30 ਵਰ੍ਰਿਆਂ ਦੀ ਉਮਰ ਮਗਰੋਂ ਇਸ ਤਰ੍ਹਾਂ ਕਰੋ ਚਮੜੀ ਦੀ ਦੇਖਭਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤਾਜ਼ਾ ਫਲ ਅਤੇ ਸਬਜ਼ੀਆਂ ਸਲਾਦ ਤੁਹਾਡੇ ਸਰੀਰ ’ਚੋਂ ਜ਼ਹਿਰੀਲੇ ਤੱਤ ਖ਼ਤਮ ਕਰਨ ’ਚ ਮਦਦ ਕਰਨਗੇ।

Skin

ਮੁਹਾਲੀ: ‘ਸ ਰ ਨ’ ਨੇਮ ਅਪਣਾਉ: ‘ਸ ਰ ਨ’ ਯਾਨੀ ਕਿ ਚਮੜੀ ਦੀ ਸਫ਼ਾਈ, ਰੰਗਤ ਅਤੇ ਨਮ ਕਰਨ ਦੇ ਨੇਮ ਦੀ ਅਕਸਰ ਸਾਡੇ ’ਚੋਂ ਬਹੁਤੇ ਲੋਕ ਜਵਾਨੀ ਦੀ ਉਮਰ ’ਚ ਅਣਦੇਖੀ ਕਰਦੇ ਹਨ। ਜਦੋਂ ਤੁਸੀਂ 30 ਵਰਿ੍ਹਆਂ ਦੇ ਹੋ ਜਾਂਦੇ ਹੋ ਤਾਂ ਇਸ ਨੇਮ ਦੀ ਪਾਲਣਾ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ‘ਸ ਰ ਨ’ ਨੇਮ ਤੁਹਾਨੂੰ ਚਮੜੀ ਤੋਂ ਗੰਦਗੀ ਹਟਾਉਣ ’ਚ ਮਦਦ ਕਰੇਗਾ ਅਤੇ ਇਸ ਨਾਲ ਤੁਹਾਡੀ ਚਮੜੀ ਤਾਜ਼ਾ ਅਤੇ ਸਿਹਤਮੰਦ ਵੀ ਲਗੇਗੀ। 
ਚਮੜੀ ਲਈ ਫ਼ਾਇਦੇਮੰਦ ਅੰਸ਼ ਵੇਖੋ: ਚਮੜੀ ’ਤੇ ਲਾਉਣ ਲਈ ਤੁਹਾਡੀ ਪਸੰਦ ਕੁਦਰਤੀ ਜਾਂ ਬਣਾਵਟੀ ਕਾਸਮੈਟਿਕ ’ਚੋਂ ਕੋਈ ਵੀ ਹੋਵੇ, ਇਸ ਦੀ ਤਿਆਰੀ ’ਚ ਅਜਿਹੇ ਅੰਸ਼ ਪ੍ਰਯੋਗ ਕੀਤੇ ਹੋਣੇ ਚਾਹੀਦੇ ਹਨ ਜਿਨ੍ਹਾਂ ਨਾਲ ਤੁਹਾਡੀ ਚਮੜੀ ਨੌਜਵਾਨ ਤੇ ਰੌਸ਼ਨ ਲੱਗੇ। ਐਂਟੀ-ਆਕਸੀਡੈਂਟਸ (ਬੁਢਾਪਾ ਰੋਕਣ ਵਾਲੇ ਤੱਤ), ਵਿਟਾਮਿਨ ਸੀ, ਗਲਾਈਕੋਲਿਕ ਅਤੇ ਹਾਈਲੋਰਿਕ ਐਸਿਡ ਬੁਢਾਪਾ ਛੇਤੀ ਆਉਣ ਅਤੇ ਚਮੜੀ ਰੁੱਖੀ ਹੋਣ ਤੋਂ ਰੋਕਦੇ ਹਨ।

