ਛੱਤ-ਬਗ਼ੀਚੀ ਵਿਚ ਉਗਾਈਆਂ ਗਈਆਂ ਸਬਜ਼ੀਆਂ ਖਾਣ ਲਈ ਹਨ ਸੁਰੱਖਿਅਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬਗ਼ੀਚੀ ਵਿਚੋਂ ਨਿਕਲਣ ਵਾਲੇ ਵਾਧੂ ਖ਼ੁਰਾਕੀ ਤੱਤਾਂ ਦੇ ਘੋਲ ਨੂੰ ਫ਼ਿਲਟਰ ਕਰ ਕੇ ਮੁੜ ਵਰਤਿਆ ਜਾ ਸਕਦਾ ਹੈ।

photo

 

ਮੁਹਾਲੀ : ਸ਼ਹਿਰੀ ਤੇ ਅਰਧ-ਸ਼ਹਿਰੀ ਖੇਤਰਾਂ ਵਿਚ ਥਾਂ ਦੀ ਘਾਟ ਅਤੇ ਜ਼ਮੀਨ ਮਹਿੰਗੀ ਹੋਣ ਕਾਰਨ ਲੋਕ ਚਾਹੁੰਦੇ ਹੋਏ ਵੀ ਅਪਣੇ ਲਈ ਤਾਜ਼ੀਆਂ ਸਬਜ਼ੀਆਂ ਨਹੀਂ ਉਗਾ ਸਕਦੇ। ਘਰ ਦੀ ਛੱਤ ਜਾਂ ਟੈਰੇਸ ’ਤੇ ਬਣਾਈ ਗਈ ਸਬਜ਼ੀਆਂ ਦੀ ਬਗ਼ੀਚੀ ਘਰੇਲੂ ਪੱਧਰ ’ਤੇ ਖ਼ੁਰਾਕ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਤੇ ਤਾਜ਼ੀਆਂ ਸਬਜ਼ੀਆਂ ਦੀ ਪ੍ਰਾਪਤ ਨੂੰ ਯਕੀਨੀ ਬਣਾ ਸਕਦੀ ਹੈ। ਘਰ ਦੀ ਛੱਤ, ਘਰ ਦੇ ਅਗਲੇ ਜਾਂ ਪਿਛਲੇ ਵਿਹੜੇ ਵਿਚ ਸਬਜ਼ੀਆਂ ਦੀ ਬਗ਼ੀਚੀ ਲਈ ਭੂਮੀ ਰਹਿਤ ਮਾਧਿਅਮ, ਜਿਵੇਂ ਨਾਰੀਅਲ ਦਾ ਬੁਰਾਦਾ ਆਦਿ ਸਬਜ਼ੀਆਂ ਉਗਾਉਣ ਲਈ ਵਰਤਿਆ ਜਾਂਦਾ ਹੈ।

ਛੱਤ ’ਤੇ ਸਬਜ਼ੀਆਂ ਉਗਾਉਣ ਲਈ ਬਗ਼ੀਚੀ ਦੇ ਢਾਂਚੇ ਦਾ ਡਿਜ਼ਾਈਨ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਤਾਂ ਜੋ ਢਾਂਚੇ ਦਾ ਛੱਤ ’ਤੇ ਜ਼ਿਆਦਾ ਭਾਰ ਨਾ ਪਵੇ ਅਤੇ ਇਹ ਬਾਰਸ਼ ਤੇ ਕਾਸ਼ਤਕਾਰੀ ਢੰਗਾਂ ਦੇ ਅਨੁਕੂਲ ਹੋਵੇ। ਛੱਤ ’ਤੇ ਸਬਜ਼ੀਆਂ ਦੀ ਬਗ਼ੀਚੀ ਵਾਲੀ ਥਾਂ ਛਾਂ ਤੋਂ ਰਹਿਤ ਹੋਣੀ ਚਾਹੀਦੀ ਹੈ। ਛੱਤ-ਬਗ਼ੀਚੀ ਦਾ ਮਾਡਲ ਆਸਾਨ ਰੱਖ-ਰਖਾਅ ਨੂੰ ਧਿਆਨ ਵਿਚ ਰੱਖ ਕੇ ਵਿਕਸਤ ਕੀਤਾ ਗਿਆ ਹੈ। ਛੱਤ-ਬਗ਼ੀਚੀ ਦੇ ਢਾਂਚੇ ਦਾ 5 ਕਤਾਰਾਂ ਵਾਲੇ ਮਾਡਲ ਲਈ ਨਿਰੋਲ ਖੇਤਰ 12.6 ਵਰਗ ਮੀਟਰ (4.2&3.0 ਮੀਟਰ) ਅਤੇ ਕੁਲ ਖੇਤਰ 20 ਵਰਗ ਮੀਟਰ (5.5&3.6 ਮੀਟਰ) ਹੈ। ਬਗ਼ੀਚੀ ਦੇ ਇਸ ਮਾਡਲ ਵਿਚ ਖ਼ੁਰਾਕੀ ਤੱਤਾਂ ਦੇ ਘੋਲ ਦੀ ਸਪਲਾਈ ਨੂੰ ਆਟੋਮੈਟਿਕ ਕਰਨ ਲਈ ਟਾਈਮਰ ਨਾਲ ਜੋੜਿਆ ਗਿਆ ਹੈ ਤਾਂ ਜੋ ਰੁਝੇਵੇਂ ਭਰੀ ਜ਼ਿੰਦਗੀ ਜਿਊਣ ਵਾਲੇ ਲੋਕ ਵੀ ਤਾਜ਼ੀਆਂ ਸਬਜ਼ੀਆਂ ਉਗਾ ਸਕਣ।

