ਪੰਜਾਬ ਸਿਹਤ ਵਿਭਾਗ ਵਲੋਂ ਸੰਭਾਵੀ ਗਰਮੀ ਦੀ ਲਹਿਰ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਿਹਤ ਮੰਤਰੀ ਨੇ ਆਗਾਮੀ ਦਿਨਾਂ ਵਿੱਚ ਹੀਟ ਸਟ੍ਰੋਕ ਤੋਂ ਬਚਣ ਲਈ ਸੁਚੇਤ ਰਹਿਣ ਦੀ ਦਿੱਤੀ ਸਲਾਹ

photo

 

ਚੰਡੀਗੜ੍ਹ: ਮੌਸਮ ਵਿਭਾਗ ਵਲੋਂ ਆਗਾਮੀ ਦਿਨਾਂ ਵਿਚ ਤਾਪਮਾਨ ਵਿੱਚ ਹੋਣ ਵਾਲੇ ਵਾਧੇ ਸਬੰਧੀ ਲਗਾਏ ਅਨੁਮਾਨ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀਆਂ ਵਿਸ਼ੇਸ਼ ਹਦਾਇਤਾਂ 'ਤੇ ਜਾਰੀ ਕੀਤੀ ਗਈ ਹੈ ਤਾਂ ਜੋ ਲੋਕ ਗਰਮੀ ਦੇ ਮੌਸਮ ਦੌਰਾਨ ਵਧੇਰੇ ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾ ਸਕਣ।

ਜ਼ਿਕਰਯੋਗ ਹੈ ਕਿ ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ, ਤੱਟਵਰਤੀ ਖੇਤਰਾਂ ਲਈ 37 ਡਿਗਰੀ ਜਾਂ ਇਸ ਤੋਂ ਵੱਧ ਅਤੇ ਪਹਾੜੀ ਖੇਤਰਾਂ ਲਈ 30 ਡਿਗਰੀ ਜਾਂ ਇਸ ਤੋਂ ਵਧ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਇਹ ਉੱਚ ਤਾਪਮਾਨ ਸਰੀਰ ਦੇ ਤਾਪਮਾਨ ਨਿਯੰਤ੍ਰਣ ਪ੍ਰਣਾਲੀ ਨੂੰ ਵਿਗਾੜਦਾ ਹੈ ਅਤੇ ਗਰਮੀ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਟੀ.ਵੀ., ਰੇਡੀਓ, ਅਖਬਾਰਾਂ ਆਦਿ ਰਾਹੀਂ ਸਥਾਨਕ ਮੌਸਮ ਦੀਆਂ ਖਬਰਾਂ ਵੱਲ ਧਿਆਨ ਦਿਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀ ਵੈੱਬਸਾਈਟ http://mausam.imd.gov.in/ ਤੋਂ ਮੌਸਮ ਦੀ ਤਾਜ਼ਾ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਕ ਪੂਰਵ ਅਨੁਮਾਨ ਦੇ ਅਨੁਸਾਰ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ।
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਇਸ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕਰਨ ਦੇ ਨਾਲ-ਨਾਲ ਹੀਟ ਸਟ੍ਰੋਕ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਦੇਖਭਾਲ ਲਈ ਹਸਪਤਾਲਾਂ ਵਿਚ ਮੁਕੰਮਲ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

 ਹੀਟ ਸਟ੍ਰੋਕ ਤੋਂ ਬਚਣ ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ
  ਵਧੇਰੇ ਜੋਖਮ 'ਤੇ ਹਨ:
  • ਨਵਜੰਮੇ ਅਤੇ ਛੋਟੇ ਬੱਚੇ
  • ਗਰਭਵਤੀ ਔਰਤਾਂ
  • 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ
 • ਮਜ਼ਦੂਰ
  • ਮੋਟਾਪੇ ਤੋਂ ਪੀੜਤ ਵਿਅਕਤੀ
  • ਮਾਨਸਿਕ ਰੋਗੀ
  • ਜੋ ਸਰੀਰਕ ਤੌਰ 'ਤੇ ਬਿਮਾਰ ਹਨ, ਖਾਸ ਕਰਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ

ਕੀ ਕਰਨਾ ਚਾਹੀਦਾ ਹੈ:
• ਘਰ ਤੋਂ ਬਾਹਰ ਦੇ ਕੰਮ ਦਿਨ ਦੇ ਠੰਡੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਵਿਚ ਕੀਤੇ ਜਾਣੇ ਚਾਹੀਦੇ ਹਨ।
 • ਪਿਆਸ ਨਾ ਲੱਗਣ 'ਤੇ ਵੀ ਹਰ ਅੱਧੇ ਘੰਟੇ ਬਾਅਦ ਪਾਣੀ ਪੀਓ। ਮਿਰਗੀ ਜਾਂ ਦਿਲ ਦੀ ਬਿਮਾਰੀ, ਗੁਰਦੇ ਜਾਂ ਜਿਗਰ ਦੀ ਬਿਮਾਰੀ ਵਾਲੇ ਲੋਕ ਜੋ ਤਰਲ-ਪ੍ਰਤੀਬੰਧਿਤ ਖੁਰਾਕ 'ਤੇ ਹਨ, ਉਨ੍ਹਾਂ ਨੂੰ ਪਾਣੀ ਦੀ ਮਾਤਰਾ ਵਧਾਉਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
 • ਬਾਹਰ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਪੂਰੀ ਬਾਹਾਂ ਵਾਲੇ ਕੱਪੜੇ ਪਾਓ। ਕੋਸ਼ਿਸ਼ ਕਰੋ ਕਿ ਗਰਮੀਆਂ ਵਿਚ ਸਿਰਫ਼ ਸੂਤੀ ਕੱਪੜੇ ਹੀ ਪਹਿਨੇ ਜਾਣ।
 • ਸਿੱਧੀ ਧੁੱਪ ਤੋਂ ਆਪਣੇ ਸਿਰ ਨੂੰ ਢੱਕਣ ਲਈ ਛੱਤਰੀ, ਟੋਪੀ, ਤੌਲੀਆ, ਪੱਗ ਜਾਂ ਦੁਪੱਟੇ ਦੀ ਵਰਤੋਂ ਕਰੋ।
  • ਨੰਗੇ ਪੈਰੀਂ ਬਾਹਰ ਨਾ ਨਿਕਲੋ, ਧੁੱਪ ਵਿਚ ਬਾਹਰ ਜਾਣ ਵੇਲੇ ਹਮੇਸ਼ਾ ਜੁੱਤੀ ਜਾਂ ਚੱਪਲਾਂ ਪਾਓ।
  • ਧੁੱਪ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰ ਦਾ ਤਾਪਮਾਨ ਸਹੀ ਬਰਕਰਾਰ ਰੱਖਣ ਲਈ ਛਾਂ ਵਿਚ ਆਰਾਮ ਕਰਨਾ ਚਾਹੀਦਾ ਹੈ ਜਾਂ ਸਿਰ 'ਤੇ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ।
  • ਧੁੱਪ ਵਿਚ ਨਿਕਲਦੇ ਸਮੇਂ ਹਮੇਸ਼ਾ ਪਾਣੀ ਨਾਲ ਰੱਖੋ।
 • ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਕਿ ਤਰਬੂਜ, ਸੰਤਰਾ, ਅੰਗੂਰ, ਖੀਰੇ ਅਤੇ ਟਮਾਟਰ ਖਾਓ ਕਿਉਂਕਿ ਇਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
  • ਉਹਨਾਂ ਲੋਕਾਂ ਨੂੰ ਪਾਣੀ ਦੀ ਪੇਸ਼ਕਸ਼ ਕਰੋ ਜੋ ਤੁਹਾਡੇ ਘਰ ਜਾਂ ਦਫਤਰ ਵਿਚ ਸਮਾਨ ਜਾਂ ਭੋਜਨ ਦੀ ਡਿਲਿਵਰੀ ਲਈ ਆਉਂਦੇ ਹਨ।
  • ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਅਤੇ ਸੇਵਨ ਵਧਾਓ।
  • ਆਪਣੀ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਅੱਖਾਂ ਦੀ ਸੁਰੱਖਿਆ ਲਈ ਗੂੜ੍ਹੇ ਚਸ਼ਮੇ ਪਾਓ।
  • ਘੱਟ ਭੋਜਨ ਖਾਓ ਅਤੇ ਜ਼ਿਆਦਾ ਵਾਰ ਖਾਓ।
 • ਠੰਡੇ ਪਾਣੀ ਨਾਲ ਵਾਰ-ਵਾਰ ਨਹਾਓ।
  • ਛੱਤਾਂ 'ਤੇ ਤੂੜੀ ਪਾ ਕੇ ਜਾਂ ਸਬਜ਼ੀਆਂ ਉਗਾ ਕੇ ਤਾਪਮਾਨ ਘੱਟ ਰੱਖਿਆ ਜਾ ਸਕਦਾ ਹੈ।
  • ਜੇਕਰ ਕਸਰਤ ਕਰ ਰਹੇ ਹੋ, ਤਾਂ ਹੌਲੀ-ਹੌਲੀ ਸ਼ੁਰੂ ਕਰੋ ਅਤੇ ਅੰਤ ਵਿਚ ਸਰੀਰ ਦੇ ਵਧਦੇ ਤਾਪਮਾਨ ਦੇ ਅਨੁਕੂਲ ਹੋਣ ਤੱਕ ਇਸ ਨੂੰ ਕੁਝ ਦਿਨਾਂ ਵਿਚ ਵਧਾਓ।
  • ਪਿਆਜ਼ ਦਾ ਸਲਾਦ ਅਤੇ ਕੱਚੇ ਅੰਬ ਨੂੰ ਨਮਕ ਅਤੇ ਜੀਰੇ ਨਾਲ ਖਾਣ ਵਰਗੇ ਰਵਾਇਤੀ ਉਪਚਾਰ ਹੀਟ ਸਟ੍ਰੋਕ ਤੋਂ ਬਚਾ ਸਕਦੇ ਹਨ।

