ਫਲਾਂ ਕੋਲ ਹੈ ਸੁੰਦਰਤਾ ਦਾ ਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰ ਔਰਤ ਦੀ ਇਹੀ ਇੱਛਾ ਹੁੰਦੀ ਹੈ ਕਿ ਉਹ ਸੋਹਣੀ ਵਿਖਾਈ ਦੇਵੇ, ਸਜੀ-ਸੰਵਰੀ, ਸਦਾਬਹਾਰ ਰਹੇ ਅਤੇ ਉਸ ਦੀ ਚਮੜੀ, ਕਾਇਆ ਸਦਾ ਕੋਮਲ ਅਤੇ ਸਾਫ਼ ਸੁਥਰੀ, ਸੁੰਦਰ ਬਣੀ ਰਹੇ। ...

Fruits

ਹਰ ਔਰਤ ਦੀ ਇਹੀ ਇੱਛਾ ਹੁੰਦੀ ਹੈ ਕਿ ਉਹ ਸੋਹਣੀ ਵਿਖਾਈ ਦੇਵੇ, ਸਜੀ-ਸੰਵਰੀ, ਸਦਾਬਹਾਰ ਰਹੇ ਅਤੇ ਉਸ ਦੀ ਚਮੜੀ, ਕਾਇਆ ਸਦਾ ਕੋਮਲ ਅਤੇ ਸਾਫ਼ ਸੁਥਰੀ, ਸੁੰਦਰ ਬਣੀ ਰਹੇ। ਬਸ ਫਿਰ ਇਸ ਲਈ ਤੁਹਾਨੂੰ ਲੋੜ ਹੈ ਥੋੜੀ ਜਹੀ ਮਿਹਨਤ ਕਰਨ ਦੀ, ਯਤਨ ਕਰਨ ਦੀ। ਤੁਸੀ ਰੋਜ਼ਾਨਾ ਫਲਾਂ ਦੀ ਵਰਤੋਂ ਨਾਲ ਸੁੰਦਰਤਾ ਹਾਸਲ ਕਰ ਸਕਦੇ ਹੋ।

ਰਸਭਰੀ : ਰਸਭਰੀ ਖ਼ੂਨ ਦੇ ਸੰਚਾਰ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦੀਆਂ ਪੱਤੀਆਂ ਤੋਂ ਸ਼ਰਬਤ ਤੇ ਲੋਸ਼ਨ ਵੀ ਬਣਾਇਆ ਜਾਂਦਾ ਹੈ। ਲੋਸ਼ਨ ਹਰ ਮੌਸਮ 'ਚ ਚਮੜੀ ਦੀ ਰਖਿਆ ਲਈ ਲਾਭਕਾਰੀ ਹੈ। ਰਸਭਰੀ 'ਚੋਂ ਕਾਫ਼ੀ ਮਾਤਰਾ 'ਚ ਵਿਟਾਮਿਨ-ਸੀ ਪ੍ਰਾਪਤ ਹੁੰਦਾ ਹੈ। ਤੁਸੀ ਇਸ ਦਾ ਸੇਵਨ ਜ਼ਰੂਰ ਕਰੋ, ਨਾਲੇ ਇਸ ਦੇ ਗੁੱਦੇ ਦਾ ਲੇਪ ਗਲ ਅਤੇ ਚਿਹਰੇ 'ਤੇ ਜ਼ਰੂਰ ਕਰੋ। ਸੁੱਕਣ 'ਤੇ ਕੋਸੇ ਪਾਣੀ ਨਾਲ ਧੋਵੋ, ਚਿਹਰੇ ਦਾ ਰੰਗ ਸਾਫ਼ ਹੋਵੇਗਾ। ਮਗਰੋਂ ਕੋਸੇ ਪਾਣੀ ਨਾਲ ਧੋ ਲਵੋ। ਚਮੜੀ ਲਈ ਚੰਗਾ ਟਾਨਿਕ ਹੈ, ਰੰਗ ਨਿਖਰਦਾ ਹੈ ਤੇ ਚਿਹਰੇ ਦੀ ਨਮੀ ਬਣੀ ਰਹਿੰਦੀ ਹੈ।

ਪਪੀਤਾ : ਪਪੀਤਾ ਪੇਟ ਅਤੇ ਅੱਖਾਂ ਦੀਆਂ ਬੀਮਾਰੀਆਂ ਲਈ ਜਿੰਨਾ ਫ਼ਾਇਦੇਮੰਦ ਹੈ, ਓਨਾ ਹੀ ਚਮੜੀ ਅਤੇ ਸੁੰਦਰਤਾ ਲਈ ਮਹੱਤਵਪੂਰਨ ਫੱਲ ਹੈ। ਇਕ ਚੱਮਚ ਪਪੀਤਾ ਪੀਸ ਕੇ ਚਿਹਰੇ 'ਤੇ 15 ਮਿੰਟ ਲਾਉਣ ਨਾਲ ਚਿਹਰਾ ਮੁਲਾਇਮ, ਚਿਕਨਾ, ਚਮਕਦਾਰ ਬਣਦਾ ਹੈ। ਕਿੱਲ, ਮੁਹਾਸੇ ਵੀ ਸਾਫ਼ ਹੋ ਜਾਂਦੇ ਹਨ।