ਇਸ ਬਗ਼ੀਚੀ ਵਿਚੋਂ ਨਿਕਲਣ ਵਾਲੇ ਵਾਧੂ ਖ਼ੁਰਾਕੀ ਤੱਤਾਂ ਦੇ ਘੋਲ ਨੂੰ ਫ਼ਿਲਟਰ ਕਰ ਕੇ ਮੁੜ ਵਰਤਿਆ ਜਾ ਸਕਦਾ ਹੈ। ਬਗ਼ੀਚੀ ਵਿਚ ਕੋਹਰੇ ਤੇ ਬਾਰਸ਼ ਤੋਂ ਬਚਾਅ ਲਈ ਯੂਵੀ ਸ਼ੀਟ ਲਗਾਉਣ ਦੀ ਸਹੂਲਤ ਹੈ। ਗਰਮੀਆਂ ਵਿਚ ਸਿੱਧੀ ਧੁੱਪ ਤੋਂ ਬਚਾਅ ਲਈ ਇਸ ਉਪਰ ਸ਼ੈੱਡ-ਨੈੱਟ ਲਗਾਏ ਜਾਣ ਦੀ ਵੀ ਸਹੂਲਤ ਹੈ। ਇਸ ਤੋਂ ਇਲਾਵਾ ਥਾਂ ਦੇ ਆਧਾਰ ’ਚ ਬਗ਼ੀਚੀ ਦੇ ਛੋਟੇ ਮਾਡਲ ਵੀ ਮਿਲਦੇ ਹਨ। ਛੱਤ-ਬਗ਼ੀਚੀ ਵਿਚ ਸਰਦੀ ਤੇ ਗਰਮੀ ਰੁੱਤ ਦੀਆਂ ਸਬਜ਼ੀਆਂ ਨੂੰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਕਮਜ਼ੋਰ ਤਣੇ ਵਾਲੀਆਂ ਸਬਜ਼ੀਆਂ ਨੂੰ ਸਿੱਧੇ ਰੱਖਣ ਲਈ ਨਾਈਲੋਨ ਦੇ ਧਾਗੇ ਤੇ ਰੋਲਰ ਹੁਕ ਦੀ ਮਦਦ ਨਾਲ ਜੀਆਈ ਤਾਰਾਂ ਨਾਲ ਲਟਕਾਇਆ ਜਾਂਦਾ ਹੈ ਤਾਂ ਜੋ ਚੰਗੀਆਂ ਤੇ ਮਿਆਰੀ ਸਬਜ਼ੀਆਂ ਪੈਦਾ ਕੀਤੀਆਂ ਜਾ ਸਕਣ।

ਸਰਦ ਰੁੱਤ ਵਿਚ ਛੱਤਾਂ ’ਤੇ ਬਗ਼ੀਚੀ ਵਿਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਜਿਵੇਂ ਪਾਲਕ, ਮਟਰ, ਲੈਟਿਊਸ, ਮੇਥੀ, ਧਨੀਆ, ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਫੁੱਲ ਗੋਭੀ, ਪੱਤਾ ਗੋਭੀ, ਕੇਲ ਤੇ ਚੀਨੀ ਸਰ੍ਹੋਂ ਕਾਮਯਾਬੀ ਨਾਲ ਉਗਾਈਆਂ ਜਾ ਰਹੀਆਂ ਹਨ। ਸਬਜ਼ੀਆਂ ਦੀ ਅਗੇਤੀ-ਪਿਛੇਤੀ ਬਿਜਾਈ ਕਰ ਕੇ ਜਾਂ ਸਬਜ਼ੀਆਂ ਦੀ ਕਟਾਈ ਦਾ ਸਮਾਂ ਅੱਗੇ-ਪਿੱਛੇ ਕਰ ਕੇ ਸਾਰਾ ਸੀਜ਼ਨ ਸਬਜ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਗਰਮੀ ਰੁੱਤ ਦੀਆਂ ਸਬਜ਼ੀਆਂ, ਜਿਵੇਂ ਚੱਪਣ ਕੱਦੂ, ਖੀਰਾ, ਮਿਰਚ, ਬੈਂਗਣ, ਕਰੇਲਾ, ਭਿੰਡੀ, ਪੁਦੀਨਾ ਆਦਿ ਉਗਾਏ ਜਾ ਸਕਦੇ ਹਨ। ਛੱਤ-ਬਗ਼ੀਚੀ ਵਿਚ ਉਗਾਈਆਂ ਗਈਆਂ ਸਬਜ਼ੀਆਂ ਖਾਣ ਲਈ ਸੁਰੱਖਿਅਤ ਤੇ 2 ਤੋਂ 4 ਜੀਆਂ ਵਾਲੇ ਪ੍ਰਵਾਰ ਲਈ ਕਾਫ਼ੀ ਹੁੰਦੀਆਂ ਹਨ। ਇਥੇ ਇਕ ਗੱਲ ਧਿਆਨ ਰਖਣਯੋਗ ਹੈ ਕਿ ਭੂਮੀ ਰਹਿਤ ਕਾਸ਼ਤਕਾਰੀ ਢੰਗ ਨਾਲ ਉਗਾਈ ਜਾਣ ਵਾਲੀ ਫ਼ਸਲ ਨੂੰ ਹਮੇਸ਼ਾ ਖ਼ੁਰਾਕੀ ਤੱਤਾਂ ਦੇ ਘੋਲ ਨਾਲ ਸਿੰਜਿਆ ਜਾਂਦਾ ਹੈ। ਇਸ ਬਗ਼ੀਚੀ ਨੂੰ ਸਜਾਵਟੀ ਜਾਂ ਦਵਾਈਆਂ ਵਾਲੇ ਪੌਦੇ ਉਗਾਉਣ ਲਈ ਵੀ ਵਰਤਿਆ ਜਾ ਸਕਦਾ ਹੈ।