਤੇ ਵਾਰ ਵਾਰ ਦਬਾਅ ਪੈਣ ਨਾਲ ਭੋਜਨ ਚਬਾਇਆ ਜਾਂਦਾ ਹੈ ਅਤੇ ਚਬਾਉਣ ਦੇ ਹਰ ਅਮਲ ਸਮੇਂ ਲਾਲ ਗ੍ਰੰਥੀਆਂ ਤੋਂ ਲਾਰ ਨਿਕਲ ਕੇ ਚਬਾਏ ਹੋਏ ਖੁਰਾਕੀ ਪਦਾਰਥ ਨੂੰ ਤਰਲ ਰੂਪ ਬਣਾਉਂਦੀ ਹੈ। ਇਹੀ ਪ੍ਰੀਪਾਕ ਦਾ ਪਹਿਲਾ ਪੜਾਅ ਹੈ ਜੋ ਅੱਗੇ ਦੇ ਪ੍ਰੀਪਾਕ ਅਮਲ ਲਈ ਜ਼ਰੂਰੀ ਹੈ। ਇਸ ਦੀ ਘਾਟ ਕਰ ਕੇ ਅੱਗੇ ਦਾ ਅਮਲ ਠੀਕ ਨਾ ਹੋਣ ਕਰ ਕੇ ਰਸ ਦੇ ਤੱਤ ਹਾਨੀਕਾਰਕ ਦਸ਼ਾ 'ਚ ਬਦਲ ਕੇ ਅਨੇਕਾਂ ਰੋਗ ਸਰੀਰ 'ਚ ਦਾਖ਼ਲ ਹੋ ਕੇ ਛੇਤੀ ਹੀ ਉਸ ਨੂੰ ਨਸ਼ਟ ਕਰ ਦਿੰਦੇ ਹਨ।

ਇਹ ਵੀ ਇਕ ਕੌੜੀ ਸਚਾਈ ਹੈ ਕਿ ਅਪਣੀ ਲਾਪ੍ਰਵਾਹੀ ਕਰ ਕੇ ਅਸੀ ਦੰਦਾਂ ਨੂੰ ਉਹ ਮਜ਼ਬੂਤੀ ਨਹੀਂ ਦਿੰਦੇ ਜੋ ਜ਼ਰੂਰੀ ਹੈ। ਵਿਸ਼ਵ ਸਿਹਤ ਸੰਸਥਾ ਦੀ ਇਕ ਰੀਪੋਰਟ ਤੋਂ ਪਤਾ ਲਗਦਾ ਹੈ ਕਿ ਸਨਅਤੀ ਦੇਸ਼ਾਂ 'ਚ ਦੰਦਾਂ ਦੇ ਰੋਗਾਂ ਦੇ ਇਲਾਜ ਅਤੇ ਖ਼ਰਚ ਸਿਹਤ ਉਤੇ ਹੋਣ ਵਾਲੇ ਕੁਲ ਖ਼ਰਚ ਦਾ ਸਿਰਫ਼ 10 ਫ਼ੀ ਸਦੀ ਪੈਂਦਾ ਹੈ, ਪਰ ਅਜਿਹਾ ਨਾ ਹੋਣ ਤੇ ਹੋਣ ਵਾਲਾ ਨੁਕਸਾਨ ਏਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਵਿਕਾਸਸ਼ੀਲ ਦੇਸ਼ ਤਾਂ ਖ਼ਰਚੇ ਦੇ ਇਸ ਬੋਝ ਨੂੰ ਚੁਕਣ 'ਚ ਅਸਮਰੱਥ ਹੀ ਰਹਿਣਗੇ।