ਕੀ ਨਹੀਂ ਕਰਨਾ ਚਾਹੀਦਾ ਹੈ:
• ਧੁੱਪ ਵਿਚ ਖਾਸ ਤੌਰ ‘ਤੇ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਜਾਣ ਤੋਂ ਪਰਹੇਜ਼ ਕਰੋ।
• ਵਧ ਗਰਮੀ ਵਾਲੇ ਘੰਟਿਆਂ ਦੌਰਾਨ ਖਾਣਾ ਬਣਾਉਣ ਤੋਂ ਗੁਰੇਜ਼ ਕੀਤਾ ਜਾਵੇ, ਰਸੋਈ ਨੂੰ ਚੰਗੀ ਤਰ੍ਹਾਂ ਹਵਾਦਾਰ ਰੱਖਣ ਲਈ ਦਰਵਾਜੇ ਅਤੇ ਖਿੜਕੀਆਂ ਖੁੱਲੀਆਂ ਰੱਖੋ।
• ਅਲਕੋਹਲ, ਚਾਹ, ਕੌਫੀ, ਅਤੇ ਕਾਰਬੋਨੇਟਿਡ ਅਤੇ ਵਾਧੂ ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਅਸਲ ਵਿਚ ਬਾਡੀ ਫਲੂਡਜ਼ ਨੂੰ ਖਤਮ ਕਰਦੇ ਹਨ।
• ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ, ਬਾਸੀ ਭੋਜਨ ਨਾ ਖਾਓ।
• ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਤਾਲਾਬੰਦ ਵਾਹਨ ਵਿਚ ਨਾ ਛੱਡੋ।

ਲੱਛਣ ਜਿਨ੍ਹਾਂ ਲਈ ਤੁਰੰਤ ਡਾਕਟਰੀ ਧਿਆਨ ਦੀ ਲੋੜ ਹੁੰਦੀ ਹੈ:
  • ਆਰਾਮ ਨਾ ਕਰਨ ਨਾਲ ਮਾਨਸਿਕ ਸੰਤੁਲਨ ਵਿਚ ਬਦਲਾਅ, ਬੇਚੈਨੀ, ਬੋਲਣ ਵਿਚ ਦਿੱਕਤ, ਚਿੜਚਿੜਾਪਨ, ਅਟੈਕਸੀਆ (ਬੋਲਣ ਵਿੱਚ ਦਿੱਕਤ), ਹਕਲਾ ਕੇ ਬੋਲਣਾ, ਦੌਰੇ ਆਦਿ ਨਾਲ
  • ਗਰਮ, ਲਾਲ ਅਤੇ ਖੁਸ਼ਕ ਚਮੜੀ
  • ਜਦੋਂ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਵੱਧ ਜਾਂਦਾ ਹੈ
  • ਗੰਭੀਰ ਸਿਰ ਦਰਦ
• ਚਿੰਤਾ, ਚੱਕਰ ਆਉਣੇ, ਬੇਹੋਸ਼ੀ ਅਤੇ ਹਲਕਾ ਸਿਰ ਦਰਦ
  • ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਖਿਚਾਵ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਰਹਿੰਦੀ ਹੈ
  • ਉਲਟੀਆਂ (ਜੀਅ ਮਚਲਾਣਾ)
  • ਦਿਲ ਦੀ ਧੜਕਣ ਤੇਜ਼ ਹੋਣਾ
• ਸਾਹ ਲੈਣ ਵਿਚ ਤਕਲੀਫ਼ ਹੋਣਾ