ਕਿਵੇਂ ਨਜਿੱਠੀਏ  ਡੇਂਗੂ ਨਾਲ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਡੇਂਗੂ ਇਕ ਗੰਭੀਰ ਤਪਤਖੰਡੀ ਰੋਗ ਹੈ। ਪਿਛਲੇ ਸਾਲਾਂ ਦੌਰਾਨ ਇਸ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ...

Dengue

ਡੇਂਗੂ ਇਕ ਗੰਭੀਰ ਤਪਤਖੰਡੀ ਰੋਗ ਹੈ। ਪਿਛਲੇ ਸਾਲਾਂ ਦੌਰਾਨ ਇਸ ਦੀਆਂ ਵੱਧ ਰਹੀਆਂ ਘਟਨਾਵਾਂ ਕਾਰਨ ਇਹ ਬਿਮਾਰੀ ਵਿਸ਼ਵਵਿਆਪੀ ਖ਼ਤਰਾ ਬਣ ਗਈ ਹੈ। ਇਹ ਸੱਭ ਤੋਂ ਵੱਧ ਫੈਲਣ ਵਾਲੀ ਵਿਸ਼ੈਲੀ ਸੰਕਰਾਮਕ ਬਿਮਾਰੀ ਹੈ ਜਿਹੜੀ ਏਡਿਸ ਅਈਜਿਪਟੀ ਮੱਛਰ ਦੇ ਕੱਟਣ ਕਾਰਨ ਹੁੰਦੀ ਹੈ। ਇਸ ਦੇ ਕੱਟਣ ਨਾਲ ਡੇਂਗੂ ਦਾ ਜ਼ਹਿਰੀਲਾ ਵਾਇਰਸ ਅਗਾਂਹ ਪਹੁੰਚਦਾ ਹੈ ਪਰ ਇਹ ਅਪਣੇ ਆਪ ਵਿਚ ਪੀੜਤ ਨਹੀਂ ਹੁੰਦਾ। ਮੱਛਰ ਉਸ ਵੇਲੇ ਸੰਕਰਾਮਕ ਹੁੰਦਾ ਹੈ ਜਦੋਂ ਇਹ ਡੇਂਗੂ ਨਾਲ ਪੀੜਤ ਮਨੁੱਖ ਨੂੰ ਕਟਦਾ ਹੈ। ਚਾਰ ਤਰ੍ਹਾਂ ਦੇ ਡੇਂਗੂ-ਘਾਤਕ ਬੈਕਟੀਰੀਆ ਹੁੰਦੇ ਹਨ ਜਿਨ੍ਹਾਂ ਦਾ ਆਪਸ ਵਿਚ ਨੇੜੇ ਦਾ ਸਬੰਧ ਹੁੰਦਾ ਹੈ। ਪਰ ਰੋਚਕ ਗੱਲ ਇਹ ਹੈ ਕਿ ਇਕ ਜ਼ਹਿਰੀਲੇ ਬੈਕਟੀਰੀਆ ਨਾਲ ਹੋਈ ਲਾਗ ਉਸ ਵਾਇਰਸ ਨਾਲ ਹੀ ਰੋਗ ਪ੍ਰਤੀਰੋਧਤਾ ਪ੍ਰਦਾਨ ਕਰਦੀ ਹੈ ਅਤੇ ਕੋਈ ਦੂਜਾ ਵਾਇਰਸ ਅਜਿਹਾ ਨਹੀਂ ਕਰਦਾ। 
ਲੱਛਣ: ਜਦੋਂ ਇਕ ਵਾਰੀ ਮਨੁੱਖ ਨੂੰ ਇਸ ਦੀ ਲਾਗ ਹੋ ਜਾਂਦੀ ਹੈ ਤਾਂ ਡੇਂਗੂ ਬੁਖਾਰ ਦੇ ਲੱਛਣ ਤਿੰਨ ਤੋਂ ਚੌਦਾਂ ਦਿਨਾਂ 'ਚ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਨੂੰ ਰੋਗ ਵਿਕਾਸ ਦਾ ਸਮਾਂ ਕਹਿੰਦੇ ਹਨ। ਇਹ ਸਮਾਂ ਲਾਗ ਦੇ ਉਘਾੜ ਜਾਂ ਪ੍ਰਗਟਾਵਾ ਅਤੇ ਪਹਿਲੇ ਲੱਛਣ ਦੇ ਨਜ਼ਰ ਆਉਣ ਦੇ ਅੰਤਰਾਲ ਦਾ ਹੁੰਦਾ ਹੈ। ਬਿਮਾਰ ਮਨੁੱਖ ਨੂੰ ਅਚਾਨਕ ਤੇਜ਼ ਬੁਖਾਰ, ਠੰਡ, ਸਿਰਦਰਦ, ਪਿੱਠ-ਦਰਦ ਅਤੇ ਅੱਖਾਂ ਦੇ ਪਿੱਛੇ ਅੱਖਾਂ ਦੇ ਘੁਮਾਉਣ ਨਾਲ ਪੀੜ ਵਧਦੀ ਹੈ ਅਤੇ ਇਸ ਨਾਲ ਹੀ ਆਮ ਪੱਠਿਆਂ ਵਿਚ ਵੀ ਦਰਦ ਹੁੰਦੀ ਹੈ। ਇਸ ਲਈ ਇਸ ਬਿਮਾਰੀ ਨੂੰ ਹੱਡ ਭੰਨ ਬੁਖਾਰ ਵੀ ਕਿਹਾ ਜਾਂਦਾ ਹੈ।
ਇਸ ਬਿਮਾਰੀ ਦਾ ਦੂਜਾ ਰੋਚਕ ਤੱਥ ਇਹ ਹੈ ਕਿ ਕੁੱਝ ਰੋਗੀਆਂ ਵਿਚ ਇਹ ਬੁਖਾਰ ਦੋ ਪੜਾਵਾਂ ਵਿਚ ਵੀ ਹੋ ਸਕਦਾ ਹੈ। ਕਈ ਵਾਰੀ ਬੁਖਾਰ ਕੁੱਝ ਘੰਟਿਆਂ ਤੋਂ ਲੈ ਕੇ ਦੋ ਦਿਨਾਂ ਲਈ ਘੱਟ ਜਾਂਦਾ ਹੈ ਅਤੇ ਇਕ-ਦੋ ਦਿਨਾਂ ਲਈ ਮੁੜ ਚੜ੍ਹ ਜਾਂਦਾ ਹੈ। ਪਰ ਇਸ ਦੀ ਤੀਬਰਤਾ ਘੱਟ ਹੁੰਦੀ ਹੈ। ਇਹ ਬੁਖਾਰ ਇਕ ਹਫ਼ਤੇ ਲਈ ਰਹਿ ਸਕਦਾ ਹੈ। ਛਾਤੀ ਅਤੇ ਪਿੱਠ ਤੇ ਮੀਜ਼ਲ ਵਾਂਗ ਲਾਲ ਰੰਗ ਦੇ ਧੱਫ਼ੜ ਉਭਰ ਸਕਦੇ ਹਨ ਜਿਹੜੇ ਕਿ ਚਿਹਰੇ ਅਤੇ ਬਾਕੀ ਅੰਗਾਂ ਤੇ ਵੀ ਫ਼ੈਲ ਸਕਦੇ ਹਨ। ਇਨ੍ਹਾਂ ਦੀ ਮਿਆਦ ਇਕ ਤੋਂ ਪੰਜ ਦਿਨਾਂ ਦੀ ਹੁੰਦੀ ਹੈ। ਬੁਖਾਰ ਵਿਚ ਉਲਟੀ ਆਉਣਾ ਅਤੇ ਭੁੱਖ ਦੀ ਇੱਛਾ ਨਾ ਹੋਣ ਵਰਗੇ ਲੱਛਣ ਨਜ਼ਰ ਆਉਂਦੇ ਹਨ। ਨਬਜ਼ ਸੁਸਤ ਹੋ ਜਾਂਦੀ ਹੈ ਅਤੇ ਗ੍ਰੰਥੀਆਂ ਪ੍ਰਤੱਖ ਦਿਸਦੀਆਂ ਹਨ।
ਰੋਜ਼-ਨਿਤ ਦੇ ਖ਼ੂਨ ਟੈਸਟਾਂ ਵਿਚ ਲਿਊਕੋਸਾਈਟ ਦੀ ਗਿਣਤੀ ਘੱਟ ਜਾਂਦੀ ਹੈ। (ਲਿਉਕੋਪਿਨੀਆ) ਅਤੇ ਨਿਊਟਰੋਫਿਲਜ਼ ਦੀ ਗਿਣਤੀ ਵੀ ਵਧੇਰੇ ਘੱਟ ਜਾਂਦੀ ਹੈ (ਨਿਊਟਰੋਪਿਨੀਆ) ਇਸ ਬਿਮਾਰੀ ਦਾ ਮਹੱਤਵਪੂਰਨ ਤੱਥ ਇਹ ਹੈ ਕਿ ਕਈ ਆਮ ਰੋਗੀਆਂ ਵਿਚ ਪਲੇਟੇਲੈੱਟਸ ਦੀ ਗਿਣਤੀ ਵੀ ਘੱਟ ਜਾਂਦੀ ਹੈ। (ਥਰਾਬੋਸਾਈਟੋਪਿਨੀਆ) ਜਿਸ ਨਾਲ ਖ਼ੂਨ ਪ੍ਰਵਾਹ ਦੀ ਗੜਬੜ ਜਿਵੇਂ ਕਿ ਚਮੜੀ ਤੇ ਖਿੰਡਰੇ ਹੋਏ ਲਹੂ ਦੇ ਚਟਾਖ, ਨੱਕ ਵਿਚੋਂ ਖ਼ੂਨ-ਪ੍ਰਵਾਹ ਆਦਿ ਕਈ ਲੱਛਣ ਸਾਹਮਣੇ ਆਂਦੇ ਹਨ। ਖ਼ੂਨ-ਪ੍ਰਵਾਹ ਵਾਲਾ ਬੁਖਾਰ: ਖ਼ੂਨ-ਪ੍ਰਵਾਹ ਵਾਲਾ ਬੁਖਾਰ ਬੱਚਿਆਂ ਜਾਂ ਬਾਲਗਾਂ ਵਿਚ ਹੁੰਦਾ ਹੈ ਜਿਸ ਵਿਚ ਪਲੈਟੇਲੈੱਟਸ ਦੀ ਗਿਣਤੀ ਵਧੇਰੇ ਘੱਟ ਜਾਂਦੀ ਹੈ। ਪਲੈਟੇਲੈੱਟ ਦੀ ਗਿਣਤੀ ਦਾ ਆਮ ਪੱਧਰ 150000/ਯੂ ਐਲ ਤੋਂ ਲੈ ਕੇ 450000/ਯੂਐਲ ਹੁੰਦਾ ਹੈ ਅਤੇ 100000/ਯੂ ਐਲ ਤੋਂ ਘੱਟ ਦੀ ਗਿਣਤੀ ਨੂੰ ਖ਼ਤਰਨਾਕ ਸਮਝਿਆ ਜਾਂਦਾ ਹੈ। ਜੇ ਇਹ ਗਿਣਤੀ 40000 ਤੋਂ ਘੱਟ ਹੋ ਜਾਵੇ ਤਾਂ ਇਸ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਪਲੈਟੇਲੈੱਟਸ ਦੀ ਗਿਣਤੀ ਘੱਟ ਹੋਣ ਨਾਲ ਖ਼ੂਨ-ਪ੍ਰਦੀਆਂ ਘਟਨਾਵਾਂ ਜਿਵੇਂ ਕਿ ਪਿਸ਼ਾਬ ਵਿਚ ਖ਼ੂਨ, ਢਿੱਡ ਅਤੇ ਅੰਤੜੀਆਂ ਵਿਚੋਂ ਖ਼ੂਨ ਅਤੇ ਪਖਾਨੇ ਵਿਚ ਖ਼ੂਨ ਆ ਸਕਦਾ ਹੈ। ਔਰਤਾਂ ਵਿਚ ਮਾਹਵਾਰੀ ਦਾ ਵਹਾਅ ਵੱਧ ਸਕਦਾ ਹੈ। ਖ਼ੂਨ ਦੀ ਕਲਾਟਿੰਗ ਲਈ ਪਲੈਟੇਲੈੱਟਸ ਦੀ ਗਿਣਤੀ ਸਹੀ ਹੋਣਾ ਅਤਿ ਜ਼ਰੂਰੀ ਹੈ। 

ਅਜਿਹੇ ਰੋਗੀਆਂ ਵਿਚ ਖ਼ੂਨ ਦੀ ਪਰਵਿਰਤੀ ਜਾਣਨ ਲਈ ਟੂਰਨੀਕੁਇਟ ਟੈਸਟ ਸਕਾਰਾਤਮਕ ਹੋ ਸਕਦਾ ਹੈ। ਇਸ ਨੂੰ ਜਾਣਨ ਲਈ ਬਲੱਡ ਪ੍ਰੈਸ਼ਰ ਦੇ ਕਫ਼ ਦੇ ਸਿਸਟੋਲਿਕ ਅਤੇ ਡਾਇਆਸਟੋਲਿਕ ਬਲੱਡ ਪ੍ਰੈਸ਼ਰ ਵਿਚਾਲੇ ਪੰਜ ਮਿੰਟਾਂ ਲਈ ਹਵਾ ਭਰੀ ਜਾਂਦੀ ਹੈ। ਜੇ 2.5 ਵਰਗ ਸੈਂਟੀਮੀਟਰ ਵਿਚ 20 ਰੁਧੀਰਾਂਕ ਜਾਂ ਪਿਟੈਚੀ ਤੋਂ ਵੱਧ ਹੋਣ ਤਾਂ ਪਰੀਖਣ ਸਕਾਰਾਤਮਕ ਸਮਝਿਆ ਜਾਂਦਾ ਹੈ। 
