ਤੁਹਾਨੂੰ ਬੀਮਾਰੀਆਂ ਦੇ ਘੇਰੇ ਵਿਚ ਲੈ ਸਕਦੀ ਹੈ ਅੱਧੀ-ਅਧੂਰੀ ਨੀਂਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਅਸੀਂ ਤੁਹਾਨੂੰ ਦਸਦੇ ਹਾਂ ਕਿ ਭਰਪੂਰ ਨੀਂਦ ਨਾ ਲੈਣ ਤੋਂ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।

Image: For representation purpose only.


ਤੰਦਰੁਸਤ ਰਹਿਣ ਲਈ ਜਿੰਨਾ ਜ਼ਰੂਰੀ ਕਸਰਤ ਕਰਨਾ ਹੈ, ਓਨੀ ਹੀ ਜ਼ਰੂਰੀ ਭਰਪੂਰ ਨੀਂਦ ਵੀ ਹੈ।  ਕੰਮ, ਰੁਝੇਵੇਂ ਭਰੀ ਜੀਵਨਸ਼ੈਲੀ ਅਤੇ ਤਣਾਅ ਦੇ ਚੱਕਰ ਵਿਚ ਅਕਸਰ ਨੀਂਦ ਪੂਰੀ ਨਹੀਂ ਹੁੰਦੀ। ਖ਼ਾਸਕਰ ਔਰਤਾਂ ਦੀ ਸਿਹਤ ਦੇ ਲਿਹਾਜ਼ ਨਾਲ ਇਹ ਬਿਲਕੁਲ ਗ਼ਲਤ ਹੈ।  ਹਾਲਾਂਕਿ ਤੁਹਾਡੇ ਲਈ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਹਾਨੂੰ ਕਿੰਨੀ ਨੀਂਦ ਦੀ ਜ਼ਰੂਰਤ ਹੈ ਕਿਉਂਕਿ ਇਕ ਨਵਜੰਮੇ ਬੱਚੇ ਨੂੰ ਦਿਨ ’ਚ 17 ਘੰਟੇ ਦੀ ਨੀਂਦ ਚਾਹੀਦੀ ਹੁੰਦੀ ਹੈ ਜਦਕਿ ਬਾਲਗਾਂ ਲਈ ਰਾਤ ਵਿਚ ਸਿਰਫ਼ 7 ਘੰਟੇ ਦੀ ਨੀਂਦ ਕਾਫ਼ੀ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਉਮਰ ਦੇ ਹਿਸਾਬ ਨਾਲ ਤੁਹਾਨੂੰ ਇਕ ਦਿਨ ਵਿਚ ਕਿੰਨੇ ਘੰਟੇ ਨੀਂਦ ਦੀ ਜ਼ਰੂਰਤ ਹੁੰਦੀ ਹੈ। 3 ਮਹੀਨੇ ਤਕ ਦੇ ਬੱਚੇ ਲਈ ਘੱਟ ਤੋਂ ਘੱਟ 14 ਤੋਂ 17 ਘੰਟੇ ਦੀ ਨੀਂਦ ਜ਼ਰੂਰੀ ਹੈ। 4 ਤੋਂ 11 ਮਹੀਨੇ ਦੇ ਬੱਚੇ ਨੂੰ 12 ਤੋਂ 15 ਘੰਟੇ ਦੀ ਨੀਂਦ ਚਾਹੀਦੀ ਹੈ। 1 ਤੋਂ 2 ਸਾਲ ਦੇ ਬੱਚੇ ਲਈ 11 ਤੋਂ 14 ਘੰਟੇ ਸੌਣਾ ਜ਼ਰੂਰੀ ਹੈ। ਜੇਕਰ ਬੱਚਾ 3 ਤੋਂ 5 ਸਾਲ ਦਾ ਹੈ ਤਾਂ ਉਸ ਲਈ 10 ਤੋਂ 13 ਘੰਟੇ ਦੀ ਨੀਂਦ ਜ਼ਰੂਰੀ ਹੈ। 6 ਤੋਂ 13 ਸਾਲ ਦੇ ਬੱਚਿਆਂ ਨੂੰ 9 ਤੋਂ 11 ਘੰਟੇ ਸੌਣਾ ਚਾਹੀਦਾ ਹੈ। 14 ਤੋਂ 17 ਸਾਲ ਦੇ ਬੱਚਿਆਂ ਨੂੰ 8 ਤੋਂ 10 ਘੰਟੇ ਦੀ ਨੀਂਦ ਚਾਹੀਦੀ ਹੈ। 18 ਤੋਂ 64 ਸਾਲ ਦੇ ਵਿਅਕਤੀ ਲਈ 7 ਤੋਂ 9 ਘੰਟੇ ਦੀ ਨੀਂਦ ਜ਼ਰੂਰੀ ਹੈ। 65 ਸਾਲ ਅਤੇ ਜ਼ਿਆਦਾ ਉਮਰ ਵਾਲੇ ਲੋਕਾਂ ਨੂੰ ਘੱਟ ਤੋਂ ਘੱਟ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ।

ਚਲੋ ਹੁਣ ਅਸੀਂ ਤੁਹਾਨੂੰ ਦਸਦੇ ਹਾਂ ਕਿ ਭਰਪੂਰ ਨੀਂਦ ਨਾ ਲੈਣ ਤੋਂ ਤੁਹਾਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।

ਭਰਪੂਰ ਨੀਂਦ ਨਾ ਲੈਣ ਤੋਂ ਡਾਇਬਿਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਨੀਂਦ ਪੂਰੀ ਨਾ ਹੋਣ ਕਰ ਕੇ ਭਾਰ ਵੀ ਵਧਦਾ ਹੈ। ਇਸ ਦਾ ਅਸਰ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ’ਤੇ ਵੀ ਪੈਂਦਾ ਹੈ ਜਿਸ ਕਾਰਨ ਤੁਸੀਂ ਵਾਰ-ਵਾਰ ਸਰਦੀ-ਖੰਘ, ਜ਼ੁਕਾਮ, ਬੁਖ਼ਾਰ ਦੀ ਲਪੇਟ ਵਿਚ ਆ ਜਾਂਦੇ ਹੋ। ਅਜਿਹੇ ਵਿਚ ਬਿਹਤਰ ਹੋਵੇਗਾ ਕਿ ਤੁਸੀਂ ਭਰਪੂਰ ਨੀਂਦ ਲਵੋ। ਨੀਂਦ ਪੂਰੀ ਨਾ ਹੋਣ ਕਾਰਨ ਮਾਨਸਿਕ ਸਮੱਸਿਆਵਾਂ, ਕਮਜ਼ੋਰ ਯਾਦਦਾਸ਼ਤ, ਸੁਸਤੀ ਅਤੇ ਥਕਾਵਟ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹੈ। ਪੂਰੀ ਨੀਂਦ ਨਾ ਲੈਣ ਕਰ ਕੇ ਹਾਰਮੋਨ ਦਾ ਸੰਤੁਲਨ ਵੀ ਵਿਗੜ ਸਕਦਾ ਹੈ। ਜਾਂਚ  ਮੁਤਾਬਕ, ਘੱਟ ਨੀਂਦ ਲੈਣ ਨਾਲ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਕਾਫ਼ੀ ਹੱਦ ਤਕ ਵੱਧ ਜਾਂਦਾ ਹੈ। ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਸਾਫ਼ ਨਹੀਂ ਹੋ ਪਾਉਂਦੇ ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਦਿਲ ਦੇ ਦੌਰੇ ਦੇ ਹੋਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ।