ਸਿਹਤ ਲਈ ਬਹੁਤ ਲਾਭਦਾਇਕ ਹੈ ਮੱਛੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਮੱਛੀ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਾਰਨ ਸ਼ੂਗਰ ਦੇ ਮਰੀਜ਼ ਲਈ ਇਹ ਬਹੁਤ ਗੁਣਕਾਰੀ ਹੁੰਦੀ ਹੈ|

Fish is very useful for health

 

ਮੁਹਾਲੀ : ਮੱਛੀ ਵਿਚ ਉਹ ਸਾਰੇ ਗੁਣ ਹੁੰਦੇ ਹਨ ਜੋ ਇਕ ਪੌਸ਼ਟਿਕ ਆਹਾਰ ਵਿਚ ਹੁੰਦੇ ਹਨ| ਮੱਛੀ ਪ੍ਰੋਟੀਨ ਨਾਲ ਭਰਪੂਰ ਖ਼ੁਰਾਕ ਹੁੰਦੀ ਹੈ ਜਿਸ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਕਾਫ਼ੀ ਮਾਤਰਾ ਵਿਚ ਹੁੰਦੇ ਹਨ| ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਮੱਛੀ ਇਕ ਵਧੀਆ ਖ਼ੁਰਾਕ ਹੁੰਦੀ ਹੈ| ਇਸ ਦੇ ਮਾਸ ਵਿਚ ਚਰਬੀ ਘੱਟ ਹੋਣ ਕਾਰਨ ਦਿਲ ਦੇ ਮਰੀਜ਼ਾਂ ਲਈ ਕਾਫ਼ੀ ਲਾਭਦਾਇਕ ਹੁੰਦੀ ਹੈ| ਮਨੁੱਖੀ ਸਰੀਰ ਲਈ ਜ਼ਰੂਰੀ ਤੱਤ ਜਿਵੇਂ ਫ਼ਾਸਫ਼ੋਰਸ ਅਤੇ ਕੈਲਸ਼ੀਅਮ ਦੋਵੇਂ ਹੀ ਮੱਛੀ ਵਿਚ ਮਿਲ ਜਾਂਦੇ ਹਨ| ਛੋਟੀਆਂ ਮੱਛੀਆਂ ਵਿਚ ਦੋਵੇਂ ਤੱਤ ਮਿਲ ਜਾਂਦੇ ਹਨ ਜਦਕਿ ਸਮੁੰਦਰੀ ਮੱਛੀ ਵਿਚ ਆਇਉਡੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ| 

ਜਿਹੜੀਆਂ ਮੱਛੀਆਂ ਮਿੱਠੇ ਪਾਣੀ ਵਿਚ ਪਾਲੀਆਂ ਜਾਂਦੀਆਂ ਹਨ ਉਨ੍ਹਾਂ ਵਿਚ ਫ਼ਾਸਫ਼ੋਰਸ, ਕੈਲਸ਼ੀਅਮ ਅਤੇ ਲੋਹਾ ਤਿੰਨੋਂ ਬਰਾਬਰ ਮਾਤਰਾ ਵਿਚ ਮਿਲ ਜਾਂਦਾ ਹੈ| ਨਿੱਕੀਆਂ ਮੱਛੀਆਂ ਵਿਚ ਵਿਟਾਮਿਨ 1 ਅਤੇ 4 ਦੀ ਮਾਤਰਾ ਕਾਫ਼ੀ ਹੁੰਦੀ ਹੈ ਅਤੇ ਇਨ੍ਹਾਂ ਮੱਛੀਆਂ ਦੇ ਜਿਗਰ ਦਾ ਤੇਲ ਵੀ ਬਹੁਤ ਗੁਣਕਾਰੀ ਹੁੰਦਾ ਹੈ| ਮੱਛੀ ਦਾ ਸੇਵਨ ਕਈ ਰੂਪ ਵਿਚ ਸਾਰੇ ਸੰਸਾਰ ਵਿਚ ਪ੍ਰਾਚੀਨ ਕਾਲ ਤੋਂ ਕੀਤਾ ਜਾ ਰਿਹਾ ਹੈ| ਮੱਛੀ ਵਿਚ ਪ੍ਰੋਟੀਨ ਦੀ ਵੱਧ ਮਾਤਰਾ ਹੁੰਦੀ ਹੈ|

ਇਸ ਪ੍ਰੋਟੀਨ ਨੂੰ ਆਸਾਨੀ ਨਾਲ ਪਚਾਇਆ ਜਾ ਸਕਦਾ ਹੈ| ਜੀਵ ਵਿਗਿਆਨਕਾਂ ਨੇ ਸਿੱਧ ਕੀਤਾ ਹੈ ਕਿ ਮੱਛੀ ਵਿਚ ਮਿਲਣ ਵਾਲੇ ਪ੍ਰੋਟੀਨ ਦੀ ਮਹੱਤਤਾ ਅੰਡੇ, ਮੁਰਗੀ ਅਤੇ ਮਾਸ ਨਾਲੋਂ ਵੱਧ ਹੁੰਦੀ ਹੈ| ਪ੍ਰੋਟੀਨ ਤੋਂ ਇਲਾਵਾ ਮੱਛੀ ਵਿਚ ਵਿਟਾਮਿਨ ਅਤੇ ਖਣਿਜ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ| ਮੱਛੀ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਕਾਰਨ ਸ਼ੂਗਰ ਦੇ ਮਰੀਜ਼ ਲਈ ਇਹ ਬਹੁਤ ਗੁਣਕਾਰੀ ਹੁੰਦੀ ਹੈ|