ਪਲਾਜ਼ਮਾ ਦਾ ਰਿਸਾਅ (ਪਲਾਜ਼ਮਾ ਖ਼ੂਨ ਦੇ ਤਰਲ ਪਦਾਰਥ ਦਾ ਉਹ ਭਾਗ ਹੁੰਦਾ ਹੈ ਜਿਸ ਵਿਚ ਸਫ਼ੇਦ ਅਤੇ ਲਾਲ ਰਕਤਾਣੂ ਤਰਦੇ ਹਨ) ਡੀ.ਐਚ.ਜੀ. ਦਾ ਪ੍ਰਮੁੱਖ ਪ੍ਰਮਾਣ ਹੈ। ਇਸ ਨਾਲ ਰੋਗ ਦੀ ਤੀਬਰਤਾ ਦਾ ਗਿਆਨ ਹੁੰਦਾ ਹੈ ਅਤੇ ਡੇਂਗੂ ਬੁਖ਼ਾਰ ਫ਼ਰਕ ਦਾ ਪਤਾ ਦਸਦਾ ਹੈ। ਇਹ ਖ਼ੂਨ ਨਾੜਾਂ ਦੀਆਂ ਦੀਵਾਰਾਂ ਦੀ ਸਹਭਾਗਿਤਾ ਕਾਰਨ ਹੁੰਦਾ ਹੈ ਜਿਸ ਨੂੰ ਐਂਡੋਥੀਲੀਅਮ ਦੁਸ਼ਕਿਰਿਆ ਕਹਿੰਦੇ ਹਨ ਅਤੇ ਇਸ ਨਾਲ ਨਾੜਾਂ ਸਬੰਧੀ ਪਾਰਦਰਸ਼ਤਾ ਵੱਧ ਜਾਂਦੀ ਹੈ। ਇਸ ਨਾਲ ਤਰਲ ਪਦਾਰਥ ਪੈਰੀਟੋਨੀਅਲ/ਪੇਟ ਦੇ ਖੋਲ ਵਿਚ ਇਕੱਠੇ ਹੋ ਜਾਂਦੇ ਹਨ ਜਿਸ ਨੂੰ  ਐਸਾਈਟਸ ਕਹਿੰਦੇ ਹਨ ਜਾਂ ਇਹ ਪਲੂਰਾ ਖਚੋਲ ਵਿਚ ਇੱਕਠੇ ਹੋ ਜਾਂਦੇ ਹਨ ਜਿਸ ਨੂੰ ਪਲੂਰਾ ਰਸਾਅ ਕਿਹਾ ਜਾਂਦਾ ਹੈ। ਇਸ ਨਾਲ ਦੌਰੇ ਅੰਦਰ ਤਰਲ ਪਦਾਰਥਾਂ ਦੀ ਘਾਟ ਆਉਂਦੀ ਹੈ ਅਤੇ ਮਹੱਤਵਪੂਰਨ ਅੰਗਾਂ ਨੂੰ ਖ਼ੂਨ ਦਾ ਦੌਰਾ ਘੱਟ ਜਾਂਦਾ ਹੈ। ਡੇਂਗੂ ਬੁਖ਼ਾਰ ਦੇ ਕਈ ਹੋਰ ਲੱਛਣਾਂ ਤੋਂ ਇਲਾਵਾ ਇਸ ਰੋਗ ਵਿਚ ਤਾਪਮਾਨ ਅੰਦਰ ਅਚਾਨਕ ਵਾਧਾ ਹੁੰਦਾ ਹੈ। 
ਸਦਮਾ ਸਿੰਡਰੋਮ: ਇਹ ਰੋਗ ਦਾ ਅੰਤਲਾ ਪੜਾਅ ਹੁੰਦਾ ਹੈ। ਇਸ ਵਿਚ ਬਲੱਡ ਪ੍ਰੈਸ਼ਰ ਘਟਣ ਨਾਲ ਖ਼ੂਨ ਦਾ ਦੌਰਾ ਵਧੇਰੇ ਘਟਦਾ ਹੈ। ਰੋਗੀ ਸਦਮੇ ਦੇ ਸਿੰਡਰੋਮ ਵਿਚ ਚਲਾ ਜਾਂਦਾ ਹੈ ਜਿਸ ਨਾਲ ਪੇਟ ਵਿਚ ਤੇਜ਼ ਦਰਦ, ਲਗਾਤਾਰ ਉਲਟੀ, ਵਧੇਰੇ ਬੇਚੈਨੀ ਹੁੰਦੀ ਹੈ। ਤਾਪਮਾਨ ਆਮ ਪੱਧਰ ਤੋਂ ਅਚਾਨਕ ਹੇਠਾਂ ਆ ਜਾਂਦਾ ਹੈ ਅਤੇ ਰੋਗੀ ਨੂੰ ਜ਼ੋਰਾਂ ਦਾ ਪਸੀਨਾ ਆਉਂਦਾ ਹੈ। ਇਹ ਡੇਂਗੂ ਵਿਚ ਸਦਮਾ ਸਿੰਡਰੋਮ ਦੇ ਚੇਤਾਵਨੀ ਦੇਣ ਵਾਲੇ ਪ੍ਰਮੁੱਖ ਸੰਕੇਤ ਹੁੰਦੇ ਹਨ। ਜੇ ਕਿਸੇ ਵਧੀਆ ਸਾਜ-ਸਮਾਨ ਨਾਲ ਲੈਸ ਵਧੀਆ ਹਸਪਤਾਲ ਦੇ ਗਹਿਨ ਦੇਖਭਾਲ ਯੂਨਿਟ ਵਿਚ ਇਸ ਦਾ ਇਲਾਜ ਸਹੀ ਸਮੇਂ ਤੇ ਕਰਵਾਇਆ ਜਾਵੇ ਤਾਂ ਰੋਗੀ ਦੀ ਜਾਨ ਬੱਚ ਸਕਦੀ ਹੈ। ਇਸ ਲਈ ਇਸ ਵਿਚ ਸਾਵਧਾਨੀ ਦੀ ਲੋੜ ਹੁੰਦੀ ਹੈ। ਇਹ ਵੇਖਣ ਵਿਚ ਆਇਆ ਹੈ ਕਿ ਡੀ.ਐਚ.ਐਫ./ਡੀ.ਐਸ.ਐਸ. ਰੋਗ ਦੇ ਰੋਗੀ ਸਹਾਇਕ ਇਲਾਜ ਪ੍ਰਤੀ ਵਧੀਆ ਹੁੰਗਾਰਾ ਭਰਦੇ ਹਨ। 
ਪ੍ਰਯੋਗਸ਼ਾਲਾ ਦੇ ਟੈਸਟ: ਇਹ ਉੱਪਰ ਦਰਸਾਇਆ ਗਿਆ ਹੈ ਕਿ ਲਿਊੁਕੋਸਾਈਟ, (ਲਿਉਕੋਪਿਨੀਆ) ਨਿਊਟਰੋਫਿਲਜ਼ (ਨਿਊਟਰੋਪਿਨੀਆ) ਅਤੇ ਪਲੈਟਲੈੱਟਸ ਦੀ ਗਿਣਤੀ (ਥਰਾਬੋਸਾਈਟੋਪਿਨੀਆ) ਘੱਟ ਜਾਂਦੀ ਹੈ। ਇਸ ਦੀ ਸ਼ਨਾਖ਼ਤ ਦੀ ਪੁਸ਼ਟੀ ਆਈ.ਜੀ.ਐਮ. ਰੋਗਨਾਸ਼ਕ ਨਾਲ ਹੁੰਦੀ ਹੈ ਅਤੇ ਇਸ ਦਾ ਵਧਦਾ ਹੋਇਆ ਟਾਈਟਰੇ ਖ਼ਾਸ ਨਾਲੋਂ ਵੱਧ ਅਤੇ ਸੰਵੇਦਨਸ਼ੀਲ ਹੁੰਦਾ ਹੈ। ਲੱਛਣ ਸ਼ੁਰੂ ਹੋਣ ਤੋਂ ਬਾਅਦ ਬੁਖ਼ਾਰ ਹੋਣ ਤੇ ਪੰਜ ਦਿਨਾਂ ਦੇ ਅੰਦਰ-ਅੰਦਰ ਵਾਇਰਸ ਨੂੰ ਖ਼ੂਨ ਵਿਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈ ਮਸਲਿਆਂ ਵਿਚ ਸੀਰਮ ਅਮਾਈਨੋਟਰਾਂਸਫਿਰੇਜ ਨੂੰ ਉੱਚਾ ਚੁਕਿਆ ਜਾ ਸਕਦਾ ਹੈ। ਅਲਟਰਾਸੋਨੋਗਰਾਫ਼ੀ ਨਾਲ ਪਲੂਰਲ ਖੋਲ ਦੇ ਤਰਲ ਪਦਾਰਥ ਦੀ ਸ਼ਨਾਖਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੈਰੀਟੋਨੀਅਲ ਖੋਲ ਵਿਚ (ਅਸਾਈਟਸ) ਤਰਲ ਪਦਾਰਥ ਨੂੰ ਖੋਜਿਆ ਜਾ ਸਕਦਾ ਹੈ। 
