ਮਿਲ ਗਿਆ ਲੰਮੇ ਸਮੇਂ ਤਕ ਜਵਾਨ ਰਹਿਣ ਦਾ ਰਾਜ਼! ਜਾਣੋ ਆਯੁਸ਼ ਮੰਤਰਾਲੇ ਦੀ ਨਵੀਂ ਖੋਜ

ਏਜੰਸੀ

ਜੀਵਨ ਜਾਚ, ਸਿਹਤ

‘ਸਵਰਨ ਭਸਮ’ ਤੁਹਾਨੂੰ ਲੰਮੇ ਸਮੇਂ ਤਕ ਜਵਾਨ ਰੱਖਣ ’ਚ ਮਦਦ ਕਰਦੀ ਹੈ: ਮਾਹਰ 

Swarna Bhasma

ਨਵੀਂ ਦਿੱਲੀ: ਇਕ ਨਵੀਂ ਖੋਜ ’ਚ ਕਿਹਾ ਗਿਆ ਹੈ ਕਿ ਸੁੰਦਰਤਾ ਉਤਪਾਦਾਂ ’ਚ ਵਰਤੇ ਜਾਣ ਵਾਲੇ ਸੋਨੇ ਦੇ ਮਹੀਨ ਕਣ, ਜਿਨ੍ਹਾਂ ਨੂੰ ‘ਸਵਰਨ ਭਸਮ’ ਕਹਿੰਦੇ ਹਨ, ਨਾ ਸਿਰਫ ਤੁਹਾਡੀ ਚਮੜੀ ਦੀ ਬਾਹਰੀ ਚਮਕ ਨੂੰ ਬਣਾਈ ਰੱਖਣ ’ਚ ਮਦਦ ਕਰਦੇ ਹਨ, ਬਲਕਿ ਬੁਢਾਪੇ ਦੇ ਅਸਰਾਂ ਨੂੰ ਵੀ ਸੀਮਤ ਕਰਨ ’ਚ ਮਦਦ ਕਰਦੇ ਹਨ। ਮਾਹਰਾਂ ਨੇ ਸ਼ੁਕਰਵਾਰ ਨੂੰ ਇਹ ਗੱਲ ਕਹੀ। 

ਫੈਡਰੇਸ਼ਨ ਆਫ ਇੰਟੀਗ੍ਰੇਟਿਵ ਮੈਡੀਸਨ (ਆਯੂਸ਼) ਦੇ ਕੌਮੀ ਪ੍ਰਧਾਨ ਡਾ. ਆਰ.ਪੀ. ਪਰਾਸ਼ਰ ਨੇ ਕਿਹਾ ਕਿ ਸਵਰਨ ਭਸਮ ਚਮੜੀ ਵਲੋਂ ਆਸਾਨੀ ਨਾਲ ਜਜ਼ਬ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਵਰਨ ਭਸਮ ਵੱਖ-ਵੱਖ ਆਯੁਰਵੈਦਿਕ ਦਵਾਈਆਂ ਦਾ ਇਕ ਅਨਿੱਖੜਵਾਂ ਅੰਗ ਹੈ ਜੋ ਜਵਾਨੀ ਬਰਕਰਾਰ ਰੱਖਣ ’ਚ ਮਦਦ ਕਰਦਾ ਹੈ ਅਤੇ ਸੰਭਾਵਤ ਤੌਰ ’ਤੇ ਮਨੁੱਖੀ ਸਰੀਰ ਦੀਆਂ ਵੱਖ-ਵੱਖ ਪ੍ਰਣਾਲੀਆਂ ਨੂੰ ਪੋਸ਼ਣ ਦਿੰਦਾ ਹੈ। 

ਡਾ. ਪਰਾਸ਼ਰ ਨੇ ਕਿਹਾ ਕਿ ਆਯੁਰਵੇਦ ਨੇ ਹਜ਼ਾਰਾਂ ਸਾਲਾਂ ਤੋਂ ਨੌਜੁਆਨਾਂ ਦੇ ਨਿਰਮਾਣ, ਇਮਿਊਨਿਟੀ ਨੂੰ ਮਜ਼ਬੂਤ ਕਰਨ, ਸੁੰਦਰਤਾ ਅਤੇ ਇਲਾਜ ਦੇ ਗੁਣਾਂ ਲਈ ਸੋਨੇ ਨੂੰ ਮਾਨਤਾ ਦਿਤੀ ਹੈ ਅਤੇ ਇਸ ਨੂੰ ਤਾਕਤ, ਚੇਤਨਾ ਅਤੇ ਜਵਾਨੀ ਦੀ ਕੁੰਜੀ ਵਜੋਂ ਜਾਣਿਆ ਜਾਂਦਾ ਹੈ। 