ਕੇਲਾ : ਕੇਲਾ ਬਹੁਤ ਹੀ ਪੋਸ਼ਟਿਕ ਫੱਲ ਹੈ ਤੇ ਔਸ਼ਧੀ ਵੀ ਤੇ ਨਾਲ ਹੀ ਵਟਣੇ ਦਾ ਕੰਮ ਵੀ ਬਾਖ਼ੂਬੀ ਕਰਦਾ ਹੈ। ਇਸ ਦੇ ਗੁੱਦੇ ਨੂੰ ਦਹੀਂ 'ਚ ਮਿਲਾ ਕੇ ਚਿਹਰੇ 'ਤੇ ਮਾਸਕ ਦੀ ਤਰ੍ਹਾਂ ਲਾਉਣ ਨਾਲ ਵਧੀਆ ਅਸਰ ਹੁੰਦਾ ਹੈ। ਕਾਲੇ ਦਾਗ਼ ਵੀ ਖ਼ਤਮ ਹੋ ਜਾਂਦੇ ਹਨ। ਹੱਥਾਂ, ਕੂਹਣੀਆਂ, ਗੋਡੇ, ਗਰਦਨ ਆਦਿ ਦਾ ਕਾਲਾਪਨ ਦੂਰ ਕਰਨ ਲਈ ਕੇਲੇ ਦੇ ਟੁਕੜੇ ਮੱਲੋ। ਇਸ ਦੇ ਗੁੱਦੇ ਨੂੰ ਨਾਰੀਅਲ, ਜੈਤੂਨ ਦੇ ਤੇਲ ਦੀਆਂ ਕੁੱਝ ਬੂੰਦਾਂ, ਥੋੜਾ ਜਿਹਾ ਸ਼ਹਿਦ ਮਿਲਾ ਕੇ ਚਿਹਰੇ ਜਾਂ ਹੱਥਾਂ ਲਈ ਵਧੀਆ ਪੈਕ (ਵਟਣਾ) ਤਿਆਰ ਕਰ ਸਕਦੇ ਹੋ।

ਸੇਬ : ਇਹ ਤੇਲ ਵਾਲੀ ਚਮੜੀ ਲਈ ਬਹੁਤ ਹੀ ਵਧੀਆ ਟਾਨਿਕ ਹੈ। ਇਸ ਦੇ ਰਸ ਨੂੰ ਮਾਲਟ ਸਿਰਕੇ 'ਚ ਮਿਲਾ ਕੇ ਵਾਲ ਧੋਣ ਨਾਲ ਵਾਲਾਂ ਵਿਚ ਸੁਨਹਿਰਾ ਰੰਗ ਆ ਜਾਂਦਾ ਹੈ। ਸੇਬ ਦਾ ਲੇਪ ਬਣਾ ਕੇ ਚਿਹਰੇ 'ਤੇ ਮਾਸਕ ਦੇ ਰੂਪ 'ਚ ਲਾਉ, 15 ਮਿੰਟ ਬਾਅਦ ਚਿਹਰਾ ਧੋ ਲਵੋ ਤੇ ਫਿਰ ਚਿਹਰੇ ਦਾ ਰੰਗ ਦੇਖੋ।
ਖੁਰਮਾਣੀ : ਇਸ ਵਿਚ ਵੀ ਚਮੜੀ ਨੂੰ ਨਿਖਾਰਨ ਦੇ ਗੁਣ ਹੁੰਦੇ ਹਨ। ਇਸ ਵਿਚ ਵਿਟਾਮਿਨ-ਏ ਹੁੰਦਾ ਹੈ। ਇਸ ਦੀ ਕਰੀਮ ਚਿਹਰੇ 'ਤੇ ਲਾਉਣ ਨਾਲ ਝੁਰੜੀਆਂ ਤੋਂ ਫ਼ਾਇਦਾ ਮਿਲਦਾ ਹੈ।

ਤਰਬੂਜ਼ : ਇਸ ਦੇ ਪਤਲੇ ਟੁਕੜੇ ਕਰ ਕੇ ਚਿਹਰੇ 'ਤੇ ਰਗੜੋ ਜਾਂ ਰਸ ਕੱਢ ਕੇ ਚਿਹਰੇ ਅਤੇ ਗਰਦਨ 'ਤੇ 15 ਮਿੰਟ ਤਕ ਲਗਾਉਣ ਨਾਲ ਤਾਜ਼ਗੀ ਅਤੇ ਠੰਢਕ ਮਹਿਸੂਸ ਹੁੰਦੀ ਹੈ।
ਅੰਗੂਰ : ਇਹ ਲਵਣ ਯੁਕਤ ਫੱਲ ਹੈ। ਇਸ ਦਾ ਉਪਯੋਗ ਚਿਹਰੇ ਦੀ ਬਲੀਚਿੰਗ ਅਤੇ ਸਾਫ਼ ਕਰਨ 'ਚ ਕੀਤਾ ਜਾਂਦਾ ਹੈ।

ਸੰਤਰਾ : ਚਿਹਰੇ 'ਤੇ ਝੁਰੜੀਆਂ ਹੋਣ 'ਤੇ ਸੰਤਰੇ ਦੇ ਰਸ 'ਚ ਚੌਲ ਅਤੇ ਮਸਰ ਦੀ ਦਾਲ ਦਾ ਚੂਰਨ ਬਣਾ ਕੇ, ਮੁਲਤਾਨੀ ਮਿੱਟੀ ਮਿਲਾ ਕੇ, ਚਿਹਰੇ 'ਤੇ ਲੇਪ ਕਰੋ। 7-8 ਮਿੰਟ ਮਗਰੋਂ ਸਾਫ਼ ਪਾਣੀ ਨਾਲ ਮੂੰਹ ਧੋ ਲਵੋ। ਕੁੱਝ ਦਿਨ ਇੰਜ ਕਰਨ ਨਾਲ ਝੁਰੜੀਆਂ ਸਾਫ਼ ਹੋ ਜਾਣਗੀਆਂ ਅਤੇ ਰੰਗ ਵੀ ਨਿਖਰ ਆਵੇਗਾ।