ਡੇਂਗੂ ਦਾ ਪ੍ਰਬੰਧ ਕਰਨਾ: ਰੋਗੀ ਦੇ ਬੁਖਾਰ ਦਾ ਘਰ ਬੈਠ ਕੇ ਵੀ ਇਲਾਜ ਕੀਤਾ ਜਾ ਸਕਦਾ ਹੈ। ਜੇ ਉਲਟੀਆਂ ਆਦਿ ਆਉਣ ਨਾਲ ਖ਼ੂਨ ਅਤੇ ਤਰਲ ਪਦਾਰਥਾਂ ਦੀ ਘਾਟ ਨਹੀਂ ਹੋ ਰਹੀ ਹੈ। ਬੁਖਾਰ ਅਤੇ ਦਰਦਾਂ ਲਈ ਪੈਰਾਸਿਟਾਮੋਲ ਦਿਤੀ ਜਾ ਸਕਦੀ ਹੈ। ਪਰ ਐਸਪਰੀਨ ਅਤੇ ਨਾਨ-ਸਟੀਰਾਇਡ ਵਿਰੋਧੀ-ਸੋਜਾ ਦੇਣ ਵਾਲੀਆਂ ਦਵਾਈਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਾਲ ਖੂਨ ਰਿਸਾਅ ਦਾ ਡਰ ਬਣਿਆ ਰਹਿੰਦਾ ਹੈ। ਰੋਗੀਆਂ ਨੂੰ ਵਧੇਰੇ ਅਰਾਮ ਕਰਨਾ ਚਾਹੀਦਾ ਹੈ ਅਤੇ ਤਰਲ ਪਦਾਰਥਾਂ ਜਿਵੇਂ ਕਿ ਰੀਹਾਈਡਰੇਸ਼ਨ ਦ੍ਰਵਾਂ, ਸੂਪ, ਜੂਸ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। 
ਪਰ ਘਰ ਵਿਚ ਇਲਾਜ ਕਰਨ ਵੇਲੇ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਪੇਟ ਵਿਚ ਲਗਾਤਾਰ ਦਰਦ, ਉਲਟੀਆਂ, ਖ਼ੂਨ ਰਿਸਾਅ, ਬੁਖਾਰ, ਤਾਪਮਾਨ ਵਿਚ ਅਚਾਨਕ ਗਿਰਾਵਟ ਅਤੇ ਬਲੱਡ ਪ੍ਰੈਸ਼ਰ ਨਾਲ ਕਿਸੇ ਸਦਮੇ ਦੇ ਸੰਕੇਤ ਨਜ਼ਰ ਨਹੀਂ ਆਉਣੇ ਚਾਹੀਦੇ। ਇਸ ਤੋਂ ਪਤਾ ਲਗਦਾ ਹੈ ਕਿ ਰੋਗੀ ਨੂੰ ਡੀ.ਐਸ.ਐਸ. ਹੋਣ ਵਾਲਾ ਹੈ। ਅਜਿਹੀ ਸਥਿਤੀ ਵਿਚ ਰੋਗੀ ਨੂੰ ਆਈ.ਸੀ.ਯੂ. ਨਾਲ ਲੈਸ ਸਹੂਲਤਾਂ ਵਾਲੇ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਚਾਹੀਦਾ ਹੈ। ਅਜਿਹੀ ਸਥਿਤੀ ਵਿਚ ਛੇਤੀ ਪਤਾ ਲੱਗਣ ਨਾਲ ਰੋਗੀ ਦੀ ਜਾਨ ਬੱਚ ਸਕਦੀ ਹੈ। 
ਹਸਪਤਾਲ ਵਿਚ ਵੱਖ-ਵੱਖ ਤਰ੍ਹਾਂ ਦੇ ਅੰਤਰਨਸੀ ਤਰਲ ਪਦਾਰਥ ਅਤੇ ਆਕਸੀਜਨ ਦਿਤੀ ਜਾਂਦੀ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਅਤੇ ਤਰਲ ਪਦਾਰਥਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪਲੈਟੇਲੇਟਸ ਦੀ ਗਿਣਤੀ ਵਲ ਵੀ ਧਿਆਨ ਰੱਖਣ ਦੀ ਲੋੜ ਹੈ। ਜੇ ਵਾਰ-ਵਾਰ ਖ਼ੂਨ ਦਾ ਰਿਸਾਅ ਹੁੰਦਾ ਹੋਵੇ ਅਤੇ ਪਲੈਟੇਲੈਟਸ ਦੀ ਗਿਣਤੀ 20,000/ਮਿਊ ਐਲ ਤੋਂ ਘੱਟ ਹੋਵੇ ਤਾਂ ਰੋਗੀ ਨੂੰ ਬਚਾਉਣ ਲਈ ਪਲੈਟੇਲੈਟ ਨਾਲ ਭਰਪੂਰ ਪਲਾਜ਼ਮਾ ਦਿਤਾ ਜਾਂਦਾ ਹੈ। ਇਸ ਵਿਚ ਕਈ ਯੂਨਿਟ ਦੇਣ ਦੀ ਲੋੜ ਪੈਂਦੀ ਹੈ। ਕਈ ਵਿਸ਼ੇਸ਼ ਰੋਗੀਆਂ ਨੂੰ ਤਾਜ਼ਾ ਖ਼ੂਨ ਵੀ ਚੜ੍ਹਾਇਆ ਜਾਂਦਾ ਹੈ। ਇਸ ਦੇ ਨਾਲ-ਨਾਲ ਤਾਜ਼ਾ ਜੰਮਿਆ ਹੋਇਆ ਖ਼ੂਨ ਚੜ੍ਹਾਉਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਹ ਉਹ ਪਲਾਜ਼ਮਾ ਹੁੰਦਾ ਹੈ ਜਿਸ ਵਿਚ ਪਲੈਟੇਲੈੱਟਸ ਨਹੀਂ ਹੁੰਦੇ। ਇਸ ਨਾਲ ਖ਼ੂਨ ਦੇ ਪ੍ਰਵਾਹ ਨੂੰ ਰੋਕਣ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿਚ ਖ਼ੂਨ ਪ੍ਰਵਾਹ ਨੂੰ ਰੋਕਣ ਦੇ ਕਈ ਕਾਰਨ ਹੁੰਦੇ ਹਨ। ਕਈ ਰੋਗੀਆਂ ਵਿਚ ਪਲੈਟੇਲੈੱਟ ਸੰਚਾਰਨ ਦੀ ਲੋੜ ਵੀ ਪੈ ਸਕਦੀ ਹੈ ਪਰ ਇਹ ਇਲਾਜ ਮਹਿੰਗਾ ਹੈ। ਇਸ ਤਰ੍ਹਾਂ ਇਕੱਲੇ ਮਨੁੱਖ ਵਲੋਂ ਦਾਨ ਕੀਤੇ ਪਲੈਟੇਲੈੱਟ ਦਾ ਸੰਚਾਰਨ ਵੀ ਹੋ ਸਕਦਾ ਹੈ। ਅਜਿਹੇ ਕੇਸ ਵਿਚ ਦਾਨੀ ਦੇ ਪਲੈਟੇਲੈੱਟਸ ਨੂੰ ਵਖਰਾ ਕਰਨ ਤੋਂ ਬਾਅਦ ਰੋਗੀ ਨੂੰ ਇਸ ਦਾ ਸੰਚਾਰਨ ਕੀਤਾ ਜਾਂਦਾ ਹੈ। 
ਰੋਕਥਾਮ: ਡੇਂਗੂ ਸੰਚਾਰਨ ਕਰਨ ਵਾਲੇ ਮੱਛਰ ਮਨੁੱਖਾਂ ਦੇ ਆਲੇ-ਦੁਆਲੇ ਰਹਿੰਦੇ ਹਨ। ਇਹ ਪਾਣੀ ਭੰਡਾਰਨ ਵਾਲੇ ਬਰਤਨਾਂ, ਫੁਲ ਵਾਲੇ ਗਮਲਿਆਂ, ਪੁਰਾਣੇ ਡਰੰਮ ਆਦਿ ਵਿਚ ਪਨਪਦੇ ਹਨ ਜਿਹੜੇ ਮਨੁੱਖੀ ਨਿਵਾਸਾਂ ਦੇ ਨੇੜੇ ਰੱਖੇ ਹੁੰਦੇ ਹਨ। ਇਹ ਮੱਛਰ ਸਵੇਰ ਵੇਲੇ ਕਟਦੇ ਹਨ। ਇਸ ਦੀ ਰੋਕਥਾਮ ਲਈ ਕੁੱਝ ਹਦਾਇਤਾਂ ਦਿਤੀਆਂ ਜਾਂਦੀਆਂ ਹਨ। 
