ਅੰਤੜੀਆਂ ਦੀ ਸੋਜ ਅਤੇ ਜਲਨ ਦਾ ਰੋਗ ਹੈ ਕੀ ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਕੋਲਾਈਟਿਸ ਨਾਂ ਦੀ ਬੀਮਾਰੀ ਅੰਤੜੀਆਂ ਨਾਲ ਸਬੰਧ ਰਖਦੀ ਹੈ। ਆਮ ਕਰ ਕੇ ਅੰਤੜੀ ਦੀ ਸੋਜ, ਜਲਣ  ਜਾਂ ਹੋਰ ਤਰ੍ਹਾਂ ਦੀਆਂ ਤਮਾਮ ਬਿਮਾਰੀਆਂ ਨੂੰ ਕੋਲਾਇਟਸ ਕਿਹਾ ਜਾਂਦਾ ਹੈ।

File Photo

ਕੋਲਾਈਟਿਸ ਨਾਂ ਦੀ ਬੀਮਾਰੀ ਅੰਤੜੀਆਂ ਨਾਲ ਸਬੰਧ ਰਖਦੀ ਹੈ। ਆਮ ਕਰ ਕੇ ਅੰਤੜੀ ਦੀ ਸੋਜ, ਜਲਣ  ਜਾਂ ਹੋਰ ਤਰ੍ਹਾਂ ਦੀਆਂ ਤਮਾਮ ਬਿਮਾਰੀਆਂ ਨੂੰ ਕੋਲਾਇਟਸ ਕਿਹਾ ਜਾਂਦਾ ਹੈ। ਪੇਟ 'ਚ ਲਗਾਤਾਰ ਰਹਿਣ ਵਾਲਾ ਅਕੜਾਅ, ਦਰਦ, ਦਸਤ, ਡਾਇਰੀਆ ਰਹਿਣਾ, ਨੀਂਦ ਨਾ ਆਉਣੀ, ਬੁਖ਼ਾਰ, ਵਜ਼ਨ ਘਟਣਾ, ਸਾਰੇ ਲੱਛਣ ਕੋਲਾਇਟਸ ਰੋਗ ਦੇ ਹਨ। ਗਰਭ-ਨਿਰੋਧਕ ਗੋਲੀਆਂ ਦੀ ਵਰਤੋਂ, ਖਾਣ-ਪੀਣ 'ਚ ਅਨਿਯਮਤਾ ਅਤੇ ਤੰਬਾਕੂਨੋਸ਼ੀ ਵੀ ਕੋਲਾਈਟਿਸ ਦਾ ਕਾਰਨ ਬਣ ਸਕਦੇ ਹਨ।ਕਿਉਂਕਿ ਇਹ ਰੋਗ ਕਈ ਕਾਰਨਾਂ ਕਰ ਕੇ ਹੋ ਸਕਦਾ ਹੈ ਇਸ ਲਈ ਇਸ ਦਾ ਇਲਾਜ ਵੀ ਵੱਖ-ਵੱਖ ਹੈ।

ਹਰੀਆਂ ਸਬਜ਼ੀਆਂ ਖਾਣ-ਪੀਣ ਨਾਲ ਇਸ ਤੋਂ ਆਰਾਮ ਮਿਲਦਾ ਹੈ। ਕੁੱਝ ਖ਼ਾਸ ਕਿਸਮ ਦੇ ਘੁਲਣਸ਼ੀਲ ਤੰਤੂ ਜਾਂ ਰੇਸ਼ੇ ਬੈਕਟੀਰੀਆ ਨੂੰ ਭੋਜਨ ਨਾਲੀ ਦੀ ਦੀਵਾਰ ਨਾਲ ਚਿਪਕਣ ਤੋਂ ਰੋਕਦੇ ਹਨ, ਇਸ ਤਰ੍ਹਾਂ ਇਹ ਬਿਮਾਰੀ ਨੂੰ ਵਧਣ ਨਹੀਂ ਦਿੰਦੇ। ਪੌਦਿਆਂ ਅਤੇ ਬਰੌਕਲੀ ਦੇ ਘੁਲਣਸ਼ੀਲ ਰੇਸ਼ੇ ਕੈਂਸਰ ਨਾਲ ਲੜਨ ਦੀ ਸਮਰਥਾ ਵਧਾਉਂਦੇ ਹਨ। ਘੁਲਣਸ਼ੀਲ ਰੇਸ਼ੇ ਹਾਨੀਕਾਰਕ ਬੈਕਟੀਰੀਆ ਨੂੰ ਅੰਤੜੀ ਨਾਲ ਚਿਪਕਣ ਨਹੀਂ ਦਿੰਦੇ ਤੇ ਇਸ ਤਰ੍ਹਾਂ ਫਾਇਦੇਮੰਦ ਹੋ ਸਕਦੇ ਹਨ।

ਕੋਲਾਇਟਸ ਦੀ ਸਮੱਸਿਆ ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ 'ਚ ਹੁੰਦੀ ਹੈ। ਇਸ 'ਚ ਮਰੀਜ਼ ਨੂੰ ਵੱਧ ਪਾਣੀ ਪੀਣ ਦੀ ਸਲਾਹ ਦਿਤੀ ਜਾਂਦੀ ਹੈ। ਜੇ ਤਕਲੀਫ਼ ਵੱਧ ਜਾਵੇ ਤਾਂ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰ ਕੇ ਨਸਾਂ ਰਾਹੀਂ ਗੁਲੂਕੋਜ਼ ਚੜ੍ਹਾਇਆ ਜਾਂਦਾ ਹੈ। ਕਈ ਕੇਸਾਂ 'ਚ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਲੱਛਣ ਕੋਲਾਇਟਸ ਦੇ ਹਨ, ਜਿਵੇਂ ਅੰਤੜੀ ਦੀ ਬਿਮਾਰੀ ਜਿਸ ਨੂੰ ਕਰੋਹਨ ਡਿਜ਼ੀਜ਼ ਕਿਹਾ ਜਾਂਦਾ ਹੈ, ਇਹ ਅੰਤੜੀ 'ਚ ਲਗਾਤਾਰ ਬਣੀ ਰਹਿੰਦੀ ਹੈ।

ਜੇ ਕਿਸੇ ਬੰਦੇ 'ਚ ਵਾਇਰਲ ਕੋਲਾਈਟਿਸ ਜਾਂ ਅੰਤੜੀ 'ਚ ਸੁਰਾਖ ਵਰਗੇ ਲੱਛਣਾਂ ਦਾ ਡਰ ਰਹਿੰਦਾ ਹੈ, ਤਾਂ ਉਸ ਨੂੰ ਤੁਰਤ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਅਕਤੀ ਨੂੰ ਡਾਇਰੀਆ ਤੇ ਦੋ ਦਿਨ ਤੋਂ ਵੱਧ ਬੁਖਾਰ ਰਹਿੰਦਾ ਹੈ ਤਾਂ ਕੋਲਾਇਟਿਸ ਹੋ ਸਕਦਾ ਹੈ, ਅਜਿਹੀ ਹਾਲਤ ਵਿਚ ਤੁਰਤ ਮਾਹਰ ਤੇ ਯੋਗ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅੰਤੜੀਆਂ ਦੀ ਤਪਦਿਕ ਇਕ ਵਖਰੀ ਬਿਮਾਰੀ ਹੈ।
-ਡਾ ਅਜੀਤਪਾਲ ਸਿੰਘ ਐਮ.ਡੀ., ਸੰਪਰਕ : 98156-29301