ਗੁਰਦਿਆਂ ਦੀ ਸੁਰੱਖਿਆ ਦੇ ਨਾਲ, ਕਾਰਜ ਪ੍ਰਣਾਲੀ ਨੂੰ ਵੀ ਬਿਹਤਰ ਬਣਾਉਂਦੇ ਹਨ ਇਹ ਭੋਜਨ

ਏਜੰਸੀ

ਜੀਵਨ ਜਾਚ, ਸਿਹਤ

ਪੋਟਾਸ਼ੀਅਮ ਦੀ ਮਾਤਰਾ ਘੱਟ ਹੋਣ ਕਰਕੇ ਸ਼ਿਮਲਾ ਮਿਰਚ ਨੂੰ ਵੀ ਗੁਰਦਿਆਂ ਲਈ ਉੱਤਮ ਖੁਰਾਕ ਮੰਨਿਆ ਜਾਂਦਾ ਹੈ।

File Photo

 

ਤੁਸੀਂ ਕੀ ਖਾਂਦੇ ਹੋ, ਕਿਸ ਤਰ੍ਹਾਂ ਖਾਂਦੇ ਹੋ, ਕਿਸ ਵੇਲੇ ਖਾਂਦੇ ਹੋ, ਇਸ ਦਾ ਤੁਹਾਡੇ ਸਰੀਰ ਦੇ ਅੰਗਾਂ 'ਤੇ ਸਿੱਧਾ ਅਸਰ ਪੈਂਦਾ ਹੈ। ਜਦੋਂ ਗੱਲ ਕਿਡਨੀ ਭਾਵ ਗੁਰਦਿਆਂ ਦੀ ਹੋਵੇ, ਤਾਂ ਬੜਾ ਜ਼ਰੂਰੀ ਹੈ ਕਿ ਇਹਨਾਂ ਦੀ ਸਿਹਤ ਬਰਕਰਾਰ ਰੱਖਣ ਲਈ ਉਹ ਭੋਜਨ ਖਾਧਾ ਜਾਵੇ ਜਿਸ ਨਾਲ ਇਹਨਾਂ ਦੀ ਕਾਰਜਸ਼ੈਲੀ ਬਿਹਤਰ ਹੋਵੇ ਅਤੇ ਇਹਨਾਂ ਉੱਤੇ ਨਾਕਾਰਾਤਮਕ ਪ੍ਰਭਾਵ ਨਾ ਪਵੇ। 

ਗੁਰਦਿਆਂ ਦੀ ਕਾਰਜ ਪ੍ਰਣਾਲੀ ਬਿਹਤਰ ਬਣਾਉਣ ਵਾਲੇ ਕੁਝ ਭੋਜਨ ਹੇਠ ਲਿਖੇ ਅਨੁਸਾਰ ਹਨ:-

ਪੱਤਾ ਗੋਭੀ- ਪੱਤਾ ਗੋਭੀ ਵਿਟਾਮਿਨ, ਖਣਿਜ ਨਾਲ ਭਰਪੂਰ ਭੋਜਨ ਹੈ, ਜਿਸ 'ਚ ਅਜਿਹੇ ਰਸਾਇਣਿਕ ਤੱਤ ਪਾਏ ਜਾਂਦੇ ਹਨ ਜਿਹੜੇ ਗੁਰਦਿਆਂ 'ਚ ਦਾਖਲ ਹੋਏ ਵਿਰੋਧੀ ਤੱਤਾਂ ਖ਼ਿਲਾਫ਼ ਢਾਲ਼ ਦਾ ਕੰਮ ਕਰਦੇ ਹਨ। ਇਸ ਦੇ ਨਾਲ ਹੀ ਗੋਭੀ 'ਚ ਵਿਟਾਮਿਨ ਬੀ6 ਅਤੇ ਫ਼ੋਲੀਕ ਐਸਿਡ ਵੀ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜਿਹੜੇ ਗੁਰਦਿਆਂ ਲਈ ਬੜੇ ਲਾਭਦਾਇਕ ਹੁੰਦੇ ਹਨ। 

ਸ਼ਿਮਲਾ ਮਿਰਚ- ਪੋਟਾਸ਼ੀਅਮ ਦੀ ਮਾਤਰਾ ਘੱਟ ਹੋਣ ਕਰਕੇ ਸ਼ਿਮਲਾ ਮਿਰਚ ਨੂੰ ਵੀ ਗੁਰਦਿਆਂ ਲਈ ਉੱਤਮ ਖੁਰਾਕ ਮੰਨਿਆ ਜਾਂਦਾ ਹੈ। ਇਸ 'ਚ ਵਿਟਾਮਿਨ 'ਏ' ਅਤੇ 'ਸੀ' ਦੀ ਚੰਗੀ ਮਾਤਰਾ ਦੇ ਨਾਲ-ਨਾਲ ਇਹ ਸੁਆਦ ਪੱਖੋਂ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ। 

ਫ਼ੁੱਲ ਗੋਭੀ- ਗੁਰਦਿਆਂ ਦੇ ਮਾਮਲੇ 'ਚ ਫ਼ੁੱਲ ਗੋਭੀ ਬੜਾ ਪੌਸ਼ਟਿਕ ਭੋਜਨ ਹੈ। ਹੋਰਨਾਂ ਖ਼ੂਬੀਆਂ ਤੋਂ ਇਲਾਵਾ ਇਸ 'ਚ ਵਿਟਾਮਿਨ 'ਸੀ', 'ਕੇ' ਅਤੇ 'ਬੀ' ਫ਼ੋਲੇਟ ਦੀ ਭਰਪੂਰ ਮਾਤਰਾ ਹੁੰਦੀ ਹੈ। ਫ਼ਾਈਬਰ ਦੀ ਭਰਪੂਰ ਮਾਤਰਾ ਕਰਕੇ ਇਹ ਗੁਰਦਿਆਂ ਲਈ ਬੜੀ ਵਧੀਆ ਖੁਰਾਕ ਗਿਣੀ ਜਾਂਦੀ ਹੈ। 

ਬੈਰੀਜ਼- ਕਰੈਨਬੈਰੀ, ਬਲੂਬੈਰੀ, ਸਟ੍ਰਾਬੈਰੀ ਵਿੱਚ ਫ਼ਾਇਟੋ ਨਿਊਟ੍ਰੀਐਂਟਸ ਹੁੰਦੇ ਹਨ ਜਿਹੜੇ ਬੈਕਟੀਰੀਆ ਨੂੰ ਗੁਰਦਿਆਂ ਦੀ ਪ੍ਰਣਾਲੀ ਵਿੱਚ ਅੜਿੱਕਾ ਬਣਨ ਤੋਂ ਰੋਕਦੇ ਹਨ। ਇਹ ਗੁਰਦਾ ਸਿਸਟਮ 'ਚ ਸੰਕ੍ਰਮਣ ਰੋਕਣ 'ਚ ਬਹੁਤ ਸਹਾਈ ਹੁੰਦੀਆਂ ਹਨ। 

ਜੈਤੂਨ ਦਾ ਤੇਲ- ਖਾਣਾ ਪਕਾਉਣ ਦੇ ਤੇਲ ਵਿੱਚ ਜੈਤੂਨ ਇੱਕ ਚੰਗਾ ਵਿਕਲਪ ਹੈ। ਇਸ 'ਚ ਔਲਿਕ ਐਸਿਡ ਨਾਂਅ ਦਾ ਇੱਕ ਸਕਾਰਾਤਮਕ ਤੱਤ ਹੁੰਦਾ ਹੈ, ਇਹ ਫ਼ਾਸਫ਼ੋਰਸ ਤੋਂ ਮੁਕਤ ਹੁੰਦਾ ਹੈ ਅਤੇ ਇਸ ਕਰਕੇ ਗੁਰਦਿਆਂ ਲਈ ਚੰਗਾ ਹੁੰਦਾ ਹੈ। 

ਆਂਡੇ ਦਾ ਚਿੱਟਾ ਭਾਗ- ਚੰਗੇ ਅਤੇ ਗੁਰਦਿਆਂ ਲਈ ਲਾਭਕਾਰੀ ਫ਼ੈਟ ਦੀ ਮਾਤਰਾ ਹੋਣ ਕਰਕੇ ਆਂਡਿਆਂ ਦਾ ਚਿੱਟਾ ਹਿੱਸਾ ਗੁਰਦਿਆਂ ਲਈ ਚੰਗੀ ਮੰਨੀ ਜਾਂਦੀ ਖੁਰਾਕ ਦਾ ਹਿੱਸਾ ਮੰਨਿਆ ਜਾਂਦਾ ਹੈ। 

ਮੱਛੀ- ਸਾਮਨ ਮੱਛੀ ਅਤੇ ਛੋਟੀਆਂ ਸਮੁੰਦਰੀ ਮੱਛੀਆਂ ਵਿੱਚ ਓਮੇਗਾ3 ਐਸਿਡ ਹੁੰਦਾ ਹੈ, ਜਿਹੜਾ ਦਿਲ ਦੇ ਰੋਗਾਂ, ਘੱਟ ਬਲੱਡ ਪ੍ਰੈਸ਼ਰ ਤੋਂ ਬਚਾਉਂਦਾ ਹੈ, ਅਤੇ ਚੰਗੇ ਕੋਲੈਸਟ੍ਰਾਲ ਦਾ ਵਾਧਾ ਕਰਦਾ ਹੈ। ਇਹ ਗੁਰਦਿਆਂ ਦੇ ਰੋਗਾਂ 'ਚ ਵੀ ਬਹੁਤ ਸਹਾਈ ਹੁੰਦੀਆਂ ਹਨ।