ਸੁਚੇਤ ਰਹੋ, ਤੰਦਰੁਸਤ ਲੋਕਾਂ ਨੂੰ ਵੀ ਨਿਗਲ ਰਿਹੈ ਕੋਰੋਨਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੋਰੋਨਾ ਮਹਾਂਮਾਰੀ ਦੇ ਇਸ ਗੰਭੀਰ ਦੌਰ ’ਚ ਆਮ ਲੋਕਾਂ ਨੂੰ ਹੁਣ ਵਧੇਰੇ ਸੁਚੇਤ ਰਹਿਣ ਦੀ ਲੋੜ ਪਵੇਗੀ।

Coronavirus

ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਕੋਰੋਨਾ ਮਹਾਂਮਾਰੀ ਦੇ ਇਸ ਗੰਭੀਰ ਦੌਰ ’ਚ ਆਮ ਲੋਕਾਂ ਨੂੰ ਹੁਣ ਵਧੇਰੇ ਸੁਚੇਤ ਰਹਿਣ ਦੀ ਲੋੜ ਪਵੇਗੀ। ਜਿਥੇ ਦੇਸ ਦੇ ਵਿਗਿਆਨੀ ਸਲਾਹਕਾਰ ਨੇ ਤੀਜੀ ਲਹਿਰ ਦੀ ਚਿਤਾਵਨੀ ਭਰੀ ਬਿਆਨਬਾਜ਼ੀ ਕਰ ਦਿਤੀ ਹੈ, ਉਥੇ ਹੁਣ ਇਕ ਹੋਰ ਗੰਭੀਰ ਤੱਥ ਸਾਹਮਣੇ ਆਇਆ ਹੈ। 

ਦੁਨੀਆਂ ਭਰ ਨੂੰ ਸਕਤੇ ’ਚ ਪਾਉਣ ਵਾਲਾ ਕੋਰੋਨਾ ਵਾਇਰਸ ਹੁਣ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਭਿਆਨਕ ਵਾਇਰਸ ਨੇ ਹੁਣ ਉਨ੍ਹਾਂ ਲੋਕਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿਤਾ ਹੈ, ਜਿਨ੍ਹਾਂ ਨੂੰ ਹੋਰ ਕੋਈ ਵੀ ਗੰਭੀਰ ਜਾਂ ਪੁਰਾਣੀ ਬਿਮਾਰੀ ਨਹੀਂ ਸੀ। ਪੰਜਾਬ ਸਿਹਤ ਵਿਭਾਗ ਦੇ ਕੋਵਿਡ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਮੁਤਾਬਕ ਜਿਹੜੀ ਤਾਜ਼ਾ ਖੋਜ ਕੀਤੀ ਗਈ ਹੈ, ਉਸ ਮੁਤਾਬਕ ਅਜਿਹੇ 17 ਫ਼ੀ ਸਦੀ ਯਾਨੀ ਕੋਰੋਨਾ ਪੀੜਤ 100 ’ਚੋਂ 17 ਲੋਕਾਂ ਦੀ ਜਾਨ ਸਿਰਫ਼ ਕੋਰੋਨਾ ਕਾਰਨ ਹੋ ਰਹੀ ਹੈ ਜਿਹੜੇ ਇਸ ਤੋਂ ਪਹਿਲਾਂ ਬਿਲਕੁਲ ਤੰਦਰੁਸਤ ਸਨ ਤੇ ਕੋਈ ਵੀ ਹੋਰ ਬਿਮਾਰੀ ਨਹੀਂ ਸੀ।

ਦਰਅਸਲ ਇਸ ਤੋਂ ਪਹਿਲਾਂ ਸਰਕਾਰਾਂ ਤੇ ਸਿਹਤ ਵਿਭਾਗ ਵਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ, ਉਹ ਇਕੱਲੇ ਕੋਰੋਨਾ ਵਾਇਰਸ ਕਾਰਨ ਨਹੀਂ, ਸਗੋਂ ਨਾਲ ਪਹਿਲਾਂ ਤੋਂ ਹੋਰ ਬੀਮਾਰੀ ਹੋਣ ਦੇ ਚਲਦੇ ਹੋ ਰਹੀਆਂ ਹਨ। ਅਜਿਹੇ ਦਾਅਵਿਆਂ ਨੂੰ ਦੇਖਦਿਆਂ ਕਈ ਲੋਕ ਇਹ ਸੋਚ ਕੇ ਬੇਫਿਕਰ ਸਨ ਕਿ ਅਸੀਂ ਬਿਲਕੁਲ ਤੰਦਰੁਸਤ ਹਾਂ, ਸਾਨੂੰ ਜ਼ਿਆਦਾ ਡਰਨ ਦੀ ਲੋੜ ਨਹੀਂ, ਜੇਕਰ ਸਾਨੂੰ ਲਾਗ ਲੱਗੇਗੀ ਵੀ ਤਾਂ ਅਸਾਨੀ ਨਾਲ ਠੀਕ ਹੋ ਜਾਵਾਂਗੇ। ਪਰ ਨਵੀਂ ਜਾਣਕਾਰੀ ਤੋਂ ਬਾਅਦ ਹੁਣ ਹਰ ਇਕ ਨੂੰ ਸੁਚੇਤ ਹੋਣਾ ਪਏਗਾ, ਕਿ ਵਾਇਰਸ ਕਿਸੇ ਨੂੰ ਵੀ ਅਪਣੀ ਲਪੇਟ ’ਚ ਲੈ ਸਕਦਾ ਹੈ।

ਸਿਹਤ ਵਿਭਾਗ ਮੁਤਾਬਕ ਇਸ ਖ਼ਤਰਨਾਕ ਬਿਮਾਰੀ ਤੋਂ ਬਚਣ ਲਈ ਲਗਾਤਾਰ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਪਰ ਵੈਕਸੀਨ ਲਗਵਾਉਣ ਨੂੰ ਲੈ ਕੇ ਵੀ ਕੁੱਝ ਲੋਕ ਡਰ ਰਹੇ ਹਨ, ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਹੈ। ਨੋਡਲ ਅਫ਼ਸਰ ਡਾ. ਰਜੇਸ਼ ਭਾਸਕਰ ਮੁਤਾਬਕ ਹੁਣ ਤਕ ਕਰੀਬ 36 ਲੱਖ ਖ਼ੁਰਾਕਾਂ ਦਿਤੀਆਂ ਜਾ ਚੁਕੀਆਂ ਹਨ। ਇੰਨਾ ’ਚੋਂ ਮਹਿਜ਼ 80-90 ਲੋਕਾਂ ਨੂੰ ਹੀ ਮਮੂਲੀ ਜਿਹੇ ਰਿਐਕਸ਼ਨ ਦੇਖਣ ਨੂੰ ਮਿਲੇ ਹਨ, ਉਹ ਵੀ ਥੋੜ੍ਹੇ ਇਲਾਜ ਨਾਲ ਠੀਕ ਹੋ ਗਏ।