ਵਰਕਆਊਟ ਤੋਂ ਪਹਿਲਾਂ ਆਪਣੇ ਭੋਜਨ ਵਿਚ ਸ਼ਾਮਲ ਕਰੋ ਇਹ ਚੀਜ਼ਾਂ, ਹੋਣਗੇ ਕਈ ਫ਼ਾਇਦੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਰੀਰ ਨੂੰ ਫੁਰਤੀਲਾ ਰੱਖਣ ਲਈ ਕਸਰਤ ਦੇ ਨਾਲ-ਨਾਲ ਲਾਜ਼ਮੀ ਹੈ ਸਹੀ ਅਤੇ ਸੰਤੁਲਿਤ ਭੋਜਨ

Add these items to your meal before workout

ਮੁਹਾਲੀ : ਸਰੀਰ ਨੂੰ ਚੁਸਤ ਦਰੁਸਤ ਰੱਖਣ ਲਈ ਕਸਰਤ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਇਸ ਦੇ ਨਾਲ ਨਾਲ ਸਹੀ ਅਤੇ ਸੰਤੁਲਿਤ ਭੋਜਨ ਵੀ ਬਹੁਤ ਜ਼ਰੂਰੀ ਹੈ। ਕਈ ਲੋਕ ਹਲਕੀ, ਮੀਡੀਅਮ ਜਾਂ ਭਾਰੀ ਕਸਰਤ ਕਰਦੇ ਹਨ ਇਸ ਲਈ ਉਨ੍ਹਾਂ ਨੂੰ ਕਸਰਤ ਅਤੇ ਆਪਣੇ ਸਰੀਰ ਦੀ ਲੋੜ ਮੁਤਾਬਿਕ ਹੀ ਪੌਸ਼ਟਿਕ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਭਰਪੂਰ ਊਰਜਾ ਵੀ ਮਿਲ ਸਕੇ। ਜੇਕਰ ਤੁਸੀਂ ਵੀ ਆਪਣੇ ਸਰੀਰ ਨੂੰ ਤੰਦਰੁਸ ਅਤੇ ਊਰਜਾ ਭਰਪੂਰ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਭੋਜਨ ਵਿਚ ਇਨ੍ਹਾਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ:- 

ਓਟਮੀਲ ਅਤੇ ਬਲੂਬੇਰੀਜ਼ : ਕਸਰਤ ਕਰਨ ਦੌਰਾਨ ਪ੍ਰੋਟੀਨ ਯੁਕਤ ਭੋਜਨ ਖਾਣਾ ਲਾਹੇਵੰਦ ਹੁੰਦਾ ਹੈ। ਇਸ ਲਈ ਓਟਮੀਲ ਅਤੇ ਬਲੂਬੇਰੀਜ਼ ਦਾ ਸੁਮੇਲ ਤੁਹਾਡੇ ਸਰੀਰ ਨੂੰ ਭਰਪੂਰ ਪ੍ਰੋਟੀਨ ਦੇਵੇਗਾ ਜੋ ਵਰਕਆਊਟ ਦੌਰਾਨ ਤੁਹਾਡੀਆਂ ਮਾਸਪੇਸ਼ੀਆਂ ਨੂੰ ਸਪੋਰਟ ਕਰਦਾ ਹੈ।

ਕੇਲੇ : ਕੇਲੇ ਪੋਟਾਸ਼ੀਅਮ ਦਾ ਸਰੋਤ ਮੰਨੇ ਜਾਂਦੇ ਹਨ ਜੋ ਸਾਡੀਆਂ ਮਾਸਪੇਸ਼ੀਆਂ ਦੀ ਕਿਰਿਆ ਲਈ ਬਹੁਤ ਜ਼ਰੂਰੀ ਹੁੰਦਾ ਹੈ। ਕਸਰਤ ਕਰਨ ਤੋਂ ਪਹਿਲਾਂ ਕੇਲੇ ਖਾਨ ਨਾਲ ਸਰੀਰ ਨੂੰ ਵਰਕਆਊਟ ਲਈ ਲੋੜੀਂਦਾ ਕਾਰਬੋਹਾਈਡਰੇਟ ਵੀ ਮਿਲਦਾ ਹੈ।

ਅੰਡੇ ਅਤੇ ਐਵੋਕੇਡੋ: ਅੰਡੇ ਅਤੇ ਐਵੋਕੇਡੋ ਵਿਚ ਪ੍ਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ। ਜੇ ਤੁਹਾਨੂੰ ਚੰਗੀ ਭੁੱਖ ਲੱਗੀ ਹੈ ਤਾਂ ਤੁਸੀਂ ਪ੍ਰੋਟੀਨ ਲਈ ਅੰਡੇ ਖਾ ਸਕਦੇ ਹੋ। ਇਸ ਨਾਲ ਤੁਹਾਡਾ ਪੇਟ ਕਾਫੀ ਸਮੇਂ ਤੱਕ ਭਰਿਆ ਰਹੇਗਾ ਅਤੇ ਤੁਹਾਨੂੰ ਵਰਕਆਊਟ ਲਈ ਵੀ ਪੂਰੀ ਊਰਜਾ ਮਿਲੇਗੀ।

ਅੰਬ: ਅੰਬ ਬਹੁਤ ਥੋੜੇ ਸਮੇਂ ਲਈ ਤੁਹਾਡੀ ਐਨਰਜੀ ਦਾ ਪੱਧਰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਮਿਨਰਲ ਅਤੇ ਐਂਟੀ ਆਕਸੀਡੈਂਟਸ ਹੁੰਦੇ ਹਨ। ਇਸ ਲਈ ਵਰਕਆਊਟ ਦੌਰਾਨ ਅੰਬ ਦਾ ਸੇਵਨ ਵੀ ਸਹੀ ਸਾਬਤ ਹੁੰਦਾ ਹੈ।

ਲੋ ਫੈਟ ਚੀਜ਼ ਵਿਦ ਐਪ੍ਰੀਕਾਟ (ਖੁਰਮਾਨੀ): ਇਸ ਵਿੱਚ ਦੁੱਧ ਦਾ ਪ੍ਰੋਟੀਨ ਅਤੇ ਮੱਖਣ ਪ੍ਰੋਟੀਨ ਹੁੰਦਾ ਹੈ। ਦੁੱਧ ਦਾ ਪ੍ਰੋਟੀਨ ਜਿਥੇ ਇਕ ਪਾਸੇ ਹਜ਼ਮ ਕਰਨ ਵਿੱਚ ਸਮਾਂ ਲੈਂਦਾ ਹੈ ਉਥੇ ਹੀ ਸਰੀਰ ਨੂੰ ਲੰਬੇ ਸਮੇਂ ਲਈ ਊਰਜਾ ਦਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ਭਾਰੀ ਕਸਰਤ ਦੌਰਾਨ ਸਰੀਰ ਨੂੰ ਕਾਫੀ ਊਰਜਾ ਮਿਲਦੀ ਹੈ। ਇਸ ਤੋਂ ਇਲਾਵਾ ਖੁਰਮਾਨੀ ਵਿਟਾਮਿਨ ਦਾ ਚੰਗਾ ਸਰੋਤ ਹੈ ਅਤੇ ਇਸ ਨੂੰ ਦਿਲ ਅਤੇ ਹੱਡੀਆਂ ਲਈ ਲਾਭਕਾਰੀ ਮੰਨਿਆ ਜਾਂਦਾ ਹੈ।