ਮਹਾਰਾਣੀ ਐਲਿਜ਼ਾਬੈਥ ਦੇ ਉਹ ਨਿਯਮ, ਜਿਹਨਾਂ ਸਦਕਾ ਉਹਨਾਂ 96 ਸਾਲਾਂ ਦੀ ਉਮਰ ਭੋਗੀ
ਮਹਾਰਾਣੀ ਦਾ ਦਿਨ ਸਵੇਰੇ 7:30 ਵਜੇ ਇੱਕ ਅਰਲ ਗ੍ਰੇ (Earl Grey) ਚਾਹ ਦੇ ਕੱਪ ਨਾਲ ਸ਼ੁਰੂ ਹੁੰਦਾ ਸੀ
ਮਹਾਰਾਣੀ ਐਲਿਜ਼ਾਬੈਥ ਨੇ ਆਪਣੀ ਜ਼ਿੰਦਗੀ 'ਚ ਜੇਕਰ ਰਾਜਭਾਗ ਤੇ ਸ਼ਾਨੋ-ਸ਼ੌਕਤ ਹੰਢਾਈ, ਤਾਂ ਨਿੱਜੀ ਜ਼ਿੰਦਗੀ 'ਚ ਅਨੇਕਾਂ ਕਿਸਮ ਦੇ ਉਤਾਰ-ਚੜ੍ਹਾਅ ਵੀ ਦੇਖੇ। ਉਹਨਾਂ ਵੱਲੋਂ 96 ਸਾਲਾਂ ਦਾ ਲੰਮਾਂ ਸਮਾਂ ਦੇਖਣਾ ਮਹਿਜ਼ ਇਤਫ਼ਾਕ ਨਹੀਂ ਹੈ। ਇਸ ਪਿੱਛੇ ਉਹਨਾਂ ਦਾ ਇੱਕ ਨੀਯਤ ਕਾਰਜਕ੍ਰਮ ਵੀ ਸੀ, ਜਿਸ ਦੀ ਸਦਾ ਸਖ਼ਤਾਈ ਨਾਲ ਪਾਲਣਾ ਕੀਤੀ ਗਈ। ਮਹਾਰਾਣੀ ਦਾ ਦਿਨ ਸਵੇਰੇ 7:30 ਵਜੇ ਇੱਕ ਅਰਲ ਗ੍ਰੇ (Earl Grey) ਚਾਹ ਦੇ ਕੱਪ ਨਾਲ ਸ਼ੁਰੂ ਹੁੰਦਾ ਸੀ, ਜੋ ਰਾਤ 11:00 ਵਜੇ ਕਿਤਾਬ ਪੜਨ ਦੇ ਨਾਲ ਸਮਾਪਤ ਹੋਇਆ ਕਰਦਾ ਸੀ।
ਨੀਂਦ ਮਨੁੱਖੀ ਸਰੀਰ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਇੱਕ ਹੈ, ਅਤੇ ਇਸ ਨੇ ਮਹਾਰਾਣੀ ਦੀ ਸਰੀਰਕ ਤੰਦਰੁਸਤੀ 'ਚ ਚੰਗੀ ਭੂਮਿਕਾ ਨਿਭਾਈ। ਜਾਣਕਾਰੀ ਮਿਲਦੀ ਹੈ ਕਿ ਮਹਾਰਾਣੀ ਦਾ ਰਾਤ 11:00 ਵਜੇ ਸੌਣ, ਅਤੇ ਸਵੇਰੇ 7:30 ਵਜੇ ਜਾਗਣ ਦਾ ਪੱਕਾ ਸਮਾਂ ਸੀ। ਮਹਾਰਾਣੀ ਇਹ ਯਕੀਨੀ ਬਣਾਉਂਦੀ ਸੀ ਕਿ ਹਰ ਰੋਜ਼ ਸਾਢੇ ਅੱਠ ਘੰਟਿਆਂ ਦੀ ਨੀਂਦ ਜ਼ਰੂਰ ਲਈ ਜਾਵੇ।
ਸ਼ਾਹੀ ਖ਼ਾਨਸਾਮੇ ਦੇ ਦੱਸਣ ਅਨੁਸਾਰ ਮਹਾਰਾਣੀ ਮੱਛੀ ਖਾਣ ਦੀ ਸ਼ੌਕੀਨ ਸੀ। ਮਹਾਰਾਣੀ ਦੇ ਖਾਣੇ ਵਿੱਚ ਫ਼ਰੈਂਚ ਖਾਣੇ ਦੀ ਮਾਤਰਾ ਕਾਫ਼ੀ ਹੁੰਦੀ ਸੀ। ਬਾਅਦ ਦੁਪਹਿਰ ਦੀ ਚਾਹ ਮਹਾਰਾਣੀ ਦਾ ਨਿੱਤ ਕਰਮ ਸੀ। ਸੈਂਡਵਿਚ ਅਤੇ ਸਕੋਨ (scone) ਨਾਲ ਬਾਅਦ ਦੁਪਹਿਰ ਦੀ ਚਾਹ ਮਹਾਰਾਣੀ ਦਾ ਰੋਜ਼ ਦਾ ਪੱਕਾ ਨਿਯਮ ਸੀ। ਮਹਾਰਾਣੀ ਹੋਣ ਦੇ ਬਾਵਜੂਦ, ਤੇਜ਼ ਪੈਦਲ ਚੱਲਣਾ ਸਦਾ ਮਹਾਰਾਣੀ ਐਲਿਜ਼ਾਬੈਥ ਦੀ ਪਹਿਲ 'ਤੇ ਰਿਹਾ। ਚਾਹੇ ਆਪਣੇ ਪਿਆਰੇ ਕੁੱਤਿਆਂ ਦੇ ਨਾਲ, ਅਤੇ ਚਾਹੇ ਕੋਈ ਸਮਾਗਮ, ਤੇਜ਼ ਪੈਦਲ ਚੱਲਣਾ ਹਮੇਸ਼ਾ ਮਹਾਰਾਣੀ ਦੇ ਰੋਜ਼ ਦੇ ਰੂਟੀਨ ਦਾ ਹਿੱਸਾ ਰਿਹਾ। ਜ਼ਿੰਮੇਵਾਰੀਆਂ ਹੇਠ ਦਬਣ ਨਾਲੋਂ ਉਹਨਾਂ ਨੂੰ ਮਹਾਰਾਣੀ ਨੇ ਸਦਾ ਖੁਸ਼ੀਆਂ ਨਾਲ ਨਿਭਾਉਣ ਦੀ ਚੋਣ ਕੀਤੀ। ਇਹ ਵੀ ਇੱਕ ਕਾਰਨ ਹੈ ਕਿ ਮਹਾਰਾਣੀ ਦੀ ਮੌਤ ਦੇ ਦੁੱਖ ਦੇ ਨਾਲ-ਨਾਲ ਇੱਕ ਮਾਣ ਵੀ ਜੁੜਿਆ ਹੋਇਆ ਹੈ।