ਚੰਗਾ ਖਾਉ: ਅਪਣੇ ਭੋਜਨ ’ਚ ਬਹੁਤ ਸਾਰੇ ਫੱਲ ਅਤੇ ਸਬਜ਼ੀਆਂ ਸ਼ਾਮਲ ਕਰੋ। ਤਾਜ਼ਾ ਫੱਲ ਅਤੇ ਸਬਜ਼ੀਆਂ ਸਲਾਦ ਤੁਹਾਡੇ ਸਰੀਰ ’ਚੋਂ ਜ਼ਹਿਰੀਲੇ ਤੱਤ ਖ਼ਤਮ ਕਰਨ ’ਚ ਮਦਦ ਕਰਨਗੇ। ਇਸ ਨਾਲ ਤੁਹਾਡੀ ਚਮੜੀ ਸਿਹਤਮੰਦ ਬਣੇਗੀ।  ਪੂਰਕ ਖ਼ੁਰਾਕ: ਵਿਟਾਮਿਨ ਸੀ ਅਤੇ ਵਿਟਾਮਿਨ ਈ ਪੂਰਕ ਖੁਰਾਕ (ਸਪਲੀਮੈਂਟ) ਖਾਉ ਤਾਕਿ ਤੁਹਾਡੀ ਚਮੜੀ ਮਜ਼ਬੂਤ ਅਤੇ ਲਚਕਦਾਰ ਬਣੀ ਰਹੇ। ਇਹ ਵਿਟਾਮਿਨ ਕੋਲੇਜਨ ਬਣਾਉਂਦੇ ਹਨ ਜੋ ਤੁਹਾਡੀ ਚਮੜੀ ਨੂੰ ਲੰਮੇ ਸਮੇਂ ਤਕ ਲਚਕਦਾਰ ਬਣਾਉਂਦੇ ਹਨ।  ਫ਼ੇਸ ਮਾਸਕ ਵਰਤੋ: ਤੁਹਾਨੂੰ ਬਾਜ਼ਾਰ ਤੋਂ ਮਿਲਣ ਵਾਲੇ ਮਹਿੰਗੇ ਫ਼ੇਸ ਮਾਸਕ ਦੀ ਜ਼ਰੂਰਤ ਨਹੀਂ। ਤੁਸੀਂ ਅਪਣੀ ਰਸੋਈ ’ਚੋਂ ਹੀ ਬਿਹਤਰੀਨ ਫ਼ੇਸ ਮਾਸਕ ਬਣਾਉਣ ਦਾ ਸਮਾਨ ਲੱਭ ਸਕਦੇ ਹੋ। ਅਪਣੇ ਚਿਹਰੇ ਅਤੇ ਗਰਦਨ ’ਤੇ ਕੁੱਝ ਦਹੀਂ ਲਾਉ। ਇਸ ਨੂੰ 15 ਮਿੰਟਾਂ ਤਕ ਪਿਆ ਰਹਿਣ ਦਿਉ ਅਤੇ ਫਿਰ ਗਰਮ ਪਾਣੀ ਨਾਲ ਧੋ ਲਉ। ਇਸ ’ਚ ਤੁਸੀਂ ਕੁੱਝ ਸ਼ਹਿਦ ਵੀ ਪਾ ਸਕਦੇ ਹੋ। 

