World Thalassaemia Day: ਖੇਡਣ ਦੀ ਉਮਰ ’ਚ ਖੂਨ ਚੜ੍ਹਾਉਣ ਹਸਪਤਾਲ ਜਾ ਰਹੇ ਬੱਚੇ ਪਰ ਹੌਸਲੇ ਬੁਲੰਦ
ਇਸ ਗੰਭੀਰ ਸਥਿਤੀ ਵਿਚ ਪੀੜਤ ਨੂੰ ਜੀਵਨ ਭਰ ਖੂਨ ਚੜ੍ਹਾਉਣ, ਇਲਾਜ ਅਤੇ ਪ੍ਰਬੰਧਨ ਦੀ ਲੋੜ ਹੁੰਦੀ ਹੈ।
World Thalassaemia Day: ਥੈਲੇਸੀਮੀਆ ਇਕ ਗੰਭੀਰ ਜੈਨੇਟਿਕ ਖੂਨ ਸੰਬੰਧੀ ਵਿਗਾੜ ਹੈ। ਇਸ ਗੰਭੀਰ ਸਥਿਤੀ ਵਿਚ ਪੀੜਤ ਨੂੰ ਜੀਵਨ ਭਰ ਖੂਨ ਚੜ੍ਹਾਉਣ, ਇਲਾਜ ਅਤੇ ਪ੍ਰਬੰਧਨ ਦੀ ਲੋੜ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਅਤੇ ਥੈਲੇਸੀਮੀਆ ਇੰਡੀਆ ਦੇ ਅੰਕੜਿਆਂ ਅਨੁਸਾਰ, ਦੇਸ਼ ਵਿਚ ਹਰ ਸਾਲ ਲਗਭਗ 10,000 ਬੱਚੇ ਥੈਲੇਸੀਮੀਆ ਬੀਮਾਰੀ ਨਾਲ ਪੈਦਾ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਮਾਮਲਿਆਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਵਿਚ ਹੱਸਣ ਖੇਡਣ ਦੀ ਉਮਰ ਵਿਚ ਬੱਚੇ ਇਸ ਗੰਭੀਰ ਬੀਮਾਰੀ ਤੋਂ ਪੀੜਤ ਹਨ।
ਥੈਲੇਸੀਮੀਆ ਦੀ ਲਪੇਟ ਵਿਚ ਜੁੜਵਾ ਬੱਚੇ
ਪੰਚਕੂਲਾ ਵਾਸੀ ਅਮਿਤ ਸੂਦ ਅਤੇ ਉਸ ਦੀ ਪਤਨੀ ਅਮਿਤਾ ਥੈਲੇਸੀਮਿਕ ਹਨ। ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਟ੍ਰਾਈਸਿਟੀ ਦੇ ਦੋ ਬੱਚੇ ਖੇਡਣ ਦੀ ਉਮਰ ਵਿਚ 25ਵੇਂ ਦਿਨ ਖੂਨ ਚੜ੍ਹਾਉਣ ਲਈ ਹਸਪਤਾਲ ਜਾ ਰਹੇ ਹਨ। ਇਹ ਕੋਈ ਅਜਿਹੀ ਬਿਮਾਰੀ ਨਹੀਂ ਹੈ ਜੋ ਕੁੱਝ ਮਹੀਨਿਆਂ ਜਾਂ ਸਾਲਾਂ ਵਿਚ ਠੀਕ ਹੋ ਜਾਵੇ। ਹੁਣ ਖੂਨ ਚੜ੍ਹਾਉਣ ਦੀ ਇਹ ਪ੍ਰਕਿਰਿਆ ਸਦਾ ਲਈ ਜਾਰੀ ਰਹੇਗੀ। ਇੰਨੀ ਗੰਭੀਰ ਬੀਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਇਹ ਬੱਚੇ ਅਪਣੇ ਮਾਤਾ-ਪਿਤਾ ਦੀ ਬਦੌਲਤ ਆਮ ਜ਼ਿੰਦਗੀ ਜੀਅ ਰਹੇ ਹਨ।
ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੇ ਅਪੀਲ ਕੀਤੀ ਕਿ ਉਹ ਵਿਆਹ ਤੋਂ ਪਹਿਲਾਂ ਅਤੇ ਗਰਭ ਅਵਸਥਾ ਦੌਰਾਨ ਥੈਲੇਸੀਮੀਆ ਦਾ ਟੈਸਟ ਨਾ ਕਰਵਾਉਣ ਦੀ ਗਲਤੀ ਨਾ ਕਰਨ ਕਿਉਂਕਿ ਜੇ ਉਹ ਸਮੇਂ ਸਿਰ ਅਪਣਾ ਟੈਸਟ ਕਰਵਾ ਲੈਂਦੇ, ਤਾਂ ਸ਼ਾਇਦ ਉਨ੍ਹਾਂ ਦੇ ਬੱਚੇ ਇਸ ਗੰਭੀਰ ਬੀਮਾਰੀ ਤੋਂ ਪ੍ਰਭਾਵਿਤ ਨਾ ਹੁੰਦੇ।
ਜਦੋਂ ਅਮਿਤਾ ਗਰਭਵਤੀ ਹੋਈ ਸੀ, ਉਦੋਂ ਵੀ ਉਸ ਦਾ ਥੈਲੇਸੀਮੀਆ ਲਈ ਟੈਸਟ ਨਹੀਂ ਕੀਤਾ ਗਿਆ। ਉਸ ਨੇ 5 ਸਾਲ ਪਹਿਲਾਂ ਜੁੜਵਾਂ ਬੱਚਿਆਂ ਨੂੰ ਜਨਮ ਦਿਤਾ। ਜਨਮ ਤੋਂ ਪੰਜ ਮਹੀਨੇ ਬਾਅਦ ਪਤਾ ਲੱਗਿਆ ਕਿ ਦੋਵੇਂ ਪੁੱਤਰਾਂ ਨੂੰ ਥੈਲੇਸੀਮੀਆ ਹੈ। ਇਹ ਸੁਣ ਕੇ ਅਮਿਤ ਅਤੇ ਅਮਿਤਾ ਹੈਰਾਨ ਰਹਿ ਗਏ ਪਰ ਦੋਹਾਂ ਨੇ ਹਿੰਮਤ ਨਹੀਂ ਹਾਰੀ। ਪੀਜੀਆਈ ਵਿਚ ਦੋਵਾਂ ਪੁੱਤਰਾਂ ਦਾ ਇਲਾਜ ਸ਼ੁਰੂ ਕੀਤਾ। ਅਮਿਤ ਅਤੇ ਅਮਿਤਾ ਦੀ ਜਾਗਰੂਕਤਾ ਕਾਰਨ ਉਨ੍ਹਾਂ ਦੇ ਦੋਵੇਂ ਬੱਚੇ ਆਮ ਜੀਵਨ ਬਤੀਤ ਕਰ ਰਹੇ ਹਨ ਅਤੇ ਸਕੂਲ ਵੀ ਜਾ ਰਹੇ ਹਨ ਅਤੇ ਦੂਜੇ ਬੱਚਿਆਂ ਨਾਲ ਖੇਡ ਰਹੇ ਹਨ।
ਜਾਂਚ ਨਾ ਕਰਵਾਉਣ ਕਾਰਨ ਦੂਜੀ ਧੀ ਆਈ ਲਪੇਟ ਵਿਚ