ਉਨ੍ਹਾਂ ਕਿਹਾ, ‘‘ਇਹ ਕੋਲੇਜਨ (ਇਕ ਕਿਸਮ ਦਾ ਪ੍ਰੋਟੀਨ) ਦੀ ਕਮੀ ਨੂੰ ਹੌਲੀ ਕਰਨ ਅਤੇ ਸੈੱਲ ਨੂੰ ਮੁੜ ਪੈਦਾ ਕਰਨ ’ਚ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਸਵਰਨ ਭਸਮਾ ਇਕ ਬਹੁਤ ਸ਼ਕਤੀਸ਼ਾਲੀ ਐਂਟੀ-ਏਜਿੰਗ ਏਜੰਟ ਹੈ ਕਿਉਂਕਿ ਇਹ ਪਾਚਕ ਕਿਰਿਆ ’ਚ ਸੁਧਾਰ ਕਰਦਾ ਹੈ, ਮਾਸਪੇਸ਼ੀਆਂ ’ਚ ਲਚਕਤਾ ਲਿਆਉਂਦਾ ਹੈ, ਅੰਦਰੂਨੀ ਟਿਸ਼ੂਆਂ, ਹੱਡੀਆਂ, ਨਸਾਂ ਆਦਿ ਨੂੰ ਮਜ਼ਬੂਤ ਕਰਦਾ ਹੈ।’’

ਏਮਿਲ-ਆਯੁਰਵੇਦ ਦੇ ਡਾਇਰੈਕਟਰ ਸੰਚਿਤ ਸ਼ਰਮਾ ਅਨੁਸਾਰ, ਮਨੁੱਖੀ ਕੋਸ਼ਿਸ਼ ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਹੁੰਦੀ ਹੈ ਜਿਸ ’ਚ ਸਵਰਨ ਭਸਮ ਮਦਦ ਕਰਦੀ ਹੈ ਅਤੇ ਇਸ ਲਈ ਨੌਜੁਆਨ ਪੀੜ੍ਹੀ ’ਚ ਇਸ ਦੀ ਮੰਗ ਵੱਧ ਰਹੀ ਹੈ। ਹਾਲ ਹੀ ’ਚ, ਏਮਿਲ ਨੇ ਭਾਰਤੀ ਖੋਜਕਰਤਾਵਾਂ ਨਾਲ ਮਿਲ ਕੇ ਕਸ਼ਮੀਰੀ ਕੇਸਰ, ਗੁਲਾਬ, ਕਮਲ ਅਤੇ ਗੇਂਦੇ ਦੇ ਫੁੱਲ ਦੇ ਅਰਕ ਨੂੰ 24 ਕੈਰੇਟ ਸੋਨੇ ਦੇ ਨੈਨੋਪਾਰਟੀਕਲਸ ਨਾਲ ਮਿਲਾਇਆ ਅਤੇ ਇਸ ਦੇ ਅਸਰ ਦਾ ਅਧਿਐਨ ਕੀਤਾ। 

ਖੋਜਕਰਤਾਵਾਂ ਨੇ ਪਾਇਆ ਕਿ ਗੁਲਾਬ ਵਰਗੇ ਤੱਤ ਚਮੜੀ ਵਿਚ ਨਮੀ ਬਣਾਈ ਰੱਖਣ ਅਤੇ ਛਾਈਆਂ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ, ਕਮਲ ਚਮੜੀ ਦੇ ਸੈੱਲਾਂ ਦੀ ਮੁੜ ਸੁਰਜੀਤੀ ਨੂੰ ਯਕੀਨੀ ਬਣਾਉਂਦਾ ਹੈ, ਇਸ ਤਰ੍ਹਾਂ ਚਮੜੀ ਨੂੰ ਸੰਤੁਲਿਤ ਦਿੱਖ ਵਿਚ ਰੱਖਣ ਵਿਚ ਮਦਦ ਕਰਦਾ ਹੈ। ਲਲਿਤ ਮੋਹਨ ਸਾਹ, ਵਧੀਕ ਡਾਇਰੈਕਟਰ (ਆਯੁਰਵੈਦ), ਦਿੱਲੀ ਨਗਰ ਨਿਗਮ ਨੇ ਕਿਹਾ ਕਿ ਸਵਰਨ ਭਸਮਾ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੈਦ ’ਚ ਕਈ ਕਲੀਨਿਕਲ ਸਥਿਤੀਆਂ ਜਿਵੇਂ ਕਿ ਮਾਈਕਰੋਬਾਇਲ ਇਨਫੈਕਸ਼ਨ, ਸਾਹ ਦੀਆਂ ਸਮੱਸਿਆਵਾਂ, ਨਿਊਰੋਲੋਜੀਕਲ ਵਿਕਾਰ ਆਦਿ ਲਈ ਇਲਾਜ ਕਾਰਕ ਵਜੋਂ ਕੀਤੀ ਜਾਂਦੀ ਰਹੀ ਹੈ। 

ਯੂਰਪੀਅਨ ਖੋਜਕਰਤਾਵਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੋਨੇ ਦੇ ਅਲਟਰਾਫਾਈਨ ਕਣਾਂ ਵਾਲੇ ਸੁੰਦਰਤਾ ਉਤਪਾਦ ਬਾਹਰੀ ਚਮੜੀ (ਐਪੀਡਰਮਲ) ਅਤੇ ਫਾਈਬ੍ਰੋਬਲਾਸਟ ਸੈੱਲਾਂ ਨੂੰ ਲਾਭ ਪਹੁੰਚਾਉਂਦੇ ਹਨ ਜੋ ਚਮੜੀ ਦੇ ਵਿਮੈਂਟਿਨ ਅਤੇ ਕੋਲੇਜਨ ਵਰਗੇ ਕਨੈਕਟੀਵ ਟਿਸ਼ੂ ਪ੍ਰੋਟੀਨ ਪੈਦਾ ਕਰਦੇ ਹਨ।