ਮਿੱਟੀ ਦੇ ਭਾਂਡਿਆਂ ’ਚ ਬਣਿਆ ਖਾਣਾ ਰੱਖੇਗਾ ਤੁਹਾਨੂੰ ਬੀਮਾਰੀਆਂ ਤੋਂ ਬਚਾ ਕੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮਿੱਟੀ ਦੇ ਭਾਂਡੇ ਹੁਣ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਰਹੇ।

Food made in pottery will keep you safe from diseases


ਬਦਲਦੇ ਸਮੇਂ ਨਾਲ ਸਾਡੀ ਜ਼ਿੰਦਗੀ ਜਿਉਣ ਦੇ ਤਰੀਕੇ ਵਿਚ ਬਹੁਤ ਤਬਦੀਲੀ ਆਈ ਹੈ। ਇਥੋਂ ਤਕ ਕਿ ਸਾਡਾ ਖਾਣ ਪੀਣ ਦਾ ਤਰੀਕਾ ਵੀ ਪੂਰੀ ਤਰ੍ਹਾਂ ਬਦਲ ਗਿਆ ਹੈ। ਇਕ ਸਮਾਂ ਸੀ ਜਦੋਂ ਔਰਤਾਂ ਖਾਣਾ ਪਕਾਉਣ ਲਈ ਸਟੋਵ ਅਤੇ ਮਿੱਟੀ ਦੇ ਚੁੱਲ੍ਹੇ ਦੀ ਵਰਤੋਂ ਕਰਦੀਆਂ ਸਨ ਪਰ ਹੁਣ ਉਨ੍ਹਾਂ ਦੀ ਥਾਂ ਗੈਸ ਚੁੱਲ੍ਹੇ ਅਤੇ ਤੰਦੂਰਾਂ ਨੇ ਲੈ ਲਈ ਹੈ। ਹੁਣ ਗੈਸ ਅਤੇ ਨਾਨ ਸਟਿਕ ਫ਼ਰਾਈਪੈਨ ਦੀ ਵਰਤੋਂ ਰੋਟੀ ਬਣਾਉਣ ਲਈ ਕੀਤੀ ਜਾਣ ਲੱਗ ਪਈ ਹੈ। ਮਿੱਟੀ ਦੇ ਭਾਂਡੇ ਹੁਣ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਰਹੇ। ਪਰ ਤੁਸੀਂ ਜਾਣਦੇ ਹੋ ਕਿ ਮਿੱਟੀ ਦੇ ਬਣੇ ਭਾਂਡੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਵਿਚ ਅਹਿਮ ਯੋਗਦਾਨ  ਪਾਉਂਦੇ ਹਨ। ਪਹਿਲੇ ਸਮਿਆਂ ਵਿਚ ਲੋਕ ਮਿੱਟੀ ਦੇ ਬਣੇ ਭਾਂਡਿਆਂ ਵਿਚ ਖਾਣਾ ਖਾਂਦੇ ਸਨ। ਇਸ ਲਈ ਉਹ ਘੱਟ ਬੀਮਾਰ ਹੁੰਦੇ ਸਨ। ਆਉ ਅਸੀਂ ਤੁਹਾਨੂੰ ਮਿੱਟੀ ਦੇ ਭਾਂਡਿਆਂ ਵਿਚ ਖਾਣਾ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:

 

ਜੇ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਪ੍ਰੈਸ਼ਰ ਕੁਕਰ ਦੀ ਬਜਾਏ ਮਿੱਟੀ ਦੇ ਬਰਤਨ ਵਿਚ ਭੋਜਨ ਪਕਾਉ। ਮਿੱਟੀ ਦੇ ਘੜੇ ਵਿਚ ਬਣਿਆ ਖਾਣਾ ਖਾਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਸਲਫ਼ਰ, ਆਇਰਨ, ਸਿਲੀਕਾਨ, ਕੋਬਾਲਟ, ਜਿਪਸਮ, ਆਦਿ ਸ਼ਾਮਲ ਹਨ। ਜੇਕਰ ਤੁਸੀਂ ਪ੍ਰੈਸ਼ਰ ਕੁਕਰ ਵਿਚ ਬਣਿਆ ਖਾਣਾ ਖਾਂਦੇ ਹੋ ਤਾਂ ਇਹ ਸਾਰੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਲਈ, ਜੇ ਤੁਸੀਂ ਅਪਣੀ ਸਿਹਤ ਨੂੰ ਤੰਦਰੁਸਤ ਰਖਣਾ ਚਾਹੁੰਦੇ ਹੋ ਤਾਂ ਮਿੱਟੀ ਦੇ ਬਣੇ ਭਾਂਡਿਆਂ ਦਾ ਇਸਤੇਮਾਲ ਕਰੋ।