ਦੂਜੇ ਮਾਮਲੇ ਵਿਚ ਪੰਚਕੂਲਾ ਦੀ ਸਪਨਾ ਗੰਭੀਰ, ਜੋ ਅਪਣੀ ਧੀ ਦਾ ਪੀਜੀਆਈ ਦੀ ਟਰਾਂਸਫਿਊਜ਼ਨ ਮੈਡੀਸਨ ਵਿਚ ਇਲਾਜ ਕਰਵਾ ਰਹੀ ਹੈ, ਨੇ ਦਸਿਆ ਕਿ ਉਹ ਅਤੇ ਉਸ ਦੇ ਪਤੀ ਮਾਮੂਲੀ ਥੈਲੇਸੀਮਿਕ ਹਨ। ਪਹਿਲੀ ਧੀ ਦੇ ਜਨਮ ਸਮੇਂ ਜਦੋਂ ਟੈਸਟ ਕਰਵਾਇਆ ਗਿਆ, ਸੱਭ ਕੁੱਝ ਆਮ ਸੀ। ਦੂਜੀ ਬੇਟੀ ਦੇ ਜਨਮ ਸਮੇਂ ਕੁੱਝ ਹਾਲਾਤ ਅਜਿਹੇ ਸਨ ਕਿ ਜਾਂਚ ਨਹੀਂ ਹੋ ਸਕੀ। ਉਸ ਦੇ ਜਨਮ ਤੋਂ ਬਾਅਦ ਪਤਾ ਲੱਗਿਆ ਕਿ ਉਹ ਥੈਲੇਸੀਮਿਕ ਹੈ। ਉਸ ਤੋਂ ਬਾਅਦ ਤੀਜੀ ਬੇਟੀ ਦਾ ਜਨਮ ਹੋਇਆ, ਉਹ ਵੀ ਬਿਲਕੁਲ ਠੀਕ ਹੈ। ਸਪਨਾ ਦਾ ਕਹਿਣਾ ਹੈ ਕਿ ਜੇਕਰ ਮਾਤਾ-ਪਿਤਾ ਜਾਗਰੂਕ ਹੋਣ ਤਾਂ ਥੈਲੇਸੀਮਿਕ ਬੱਚੇ ਵੀ ਆਮ ਬੱਚਿਆਂ ਵਾਂਗ ਜ਼ਿੰਦਗੀ ਜੀਅ ਸਕਦੇ ਹਨ।
ਚੰਡੀਗੜ੍ਹ ਵਿਚ 450 ਬੱਚਿਆਂ ਦਾ ਚੱਲ ਰਿਹਾ ਇਲਾਜ
ਥੈਲੇਸੀਮਿਕ ਚੈਰੀਟੇਬਲ ਟਰੱਸਟ ਦੇ ਮੈਂਬਰ ਸਕੱਤਰ ਰਾਜਿੰਦਰ ਕਾਲੜਾ ਨੇ ਦਸਿਆ ਕਿ ਅਜਿਹੇ ਮਰੀਜ਼ਾਂ ਲਈ 1985 ਤੋਂ ਨਿਯਮਿਤ ਖੂਨ ਦਾਨ ਕੈਂਪ ਆਯੋਜਨ ਕੀਤਾ ਜਾ ਰਿਹਾ। ਮੌਜੂਦਾ ਸਮੇਂ ਪੀਜੀਆਈ ਅਤੇ ਜੀਐਮਸੀਐਚ-32 ਵਿਚ ਦੋ ਰੋਜ਼ਾ ਦੇਖਭਾਲ ਕੇਂਦਰਾਂ ਵਿਚ 450 ਥੈਲੇਸੀਮਿਕ ਬੱਚਿਆਂ ਦਾ ਇਲਾਜ ਹੋ ਰਿਹਾ ਹੈ। ਸਾਰਿਆਂ ਨੂੰ ਖੂਨ ਚੜਾਉਣ ਲਈ ਮੁਫ਼ਤ ਮੈਡੀਕਲ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਦਵਾਈਆਂ ਦਿਤੀਆਂ ਜਾਂਦੀਆਂ ਹਨ।ਚੰਡੀਗੜ੍ਹ ਵਿਚ ਪੀੜਤ ਬੱਚਿਆਂ ਦੇ ਜਨਮ ਦਾ ਅੰਕੜਾ ਸਤੰਬਰ 2019 ਤੋਂ 2024 ਤਕ ਘੱਟ ਰਿਹਾ ਹੈ। ਪੀਜੀਆਈ ਵਿਚ ਗਰਭਵਤੀ ਔਰਤਾਂ ਲਈ ਟੈਸਟ ਦੀ ਸਹੂਲਤ ਵੀ ਦਿਤੀ ਜਾ ਰਹੀ ਹੈ।