ਫ਼ੇਸ਼ੀਅਲ: ਚਮੜੀ ਨੂੰ ਨੌਜਵਾਨ ਅਤੇ ਰੌਸ਼ਨ ਰੱਖਣ ਲਈ ਫ਼ੇਸ਼ੀਅਲ ਬਹੁਤ ਵਧੀਆ ਉਪਾਅ ਹਨ। ਮਹੀਨੇ ’ਚ ਇਕ ਵਾਰੀ ਫ਼ੇਸ਼ੀਅਲ ਜ਼ਰੂਰ ਕਰੋ। ਇਸ ਨਾਲ ਤੁਹਾਡੀ ਚਮੜੀ ’ਤੇ ਬਹੁਤ ਵਧੀਆ ਅਸਰ ਪਵੇਗਾ ਅਤੇ ਤੁਹਾਨੂੰ ਚਮੜੀ ਦੀ ਰੰਗਤ ’ਚ ਵੱਡੀ ਤਬਦੀਲੀ ਨਜ਼ਰ ਆਵੇਗੀ।  ਕਸਰਤ:ਰੋਜ਼ 30 ਮਿੰਟਾਂ ਤਕ ਸੈਰ ਕਰੋ ਜਾਂ ਜਿਮ ਜਾਉ। ਕਸਰਤ ਕਰਨ ਨਾਲ ਨਾ ਸਿਰਫ਼ ਤੁਹਾਡੀ ਚਮੜੀ ਸਾਫ਼ ਹੋਵੇਗੀ ਬਲਕਿ ਇਸ ਨਾਲ ਤੁਹਾਡੇ ਖ਼ੂਨ ਦੇ ਸੈੱਲਾਂ ਨੂੰ ਵੀ ਪੋਸ਼ਣ ਮਿਲੇਗਾ। ਇਸ ਨਾਲ ਤੁਹਾਡੀ ਚਮੜੀ ’ਚੋਂ ਫ਼ਾਲਤੂ ਪਦਾਰਥ ਬਾਹਰ ਨਿਕਲ ਜਾਣਗੇ। ਨਿਯਮਤ ਕਸਰਤ ਨਾਲ ਤਣਾਅ ਘੱਟ ਹੁੰਦਾ ਹੈ, ਫਿਨਸੀਆਂ ਦੂਰ ਰਹਿੰਦੀਆਂ ਹਨ ਅਤੇ ਕਸਰਤ ਤੁਹਾਡੇ ਸਰੀਰ ਨੂੰ ਤੰਦਰੁਸਤ ਵੀ ਰੱਖੇਗੀ। 

ਪਾਣੀ: ਚਮੜੀ ਨੂੰ ਅੰਦਰੋਂ ਨਮੀਯੁਕਤ ਰੱਖਣ ਲਈ ਰੋਜ਼ ਕਾਫ਼ੀ ਮਾਤਰਾ ’ਚ ਪਾਣੀ ਪੀਉ। ਮਾਹਰਾਂ ਦਾ ਕਹਿਣਾ ਹੈ ਕਿ ਰੋਜ਼ 8-10 ਗਲਾਸ ਪਾਣੀ ਦੇ ਪੀਣੇ ਚਾਹੀਦੇ ਹਨ। ਇਹ ਨਾ ਸਿਰਫ਼ ਸਰੀਰ ਲਈ ਜ਼ਰੂਰੀ ਹੈ ਬਲਕਿ ਚਮੜੀ ਲਈ ਵੀ ਬਹੁਤ ਚੰਗਾ ਹੈ। ਅਜਿਹਾ ਕਰਨ ਨਾਲ ਤੁਹਾਡੇ ਸਰੀਰ ’ਚੋਂ ਜ਼ਹਿਰੀਲੇ  ਪਦਾਰਥ ਵੀ ਬਾਹਰ ਨਿਕਲ ਜਾਂਦੇ ਹਨ।  ਨਾਈਟ ਕਰੀਮ: ਰਾਤ ਸਮੇਂ ਸੌਣ ਤੋਂ ਪਹਿਲਾਂ ਨਾਈਟ ਕਰੀਮ ਦੀ ਵਰਤੋਂ ਜ਼ਰੂਰ ਕਰੋ। ਨਾਈਟ ਕਰੀਮ ਤੁਹਾਡੀ ਚਮੜੀ ਨੂੰ ਨਮੀਯੁਕਤ ਰੱਖੇਗੀ ਅਤੇ ਚਮੜੀ ’ਤੇ ਧੱਬੇ ਘੱਟ ਕਰੇਗੀ।