ਮਾਹਰਾਂ ਦਾ ਕਹਿਣਾ ਹੈ ਕਿ ਦੰਦ ਖ਼ਰਾਬ ਹੋਣ ਨਾਲ ਸਾਰੀ ਸਿਹਤ ਹੀ ਖ਼ਰਾਬ ਹੋ ਜਾਂਦੀ ਹੈ। ਭਾਰਤ 'ਚ ਦੰਦਾਂ ਬਾਰੇ ਸਾਹਿਤ ਆਦਿ ਕਾਲ ਤੋਂ ਪ੍ਰਚਲਿਤ ਹੈ।
ਕੌਣ ਹੈ ਦੰਦਾਂ ਦਾ ਦੁਸ਼ਮਣ?ਭੋਜਨ 'ਚ ਕੈਲਸ਼ੀਅਮ ਦੀ ਘਾਟ ਅਤੇ ਜ਼ਿਆਦਾ ਸ਼ਰਾਬ ਪੀਣ ਨਾਲ ਦੰਦਾਂ ਉਤੇ ਬਹੁਤ ਹੀ ਮਾੜਾ ਅਸਰ ਪੈਂਦਾ ਹੈ। ਠੀਕ ਤਰ੍ਹਾਂ ਨਾਲ ਦੰਦ ਸਾਫ਼ ਨਾ ਕਰਨ ਤੋਂ ਇਲਾਵਾ ਸਿਗਰਟਨੋਸ਼ੀ, ਤੰਬਾਕੂ, ਸੁਪਾਰੀ ਚੱਬਣ ਨਾਲ ਵੀ ਦੰਦ ਕਾਲੇ, ਭੱਦੇ ਅਤੇ ਕਮਜ਼ੋਰ ਹੋ ਜਾਂਦੇ ਹਨ। ਦੰਦਾਂ ਦੀ ਅਹਿਮੀਅਤ ਸਿਹਤ ਲਈ ਤਾਂ ਹੈ ਹੀ, ਸੁੰਦਰਤਾ 'ਚ ਵੀ ਇਸ ਦੀ ਅਹਿਮ ਭੂਮਿਕਾ ਹੈ। ਸੁੰਦਰ, ਸੁਡੌਲ ਮੁਟਿਆਰ ਵੀ ਉਦੋਂ ਹੀ ਬਦਸੂਰਤ ਕਹੀ ਜਾਣ ਲਗਦੀ ਹੈ

ਜਦ ਉਸ ਦੇ ਦੰਦ ਭੱਦੇ ਹੋਣ। ਇਹ ਸਹੀ ਹੈ ਕਿ ਦੰਦਾਂ ਦੀ ਕਮਜ਼ੋਰੀ ਲਈ ਕੈਲਸ਼ੀਅਮ ਦੀ ਘਾਟ ਵੀ ਜ਼ਿੰਮੇਵਾਰ ਹੁੰਦੀ ਹੈ ਪਰ ਠੰਢੇ ਅਤੇ ਫ਼ੌਰਨ ਮਗਰੋਂ ਗਰਮ ਅਤੇ ਗਰਮ ਪਿਛੋਂ ਤੁਰਤ ਠੰਢਾ ਖਾਣਾ ਵੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਹੁਣ ਦੰਦਾਂ ਨਾਲ ਜੁੜੇ ਕੁੱਝ ਸੁਝਾਵਾਂ ਦੀ ਗੱਲ ਕਰਦੇ ਹਾਂ ਜੋ ਦੰਦਾਂ ਦੀ ਰਾਖੀ ਲਈ ਹਨ:

J ਦੰਦ ਸਿਹਤਮੰਦ ਰੱਖਣ ਲਈ ਰੇਸ਼ੇਦਾਰ ਭੋਜਨ ਪਦਾਰਥਾਂ ਦੀ ਵਰਤੋਂ ਕਰੋ।
J ਭੋਜਨ ਕਰ ਲੈਣ ਪਿਛੋਂ ਸਲਾਦ ਜ਼ਰੂਰ ਖਾਉ ਤਾਕਿ ਦੰਦਾਂ 'ਚ ਫਸੇ ਭੋਜਨ ਦੇ ਛੋਟੇ ਛੋਟੇ ਕਣ ਨਿਕਲ ਜਾਣ ਅਤੇ ਦੰਦ ਸਾਫ਼ ਹੋ ਜਾਣ।
J ਦੰਦਾਂ ਨੂੰ ਹਰ ਵਾਰੀ ਸ਼ੀਸ਼ੇ 'ਚ ਧਿਆਨ ਨਾਲ ਵੇਖੋ। ਕਿਸੇ ਵੀ ਦੰਦ, ਜਾੜ੍ਹ ਉਤੇ ਛੋਟੇ ਜਿਹੇ ਬਿੰਦੂ ਬਰਾਬਰ ਵੀ ਜੇ ਕਾਲਾ ਦਾਗ਼ ਬਣ ਗਿਆ ਹੋਵੇ ਤਾਂ ਚੌਕਸ ਹੋ ਜਾਉ ਅਤੇ ਦੰਦਾਂ ਦੇ ਡਾਕਟਰ ਨੂੰ ਵਿਖਾਉ ਕਿਉਂਕਿ ਇਹ ਮਾਮੂਲੀ ਜਾਂ ਛੋਟਾ ਜਿਹਾ ਦਾਗ਼ ਹੀ ਪਿਛੋਂ ਦੰਦਾਂ ਨੂੰ ਕਮਜ਼ੋਰ ਅਤੇ ਬਿਮਾਰ ਕਰ ਦਿੰਦਾ ਹੈ। 

