ਜੀਰੇ ਅਤੇ ਸੌਂਫ਼ ਦਾ ਪਾਣੀ ਸਿਹਤ ਲਈ ਹੈ ਲਾਭਦਾਇਕ, ਚਿਹਰੇ ਨੂੰ ਵੀ ਬਣਾਉਂਦਾ ਹੈ ਖ਼ੂਬਸੂਰਤ
ਵਜ਼ਨ ਘਟਾਉਣ ਲਈ ਜੀਰੇ ਅਤੇ ਸੌਂਫ ਦਾ ਪਾਣੀ ਬਾਜ਼ਾਰ 'ਚ ਮਿਲਣ ਵਾਲੇ ਡੀਟੌਕਸ ਡਰਿੰਕਸ ਨਾਲੋਂ ਕਿਤੇ ਵਧੀਆ ਹੈ।
ਅਪਣੀ ਸਿਹਤ ਨੂੰ ਵਧੀਆ ਰੱਖਣ ਲਈ ਘਰੇਲੂ ਨੁਸਖ਼ੇ ਸਭ ਤੋਂ ਵਧੀਆ ਹੁੰਦੇ ਹਨ। ਘਰੇਲੂ ਨੁਸਖਿਆਂ ਨਾਲ ਇਕ ਤਾਂ ਖਰਚਾ ਘੱਟ ਹੁੰਦਾ ਹੈ ਤੇ ਦੂਜਾ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਘਰੇਲੂ ਨੁਸਖ਼ਿਆਂ ਵਿਚ ਜੇ ਤੁਸੀਂ ਜੀਰੇ ਅਤੇ ਸੌਂਫ ਦਾ ਪਾਣੀ ਹਰ ਰੋਜ਼ ਪੀਓਗੇ ਤਾਂ ਸਿਹਤ ਨੂੰ ਕਈ ਫਾਇਦੇ ਹੋਣਗੇ। ਸੌਫ਼ ਤੇ ਜੀਰੇ ਦਾ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਸਰੀਰ ਨੂੰ ਡੀਟੌਕਸਫਾਈ ਵੀ ਕਰਦਾ ਹੈ।
ਵਜ਼ਨ ਘਟਾਉਣ ਲਈ ਜੀਰੇ ਅਤੇ ਸੌਂਫ ਦਾ ਪਾਣੀ ਬਾਜ਼ਾਰ 'ਚ ਮਿਲਣ ਵਾਲੇ ਡੀਟੌਕਸ ਡਰਿੰਕਸ ਨਾਲੋਂ ਕਿਤੇ ਵਧੀਆ ਹੈ। ਇਸ ਦੇ ਨਾਲ ਤੁਹਾਨੂੰ ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡੀ ਸਿਹਤ ਨੂੰ ਹੋਰ ਵੀ ਕਈ ਫ਼ਾਇਦੇ ਮਿਲਣਗੇ। ਜਿਵੇਂ ਕਿ ਪਾਚਨ ਤੰਤਰ ਠੀਕ ਰਹਿੰਦਾ ਹੈ, ਬਦਹਜ਼ਮੀ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਹ ਬਲੱਡ ਸਰਕੁਲੇਸ਼ਨ ਵਧਾਉਣ 'ਚ ਵੀ ਮਦਦਗਾਰ ਹੁੰਦਾ ਹੈ। ਜੀਰਾ ਅਤੇ ਸੌਂਫ ਦਾ ਪਾਣੀ ਬਣਾਉਣਾ ਬਹੁਤ ਆਸਾਨ ਹੈ।
ਤੁਸੀਂ ਇਸ ਨੂੰ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ। ਸਵੇਰੇ ਜੀਰਾ ਅਤੇ ਸੌਂਫ ਦਾ ਪਾਣੀ ਪੀਣਾ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨਾਲ ਤੁਹਾਡਾ ਸਰੀਰ ਅੰਦਰੋਂ ਮਜ਼ਬੂਤ ਹੁੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਵਧਦੀ ਹੈ।
ਪਾਚਨ ਤੰਤਰ ਲਈ ਲਾਭਦਾਇਕ: ਜੀਰੇ ਅਤੇ ਸੌਂਫ਼ ਦਾ ਪਾਣੀ ਪੀਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ। ਇਸ 'ਚ ਮੌਜੂਦ ਫਾਈਬਰ ਅਤੇ ਜ਼ਰੂਰੀ ਪੋਸ਼ਕ ਤੱਤ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਤੁਸੀਂ ਭੋਜਨ ਨੂੰ ਆਸਾਨੀ ਨਾਲ ਪਚਾ ਵੀ ਸਕਦੇ ਹੋ। ਬਦਹਜ਼ਮੀ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ ਹੈ।
ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ: ਇਸ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਦੇ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਬਿਮਾਰੀਆਂ ਨੂੰ ਦੂਰ ਰੱਖਦੇ ਹਨ ਅਤੇ ਤੁਹਾਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਇਸ 'ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਵੀ ਇਸ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਲਈ ਤੁਸੀਂ ਸਵੇਰੇ ਉੱਠ ਕੇ ਜੀਰਾ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ।
ਚਿਹਰੇ ਦੀਆਂ ਸਮੱਸਿਆਵਾਂ: ਚਿਹਰੇ ਨੂੰ ਸਾਫ਼ ਬਣਾਉਣ ਲਈ ਤੁਸੀਂ ਜੀਰੇ ਅਤੇ ਸੌਂਫ਼ ਦਾ ਪਾਣੀ ਪੀ ਸਕਦੇ ਹੋ। ਇਹ ਸਕਿਨ ਨੂੰ ਸੈੱਲਾਂ ਦੀ ਮੁਰੰਮਤ ਕਰਨ 'ਚ ਮਦਦ ਕਰਦਾ ਹੈ ਅਤੇ ਚਿਹਰੇ ਦੇ ਬਲੱਡ ਸਰਕੂਲੇਸ਼ਨ ਨੂੰ ਵੀ ਵਧਾਉਂਦਾ ਹੈ। ਇਸ ਨਾਲ ਤੁਹਾਡਾ ਹਾਰਮੋਨਲ ਸੰਤੁਲਨ ਵੀ ਠੀਕ ਰਹਿੰਦਾ ਹੈ ਜਿਸ ਕਾਰਨ ਚਿਹਰੇ 'ਤੇ ਪਿੰਪਲਸ ਅਤੇ ਦਾਗ-ਧੱਬੇ ਨਹੀਂ ਹੁੰਦੇ।
ਜੀਰੇ ਅਤੇ ਸੌਂਫ ਦਾ ਪਾਣੀ ਕਿਵੇਂ ਬਣਾਈਏ: ਜੀਰਾ ਅਤੇ ਸੌਂਫ ਦਾ ਪਾਣੀ ਬਣਾਉਣ ਲਈ ਇਕ ਭਾਂਡੇ 'ਚ ਪਾਣੀ ਲਓ, ਜੀਰੇ ਅਤੇ ਸੌਂਫ ਨੂੰ ਪਾਓ ਅਤੇ 10 ਮਿੰਟ ਲਈ ਉਬਾਲੋ। ਫਿਰ ਇਸ 'ਚ ਸ਼ਹਿਦ ਜਾਂ ਦਾਲਚੀਨੀ ਪਾਊਡਰ ਮਿਲਾ ਕੇ ਕੁਝ ਦੇਰ ਤੱਕ ਉਬਾਲ ਲਓ। ਇਸ ਤੋਂ ਬਾਅਦ ਇਸ ਨੂੰ ਗਿਲਾਸ ‘ਚ ਕੱਢ ਕੇ ਪੀਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।