ਹਰੇ ਮਟਰਾਂ 'ਚ ਲੁਕੇ ਚੰਗੀ ਸਿਹਤ ਦੇ ਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਰੇ ਮਟਰ ਸਿਰਫ਼ ਸੁਆਦ ਹੀ ਨਹੀਂ ਵਧਾਉਂਦੇ, ਬਲਕਿ ਸਾਨੂੰ ਸਿਹਤਮੰਦ ਵੀ ਰੱਖਦੇ ਹਨ। ਵਿਟਾਮਿਨ, ਮਿਨਰਲ ਅਤੇ ....

Peas

ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਹਰੇ ਮਟਰ ਸਿਰਫ਼ ਸੁਆਦ ਹੀ ਨਹੀਂ ਵਧਾਉਂਦੇ, ਬਲਕਿ ਸਾਨੂੰ ਸਿਹਤਮੰਦ ਵੀ ਰੱਖਦੇ ਹਨ। ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਮਟਰ ਪ੍ਰੋਟੀਨ ਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਮਟਰ 'ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਆਦਿ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਮਟਰਾਂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ 'ਚ ਵਾਧਾ ਕਰਦੇ ਹਨ।

ਇਸ ਤੋਂ ਇਲਾਵਾ ਹਰੇ ਮਟਰਾਂ 'ਚ ਪ੍ਰੋਟੀਨ ਤੇ ਫਾਈਬਰ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ 'ਚ ਮੌਜੂਦ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹ ਤੇ ਨਾਲ ਹੀ ਇਸ ਰੋਗ ਦੇ ਖ਼ਤਰੇ ਤੋਂ ਵੀ ਬਚਾਉਂਦਾ ਹੈ। ਮਟਰਾਂ ਦਾ ਪ੍ਰਯੋਗ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਪਾਣੀ 'ਚ ਥੋੜ੍ਹੇ ਜਿਹੇ ਮਟਰ ਉਬਾਲ ਕੇ ਉਨ੍ਹਾਂ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋਹ ਲਓ। ਇਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ ਤੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ਼-ਧੱਬੇ ਦੂਰ ਹੁੰਦੇ ਹਨ।

ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹਨ। ਵਿਟਾਮਿਨਾਂ ਦਾ ਸਮੂਹ ਵਿਟਾਮਿਨ ਬੀ-6, ਬੀ-12 ਅਤੇ ਫਾਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ 'ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੌਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ। ਮਟਰ 'ਚ ਕੈਲੋਰੀ ਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਵਜ਼ਨ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡਾ ਭਾਰ ਵਧਣ ਤੋਂ ਰੋਕਦੇ ਹਨ।

ਇਸ ਲਈ ਜੇ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਭੋਜਨ 'ਚ ਮਟਰਾਂ ਨੂੰ ਜ਼ਰੂਰ ਸ਼ਾਮਲ ਕਰੋ। ਇਸ ਤੋਂ ਇਲਾਵਾ ਮਟਰ ਸਰੀਰ ਨੂੰ ਚੁਸਤ-ਦਰੁੱਸਤ ਰੱਖਦੇ ਹਨ। ਹਰੇ ਮਟਰਾਂ 'ਚ ਮੌਜੂਦ ਫਾਈਟੋਨਿਊਟ੍ਰੈਂਟਸ ਤੇ ਕੈਰੋਟੀਨ ਸਰੀਰ ਨੂੰ ਐਨਰਜੀ ਨਾਲ ਭਰਪੂਰ ਤੇ ਤੰਦਰੁਸਤ ਰੱਖਣ 'ਚ ਕਾਰਗਰ ਸਿੱਧ ਹੁੰਦੇ ਹਨ। ਵਧੀਆ ਸਿਹਤ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਮਟਰਾਂ 'ਚ ਮੌਜੂਦ ਕੈਲਸ਼ੀਅਮ ਅਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ ਤਾਜ਼ੇ ਹਰੇ ਮਟਰ ਵਿਟਾਮਿਨ-ਕੇ ਨਾਲ ਭਰਪੂਰ ਹੁੰਦੇ ਹਨ, ਜੋ ਵਧ ਰਹੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।