ਭਾਰ ਘਟਾਉਣਾ ਲਈ ਹਫ਼ਤੇ ’ਚ ਦੋ ਵਾਰ ਜ਼ਰੂਰ ਖਾਉ ਪੋਹਾ, ਹੋਣਗੇ ਕਈ ਫ਼ਾਇਦੇ
ਪੋਹੇ ਵਿਚ ਹਾਈ ਫ਼ਾਈਬਰ ਅਤੇ ਆਇਰਨ ਮਿਲ ਜਾਂਦਾ ਹੈ
ਮੁਹਾਲੀ : ਕਈ ਲੋਕ ਨਾਸ਼ਤੇ ਵਿਚ ਸੈਂਡਵਿਚ ਖਾਣਾ ਚਾਹੁੰਦੇ ਹਨ, ਉੱਥੇ ਹੀ ਕਈ ਵਾਰ ਨਾਸ਼ਤੇ ਵਿਚ ਪੋਹਾ ਵੀ ਸ਼ਾਮਲ ਕਰਦੇ ਹਨ। ਜਦੋਂ ਕਿ ਨਾਸ਼ਤੇ ਵਿਚ ਪੋਹਾ ਠੀਕ ਨਹੀਂ ਹੈ ਪਰ ਹਫ਼ਤੇ ਵਿਚ ਘੱਟੋ-ਘੱਟ ਦੋ-ਚਾਰ ਵਾਰ ਜ਼ਰੂਰ ਖਾਣਾ ਚਾਹੀਦਾ ਹੈ। ਦਰਅਸਲ ਪੋਹਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਆਉ ਜਾਣਦੇ ਹਾਂ ਪੋਹਾ ਖਾਣ ਦੇ ਫ਼ਾਇਦਿਆਂ ਬਾਰੇ:
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪੋਹਾ ਖਾਉ, ਇਸ ਨਾਲ ਆਸਾਨੀ ਨਾਲ ਭਾਰ ਘੱਟ ਹੋ ਸਕਦਾ ਹੈ। ਇਸ ਵਿਚ ਮਿਲਣ ਵਾਲਾ ਫ਼ਾਈਬਰ ਤੁਹਾਨੂੰ ਜ਼ਿਆਦਾ ਦੇਰ ਤਕ ਭੁੱਖ ਨਹੀਂ ਲੱਗਣ ਦਿੰਦਾ ਅਤੇ ਇਹ ਤੁਹਾਨੂੰ ਪੇਟ ਭਰਿਆ ਮਹਿਸੂਸ ਕਰਦਾ ਹੈ। ਤੇਲ ਵਾਲਾ ਨਾਸ਼ਤਾ ਕਰਨ ਨਾਲ ਅਕਸਰ ਬਦਹਜ਼ਮੀ ਅਤੇ ਪੇਟ ਵਿਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਕਿ ਸਵੇਰ ਦੇ ਨਾਸ਼ਤੇ ਵਿਚ ਪੋਹੇ ਨੂੰ ਸ਼ਾਮਲ ਕਰਨ ਨਾਲ ਪਾਚਨ, ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਨਾਲ ਹੀ ਕਬਜ਼ ਦੀ ਸਮੱਸਿਆ ਵੀ ਦੂਰ ਹੋਣ ਲਗਦੀ ਹੈ। ਇਸ ਨੂੰ ਖਾਣ ਤੋਂ ਬਾਅਦ ਪੇਟ ਵਿਚ ਭਾਰੀਪਨ ਨਹੀਂ ਹੁੰਦਾ।
ਪੋਹੇ ਵਿਚ ਹਾਈ ਫ਼ਾਈਬਰ ਅਤੇ ਆਇਰਨ ਮਿਲ ਜਾਂਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਪੋਹਾ ਵਧੀਆ ਨਾਸ਼ਤਾ ਹੋ ਸਕਦਾ ਹੈ। ਪੋਹਾ ਖਾਣ ਨਾਲ ਸਰੀਰ ਵਿਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਖ਼ੂਨ ਘੱਟ ਹੁੰਦਾ ਹੈ, ਉਨ੍ਹਾਂ ਨੂੰ ਨਾਸਤੇ ’ਚ ਪੋਹਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਅਸਲ ’ਚ ਪੋਹੇ ਵਿਚ ਆਇਰਨ ਦੇ ਗੁਣ ਮਿਲ ਜਾਂਦੇ ਹਨ ਜੋ ਸਰੀਰ ਵਿਚ ਖ਼ੂਨ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦੇ ਹਨ।
ਸਵੇਰ ਵੇਲੇ ਪੋਹਾ ਖਾਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਜੋ ਤੁਹਾਨੂੰ ਤੰਦਰੁਸਤ ਰਖਣ ਵਿਚ ਮਦਦ ਕਰਦਾ ਹੈ। ਪੋਹੇ ਵਿਚ ਕਾਫ਼ੀ ਮਾਤਰਾ ’ਚ ਕਾਰਬੋਹਾਈਡ੍ਰੇਟਸ ਮਿਲ ਜਾਂਦੇ ਹਨ, ਜੋ ਸਰੀਰ ਨੂੰ ਐਨਰਜੀ ਦੇਣ ਦਾ ਕੰਮ ਕਰਦੇ ਹਨ। ਇਸ ਨਾਲ ਤੁਹਾਡਾ ਪੇਟ ਵੀ ਲੰਮੇ ਸਮੇਂ ਤਕ ਭਰਿਆ ਰਹਿੰਦਾ ਹੈ।