J ਨਹੁੰ ਨਾਲ ਦੰਦਾਂ ਨੂੰ ਨਾ ਖੁਰਚੋ। 
J ਚਾਕਲੇਟ, ਟਾਫ਼ੀ ਖਾਣ ਨਾਲ ਸੱਭ ਤੋਂ ਵੱਧ ਨੁਕਸਾਨ ਉਨ੍ਹਾਂ ਮਾਸੂਮਾਂ ਨੂੰ ਹੁੰਦਾ ਹੈ ਜੋ ਨਫ਼ਾ-ਨੁਕਸਾਨ 'ਚ ਫ਼ਰਕ ਸਮਝਦੇ ਹੀ ਨਹੀਂ।

J ਮੂੰਹ ਨਾਲ ਸਾਹ ਲੈਣ ਦੀ ਆਦਤ ਪਾ ਲੈਣ ਨਾਲ ਵੀ ਦੰਦ ਖ਼ਰਾਬ ਹੋ ਜਾਂਦੇ ਹਨ। ਅਸਲ 'ਚ ਸਾਹ ਲੈਣ ਦੀ ਸੁਭਾਵਕ ਕਿਰਿਆ ਤਾਂ ਨੱਕ ਨਾਲ ਹੀ ਸੰਭਵ ਹੈ। ਕਦੀ ਕਦੀ ਜ਼ੁਕਾਮ ਆਦਿ ਨਾਲ ਨੱਕ ਬੰਦ ਹੋ ਜਾਂਦਾ ਹੈ ਅਤੇ ਕਿਉਂਕਿ ਸਾਹ ਨਾ ਲੈਣ ਕਰ ਕੇ ਸਕਿੰਟਾਂ 'ਚ ਜਾਨ ਜਾ ਸਕਦੀ ਹੈ, ਇਸ ਲਈ ਕੁਦਰਤ ਨੇ ਮੂੰਹ ਰਾਹੀਂ ਸਾਹ ਲੈਣ ਦੀ ਵਿਵਸਥਾ ਵੈਸੇ ਹੀ ਕੀਤੀ ਹੈ, ਜਿਵੇਂ ਬੱਸ, ਟਰੇਨ 'ਚ ਐਮਰਜੰਸੀ ਖਿੜਕੀ ਦਾ ਹੋਣਾ।

ਆਮ ਹਾਲਤ 'ਚ ਤਾਂ ਸਾਰੇ ਸਿੱਧੇ ਰਾਹ ਤੋਂ ਹੀ ਚੜ੍ਹਦੇ-ਉਤਰਦੇ ਹਨ। ਐਮਰਜੰਸੀ ਖਿੜਕੀ ਤਾਂ ਉਦੋਂ ਹੀ ਕੰਮ ਆਉਂਦੀ ਹੈ ਜਦੋਂ ਕੋਈ ਹੰਗਾਮੀ ਹਾਲਤ ਪੈਦਾ ਹੋ ਜਾਵੇ ਜਿਵੇਂ ਅੱਗ ਲਗਣੀ ਜਾਂ ਐਕਸੀਡੈਂਟ ਹੋਣਾ। ਇਸ ਤਰ੍ਹਾਂ ਮੂੰਹ ਨਾਲ ਤਾਂ ਸਾਹ ਉਦੋਂ ਹੀ ਲੈਣਾ ਚਾਹੀਦਾ ਹੈ ਜਦੋਂ ਰੋਗ ਕਾਰਨ ਨੱਕ ਬੰਦ ਹੋ ਜਾਵੇ।
ਕਈ ਵਾਰ ਕਈ ਲੋਕਾਂ ਦੀਆਂ ਨਾਦਾਨੀਆਂ ਤੇ ਹਾਸਾ ਆਉਂਦਾ ਹੈ ਅਤੇ ਰੋਣਾ ਵੀ। ਜਿਵੇਂ ਕਈ ਲੋਕ ਜਦੋਂ ਕਿਸੇ ਪਾਸਿਉਂ ਤੇਜ਼ ਬਦਬੂ ਆਉਣ ਲਗਦੀ ਹੈ ਤਾਂ ਨੱਕ ਨੂੰ ਹੱਥ ਜਾਂ ਰੁਮਾਲ ਨਾਲ ਕਸ ਕੇ ਬੰਦ ਕਰ ਲੈਂਦੇ ਹਨ ਅਤੇ ਸਾਹ ਮੂੰਹ ਰਾਹੀਂ ਲੈਣ ਲਗਦੇ ਹਨ।