ਅਪਣੇ ਘਰ ਦੇ ਆਲੇ-ਦੁਆਲੇ ਮੱਛਰਾਂ ਨੂੰ ਪਨਪਨ ਵਾਲੀਆਂ ਥਾਂਵਾਂ ਦਾ ਨਾਸ਼ ਕਰੋ। ਉਨ੍ਹਾਂ ਵਸਤਾਂ ਨੂੰ ਸੁੱਟ ਦਿਉ ਜਿਨ੍ਹਾਂ ਵਿਚ ਮੀਂਹ ਦਾ ਪਾਣੀ ਇਕੱਠਾ ਹੁੰਦਾ ਹੈ। ਕੂਲਰਾਂ ਦਾ ਪਾਣੀ ਨਿਯਮਤ ਰੂਪ ਨਾਲ ਬਦਲਦੇ ਰਹੋ। ਇਸੇ ਤਰ੍ਹਾਂ ਬਾਹਰ ਰੱਖੇ ਬਰਤਨਾਂ ਵਿਚ ਪੰਛੀਆਂ, ਪਾਲਤੂ ਪਸ਼ੂਆਂ ਅਤੇ ਜਾਨਵਰਾਂ ਲਈ ਇੱਕਠੇ ਹੋਏ ਪਾਣੀ ਨੂੰ ਬਦਲਦੇ ਰਹੋ। ਅਪਣੇ ਘਰ ਦੇ ਨੇੜੇ ਪਾਣੀ ਨੂੰ ਖੜਨ ਤੋਂ ਰੋਕੋ। ਮੱਛਰ ਮਾਰਨ ਵਾਲੀਆਂ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। 
ਪੂਰੀਆਂ ਬਾਹਾਂ ਵਾਲੀ ਕਮੀਜ਼, ਲੰਮੇ ਪਜਾਮੇ ਅਤੇ ਜੁਰਾਬਾਂ ਪਾਉ। ਭੀੜ ਵਾਲੀਆਂ ਅਤੇ ਗੰਦੀਆਂ ਥਾਂਵਾਂ ਤੇ ਨਾ ਜਾਉ। ਅਪਣੇ ਸਰੀਰ ਦੇ ਅਣਢੱਕੇ ਹਿੱਸਿਆਂ ਤੇ ਮੱਛਰ-ਭਜਾਉ ਦਵਾਈ ਵਰਤੋਂ। ਘਰ ਦੇ ਅੰਦਰ ਸਾਫ਼ ਸੁਥਰੇ ਵਾਤਾਵਰਣ ਵਿਚ ਰਹੋ ਅਤੇ ਜੇ ਹੋ ਸਕੇ ਤਾਂ ਏ.ਸੀ. ਕਮਰੇ ਵਿਚ ਰਹੋ। ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰੋ। ਸੌਣ ਵੇਲੇ ਮੱਛਰਦਾਨੀਆਂ ਦੀ ਵਰਤੋਂ ਵੀ ਹੋ ਸਕਦੀ ਹੈ। ਛੋਟੇ ਬੱਚਿਆਂ ਨੂੰ ਵਧੇਰੇ ਚੌਕਸੀ ਦੀ ਲੋੜ ਹੁੰਦੀ ਹੈ। ਡੇਂਗੂ ਬੁਖਾਰ ਦਾ ਘਰ ਬੈਠੇ ਹੀ ਇਲਾਜ ਕੀਤਾ ਜਾ ਸਕਦਾ ਹੈ। ਪਰ ਸਾਨੂੰ ਸਦਮੇ ਦੇ ਸੰਕੇਤਾਂ ਤੋਂ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਵੇਂ ਕਿ ਪੇਟ ਦਰਦ, ਲਗਾਤਾਰ ਉਲਟੀ, ਖ਼ੂਨ ਦਾ ਰਿਸਾਅ, ਬੁਖਾਰ ਵਿਚ ਗਿਰਾਵਟ ਅਤੇ ਬਲੱਡ ਪ੍ਰੈਸ਼ਰ ਆਦਿ।