ਸਿਹਤ ਲਈ ਬਹੁਤ ਫ਼ਾਇਦੇਮੰਦ ਹੈ ਗੁਲਕੰਦ, ਢਿੱਡ ਅਤੇ ਕਬਜ਼ ਦੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਦੂਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਗੁਲਾਬ ਦੀ ਪੰਖੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ।

Gulkand

 

 ਮੁਹਾਲੀ : ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ। ਇਹ ਖਾਣ ਵਿਚ ਬਹੁਤ ਸਵਾਦਿਸ਼ਟ ਹੁੰਦਾ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਗਰਮੀਆਂ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫ਼ੈਕਸ਼ਨ ਨੂੰ ਦੂਰ ਕਰਨ ਵਿਚ ਕਾਫ਼ੀ ਮਦਦਗਾਰ ਹੈ।

 

 

ਗੁਲਾਬ ਦੀ ਪੰਖੜੀਆਂ ਦੀ ਵਰਤੋਂ ਚਾਹ ਬਣਾਉਣ ਵਿਚ ਵੀ ਕੀਤੀ ਜਾਂਦੀ ਹੈ। ਗੁਲਕੰਦ ਖਾਣ ਵਿਚ ਬਹੁਤ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ। ਗੁਲਕੰਦ ਦੀ ਵਰਤੋਂ ਕਰਨ ਨਾਲ ਮਹਿਲਾਵਾਂ ਨੂੰ ਸਿਹਤ ਨਾਲ ਜੁੜੀਆਂ ਅਪਣੀਆਂ ਵੱਡੀਆਂ ਸਮੱਸਿਆਵਾਂ ਤੋਂ ਵੀ ਮੁਕਤੀ ਮਿਲ ਜਾਂਦੀ ਹੈ। ਆਉ ਜਾਣਦੇ ਹਾਂ ਗੁਲਕੰਦ ਤੋਂ ਹੋਰ ਕੀ ਫ਼ਾਇਦੇ ਹੁੰਦੇ ਹਨ:

 

ਕੁੱਝ ਲੋਕਾਂ ਨੂੰ ਗਰਮੀ ਦੇ ਮੌਸਮ ’ਚ ਮੂੰਹ ਦੇ ਛਾਲੇ ਹੋ ਜਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਗੁਲਕੰਦ ਖਾਣ ਨਾਲ ਮੂੰਹ ਦੇ ਛਾਲੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ ਅਤੇ ਇਸ ਨਾਲ ਆਰਾਮ ਵੀ ਮਿਲਦਾ ਹੈ।ਗੁਲਕੰਦ ਖਾਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਲੂ ਅਤੇ ਤਪਦੀ ਗਰਮੀ ਦੇ ਕਾਰਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। 

 

ਗਰਮੀ ਦੇ ਮੌਸਮ ਵਿਚ ਅੱਖਾਂ ’ਚ ਜਲਣ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਢਕ ਪਹੁੰਚਾਉਣ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਗੁਲਕੰਦ ਜ਼ਰੂਰ ਖਾਉ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ।  ਜ਼ਿੰਦਗੀ ਤਣਾਅ ਹੋਣਾ ਆਮ ਹੈ ਪਰ ਤਣਾਅ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਣ ਲਗਦੀਆਂ ਹਨ। ਪੰਖੁੜੀਆਂ ਨੂੰ ਉਬਾਲ ਕੇ ਇਸ ਦਾ ਪਾਣੀ ਠੰਢਾ ਕਰ ਕੇ ਪੀਣ ਨਾਲ ਤਣਾਅ ’ਚ ਰਾਹਤ ਮਿਲਦੀ ਹੈ। 

 

 ਗੁਲਕੰਦ ਤੁਹਾਡੇ ਸਰੀਰ ਨੂੰ ਠੰਢਾ ਰਖਦਾ ਹੈ। ਇਹ ਥਕਾਵਟ, ਸੁਸਤੀ, ਖੁਜਲੀ, ਦਰਦ ਆਦਿ ਸਾਰੀਆਂ ਗਰਮੀਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਖ਼ਤਮ ਕਰਦਾ ਹੈ। ਗੁਲਕੰਦ ਨਾਲ ਤਲਵਿਆਂ ਅਤੇ ਹਥੇਲੀਆਂ ’ਚ ਹੋਣ ਵਾਲੀ ਜਲਣ ਤੋਂ ਵੀ ਰਾਹਤ ਮਿਲਦੀ ਹੈ।  ਢਿੱਡ ਨਾਲ ਜੁੜੀਆਂ ਪ੍ਰੇਸ਼ਾਨੀਆਂ ਜਿਵੇਂ ਗੈਸ ਅਤੇ ਕਬਜ਼ ਹੋਣ ’ਤੇ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਫ਼ਾਇਦਾ ਹੁੰਦਾ ਹੈ। ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਭੁੱਖ ਵੀ ਲਗਣੀ ਸ਼ੁਰੂ ਹੋ ਜਾਂਦੀ ਹੈ

ਸਵੇਰੇ ਸ਼ਾਮ ਦੁੱਧ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ। ਇਸ ਨੂੰ ਖਾਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ, ਕਿਉਂਕਿ ਗੁਲਕੰਦ ਦੀ ਤਾਸੀਰ ਠੰਢੀ ਹੁੰਦੀ ਹੈ। ਇਸ ਨਾਲ ਸਰੀਰ ਸਾਫ਼ ਰਹਿੰਦਾ ਹੈ ਅਤੇ ਜ਼ਹਿਰੀਲੇ ਪਦਾਰਥ ਇਕੱਠੇ ਨਹੀਂ ਹੁੰਦੇ ਹਨ।