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ। ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜਦੋਂ ਤੁਸੀਂ ਮਿੱਟੀ ਦੇ ਬਣੇ ਤਵੇ ਦੀ ਬਣੀ ਰੋਟੀ ਖਾਉਗੇ।  ਮਿੱਟੀ ਦੇ ਤਵੇ ’ਤੇ ਬਣੀ ਰੋਟੀ ਖਾਣ ਨਾਲ ਨਾ ਸਿਰਫ਼ ਕਬਜ਼ ਦੀ ਸਮੱਸਿਆ ਦੂਰ ਹੋਵੇਗੀ ਬਲਕਿ ਗੈਸ ਦੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ।

ਜੇ ਅਸੀਂ ਸੂਖਮ ਪੌਸ਼ਟਿਕ ਤੱਤਾਂ ਦੀ ਗੱਲ ਕਰੀਏ ਤਾਂ ਇਹ ਮਿੱਟੀ ਦੇ ਭਾਂਡਿਆਂ ਵਿਚ ਬਣੀਆਂ ਦਾਲਾਂ ਅਤੇ ਸਬਜ਼ੀਆਂ ਵਿਚ 100 ਫ਼ੀ ਸਦੀ ਮਿਲ ਜਾਂਦੇ ਹਨ ਜਦੋਂ ਕਿ ਪ੍ਰੈਸ਼ਰ ਕੁਕਰ ਵਿਚਲੀਆਂ ਬਣੀਆਂ ਦਾਲਾਂ ਅਤੇ ਸਬਜ਼ੀਆਂ ਦੇ 87 ਫ਼ੀ ਸਦੀ ਪੌਸ਼ਟਿਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਮਿੱਟੀ ਦੇ ਬਣੇ ਤਵੇ ਤੇ ਰੋਟੀ ਬਣਾਉਣ ਨਾਲ ਇਸ ਦੇ ਪੌਸ਼ਟਿਕ ਤੱਤ ਖ਼ਤਮ ਨਹੀਂ ਹੁੰਦੇ। ਮਿੱਟੀ ਦੇ ਬਰਤਨ ਵਿਚ ਖਾਣਾ ਬਹੁਤ ਸਵਾਦਿਸ਼ਟ ਬਣਦਾ ਹੈ। ਇਸ ਤੋਂ ਇਲਾਵਾ, ਇਹ ਪ੍ਰੋਟੀਨ ਨਾਲ ਭਰਪੂਰ ਵੀ ਹੁੰਦਾ ਹੈ ਜੋ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

ਮਿੱਟੀ ਦੇ ਭਾਂਡੇ ਦੇਖਣ ਨੂੰ ਵੀ ਬਹੁਤ ਸੁੰਦਰ ਲਗਦੇ ਹਨ। ਪ੍ਰੰਤੂ ਉਨ੍ਹਾਂ ਨੂੰ ਥੋੜ੍ਹਾ ਸੰਭਾਲ ਕੇ ਰਖਣਾ ਪੈਂਦਾ ਹੈ ਕਿਉਂਕਿ ਜਦੋਂ ਉਹ ਥੱਲੇ ਡਿਗਦੇ ਹਨ ਤਾਂ ਉਹ ਟੁਟ ਜਾਂਦੇ ਹਨ। ਜੇ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ, ਤਾਂ ਆਮ ਦੀ ਬਜਾਏ ਕੁਲਹੜ ਵਿਚ ਚਾਹ ਦਾ ਅਨੰਦ ਲਉ। ਮਿੱਟੀ ਦੇ ਬਰਤਨਾਂ ਦੇ ਬਹੁਤ ਫ਼ਾਇਦੇ ਹੋਣ ਦੇ ਨਾਲ-ਨਾਲ ਇਹ ਕਾਫ਼ੀ ਸਸਤੇ ਵੀ ਹੁੰਦੇ ਹਨ। ਜੇ ਤੁਸੀਂ ਬੀਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਅਤੇ ਇਕ ਮਜ਼ੇਦਾਰ ਪਕਵਾਨ ਖਾਣਾ ਚਾਹੁੰਦੇ ਹੋ, ਤਾਂ ਹੁਣ ਮਿੱਟੀ ਦੇ ਬਣੇ ਬਰਤਨਾਂ ਦੀ ਵਰਤੋਂ ਸ਼ੁਰੂ ਕਰ ਦੇਵੋ।