ਭਾਵੇਂ ਇਸ ਨਾਲ ਉਨ੍ਹਾਂ ਨੂੰ ਬਦਬੂ ਦਾ ਅਹਿਸਾਸ ਤਾਂ ਨਹੀਂ ਹੁੰਦਾ ਪਰ ਹਵਾ 'ਚ ਫੈਲੇ ਕੀਟਾਣੂ ਸਿੱਧਾ ਮੂੰਹ ਰਾਹੀਂ ਅੰਦਰ ਚਲੇ ਜਾਂਦੇ ਹਨ। ਕਰਨਾ ਤਾਂ ਇਹ ਚਾਹੀਦਾ ਹੈ ਕਿ ਰੁਮਾਲ ਦੀਆਂ ਦੋ-ਤਿੰਨ ਤਹਿਆਂ ਮਾਰ ਕੇ ਨੱਕ ਉਤੇ ਰੱਖੋ, ਇਸ ਨਾਲ ਸ਼ੁੱਧ ਹਵਾ ਹੀ ਰੁਮਾਲ ਰਾਹੀਂ ਪੁਣ ਕੇ ਅੰਦਰ ਜਾਵੇਗੀ। ਬੋਲੜੇ ਤੱਤ ਬਾਹਰ ਹੀ ਰਹਿ ਜਾਣਗੇ। ਮੂੰਹ ਨੂੰ ਤਾਂ ਇਸ ਸਮੇਂ ਬੰਦ ਹੀ ਰਖਣਾ ਚਾਹੀਦਾ ਹੈ।

ਦੰਦਾਂ ਦਾ ਬਰੱਸ਼ ਨਰਮ ਹੋਵੇ। ਮੰਜਨ ਦਾਣੇਦਾਰ ਅਤੇ ਸਖ਼ਤ ਨਾ ਹੋਵੇ ਜੋ ਮਸੂੜੇ ਛਿੱਲ ਦੇਵੇ। ਖਾਣੇ ਪਿਛੋਂ ਬਰੱਸ਼ ਦੰਦਾਂ ਉਤੇ ਫੇਰ ਲੈਣਾ ਚਾਹੀਦਾ ਹੈ। ਕੈਲਸ਼ੀਅਮ ਭਰਪੂਰ ਭੋਜਨ ਸਹੀ ਮਾਤਰਾ 'ਚ ਖਾਉ। ਹੋਰ ਭੋਜਨ ਪਿਛੋਂ ਦੰਦ ਸਾਫ਼ ਕਰੋ। ਕੁਰਲੀ ਕਰੋ। ਮੈਲੇ ਦੰਦਾਂ ਦੀ ਸਫ਼ਾਈ ਮਾਹਰ ਦੰਦਾਂ ਦੇ ਡਾਕਟਰ ਤੋਂ ਹੀ ਕਰਵਾਉ। ਉਹ ਦੰਦਾਂ ਨੂੰ ਬਲੀਚ ਕਰ ਸਕਦੇ ਹਨ। ਇਕ ਨਾਈਟ ਗਾਰਡ ਰਾਤ ਨੂੰ ਦੰਦਾਂ ਉਤੇ ਲਾਉਣਾ ਚਾਹੀਦਾ ਹੈ। ਤੁਹਾਨੂੰ 2 ਤੋਂ 5 ਵਾਰੀ ਦੰਦਾਂ ਦੇ ਡਾਕਟਰ ਕੋਲ ਜਾਣਾ ਪੈ ਸਕਦਾ ਹੈ।

ਦੰਦਾਂ ਦੀ ਬਾਂਡਿੰਗ (ਪਾਲਿਸ਼) ਵੀ ਕਰਵਾਈ ਜਾ ਸਕਦੀ ਹੈ। ਪਰੋਸਲੀਨ ਲੈਮੀਨੇਸ਼ਨ ਤਕਨੀਕ ਸਥਾਈ ਹੈ ਪਰ ਮਹਿੰਗੀ ਹੈ। ਸਬਮਿਊਕਸ ਡਾਇਬਰੋਸਿਸ ਨਾਮਕ ਘਾਤਕ ਰੋਗ ਤਮਾਕੂ, ਗੁਟਖਾ, ਪਾਨ ਮਸਾਲਾ ਵਰਤਣ ਨਾਲ ਹੋ ਜਾਂਦਾ ਹੈ। ਬਰੱਸ਼ ਕਰਨ ਦੀ ਸਹੀ ਵਿਧੀ ਹੀ ਅਪਣਾਉ।
ਸੰਪਰਕ : 98156-29301