H3N2 Influenza Virus: ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਕਰਨ ਦੇ ਨਿਰਦੇਸ਼, ਨੀਤੀ ਆਯੋਗ ਨੇ ਕੀਤੀ ਬੈਠਕ 

ਏਜੰਸੀ

ਜੀਵਨ ਜਾਚ, ਸਿਹਤ

1 ਜਨਵਰੀ ਤੋਂ ਬਾਅਦ ਟੈਸਟ ਕੀਤੇ ਗਏ ਨਮੂਨਿਆਂ ਵਿਚੋਂ 25.4% ਐਡੀਨੋਵਾਇਰਸ ਪਾਇਆ ਗਿਆ। 

H3N2 Influenza Virus

ਨਵੀਂ ਦਿੱਲੀ - ਦੇਸ਼ ਨੂੰ ਵਾਇਰਲ ਬੁਖ਼ਾਰ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। H3N2 ਇਨਫਲੂਐਂਜ਼ਾ ਵਾਇਰਸ ਕਾਰਨ ਸ਼ੁੱਕਰਵਾਰ ਨੂੰ ਦੇਸ਼ ਵਿਚ ਦੋ ਮੌਤਾਂ ਵੀ ਦਰਜ ਕੀਤੀਆਂ ਗਈਆਂ। ਜਨਵਰੀ ਤੋਂ ਦੇਸ਼ ਵਿੱਚ ਐਡੀਨੋਵਾਇਰਸ ਦੇ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ। 1 ਜਨਵਰੀ ਤੋਂ ਬਾਅਦ ਟੈਸਟ ਕੀਤੇ ਗਏ ਨਮੂਨਿਆਂ ਵਿਚੋਂ 25.4% ਐਡੀਨੋਵਾਇਰਸ ਪਾਇਆ ਗਿਆ। 

ਇਸ ਦੌਰਾਨ, ਕਈ ਰਾਜਾਂ ਵਿਚ ਕੋਵਿਡ -19 ਸੰਕਰਮਣ ਵਿਚ ਵੀ ਤੇਜ਼ੀ ਦੇਖੀ ਗਈ ਹੈ, ਅਜਿਹੇ ਵਿਚ ਸਰਕਾਰ ਚੌਕਸ ਹੋ ਗਈ ਹੈ। ਇਸ ਸਬੰਧੀ ਕੱਲ੍ਹ ਸਿਹਤ ਮੰਤਰਾਲੇ ਦੀ ਮੀਟਿੰਗ ਹੋਈ ਸੀ ਤੇ ਅੱਜ  ਨੀਤੀ ਆਯੋਗ ਨੇ ਵੀ ਇਸ ਬਾਰੇ ਮੀਟਿੰਗ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਵੱਲੋਂ ਸੂਬਿਆਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ, ਜਿਸ ਵਿਚ ਵਾਇਰਲ ਬੁਖ਼ਾਰ ਬਾਰੇ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਕਿਹਾ ਗਿਆ ਹੈ।  

ਸਿਹਤ ਸਕੱਤਰ ਨੇ ਕੁਝ ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ 'ਤੇ ਨਿਗਰਾਨੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਹਸਪਤਾਲਾਂ ਨੂੰ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। H3N2 ਇਨਫੈਕਸ਼ਨ ਦੇ ਬਾਰੇ 'ਚ ਕਿਹਾ ਗਿਆ ਹੈ ਕਿ ਇਸ ਦੀ ਰੋਕਥਾਮ, ਲੱਛਣ, ਇਲਾਜ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾਵੇ। ਰਾਜ ਕੋਵਿਡ-19 ਪ੍ਰੋਟੋਕੋਲ ਦੀ ਵੀ ਪਾਲਣਾ ਕਰੋ। ਜ਼ਰੂਰੀ ਦਵਾਈਆਂ ਦੇ ਢੁਕਵੇਂ ਸਟਾਕ ਨੂੰ ਯਕੀਨੀ ਬਣਾਓ। ਉਸ ਨੂੰ ਕੇਂਦਰ ਨਾਲ ਜਾਣਕਾਰੀ ਸਾਂਝੀ ਕਰਦੇ ਰਹਿਣ ਦੀ ਅਪੀਲ ਕੀਤੀ ਗਈ ਹੈ। 

ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਦੁਆਰਾ ਉਮੀਦ ਜਤਾਈ ਗਈ ਸੀ ਕਿ ਮਾਰਚ ਦੇ ਅੰਤ ਤੱਕ ਮੌਸਮੀ ਇਨਫਲੂਐਂਜ਼ਾ ਦੇ ਮਾਮਲਿਆਂ ਵਿੱਚ ਕਮੀ ਆ ਸਕਦੀ ਹੈ। ਸਰਕਾਰ ਮੌਸਮੀ ਫਲੂ ਦੇ H3N2 ਉਪ-ਕਿਸਮ ਦੇ ਮਾਮਲਿਆਂ ਦੀ ਚੌਕਸੀ ਨਾਲ ਨਿਗਰਾਨੀ ਕਰ ਰਹੀ ਹੈ। ਸਿਹਤ ਮੰਤਰਾਲਾ IDSP ਨੈੱਟਵਰਕ ਰਾਹੀਂ H3N2 ਮਾਮਲਿਆਂ ਦੀ ਰੀਅਲ ਟਾਈਮ ਨਿਗਰਾਨੀ ਕਰ ਰਿਹਾ ਹੈ। 

ਸੂਬਿਆਂ ਵਿਚ ਮੌਸਮੀ ਇਨਫਲੂਐਂਜ਼ਾ ਦੇ H3N2 ਉਪ-ਕਿਸਮ ਦੇ ਕੇਸਾਂ ਦੀ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਕੱਲ੍ਹ ਕਰਨਾਟਕ ਅਤੇ ਹਰਿਆਣਾ ਵਿਚ ਇੱਕ-ਇੱਕ ਮੌਤ ਹੋਈ ਸੀ। ਸਰਕਾਰ ਮੁਤਾਬਕ ਭਾਰਤ ਵਿਚ ਹਰ ਸਾਲ ਫਲੂ ਦੇ ਦੋ ਮੌਸਮ ਹੁੰਦੇ ਹਨ। ਜਨਵਰੀ ਤੋਂ ਮਾਰਚ ਅਤੇ ਮੌਨਸੂਨ ਦੇ ਅੰਤ ਤੋਂ ਬਾਅਦ - ਇਹ ਉਹ ਸਮਾਂ ਹੈ ਜਦੋਂ ਭਾਰਤ ਵਿਚ ਵਾਇਰਲ ਬੁਖ਼ਾਰ ਦੇ ਮਾਮਲਿਆਂ ਵਿਚ ਤੇਜ਼ੀ ਦੇਖਣ ਨੂੰ ਮਿਲਦੀ ਹੈ।