ਮੁਹਾਲੀ: ਨਾਰੀਅਲ ਤੇਲ ਦੇ ਸਿਹਤ ਸਬੰਧੀ ਕਾਫ਼ੀ ਲਾਭ ਹੁੰਦੇ ਹਨ। ਇਸ ਦੇ ਔਸ਼ਧੀ ਗੁਣ ਤੁਹਾਡੀ ਸਿਹਤ, ਸੁੰਦਰਤਾ ਅਤੇ ਵਾਲਾਂ ਨੂੰ ਤੰਦਰੁਸਤ ਬਣਾਈ ਰਖਦੇ ਹਨ। ਇਹ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਰੂਪ 'ਚ ਮੁਲਾਇਮ ਅਤੇ ਚਮਕੀਲਾ ਬਣਾਉਂਦਾ ਹੈ। ਚਮੜੀ ਦੀ ਖੁਸ਼ਕੀ ਮਿਟਾਉਣੀ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ ਕਰਨੀ ਹੋਵੇ, ਨਾਰੀਅਲ ਤੇਲ ਸੱਭ ਤੋਂ ਚੰਗਾ ਬਦਲ ਹੈ। ਇਹ ਤੁਹਾਡੀ ਉਮਰ ਨੂੰ ਛੋਟਾ ਵਿਖਾਉਣ ਵਿਚ ਵੀ ਮਦਦ ਕਰਦਾ ਹੈ।
ਨਾਰੀਅਲ ਦਾ ਤੇਲ ਸੁੱਕੀ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। ਨਹਾਉਣ ਤੋਂ 20 ਮਿੰਟ ਪਹਿਲਾਂ ਨਾਰੀਅਲ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ ਅਤੇ ਤਾਜ਼ੇ ਪਾਣੀ ਨਾਲ ਨਹਾ ਲਉ। ਇਸ ਵਿਚ ਝੁਰੜੀਆਂ ਮਿਟਾਉਣ ਵਾਲੇ ਗੁਣ ਮਿਲਦੇ ਹਨ। ਅੱਖਾਂ ਦੇ ਆਲੇ ਦੁਆਲੇ ਹੱਥਾਂ 'ਤੇ ਨਾਰੀਅਲ ਤੇਲ ਦੀਆਂ ਕੁੱਝ ਬੂੰਦਾਂ ਲੈ ਕੇ ਮਾਲਿਸ਼ ਕਰੋ। ਇਸ ਨਾਲ ਚਮੜੀ ਚਮਕਦਾਰ ਅਤੇ ਮੁਲਾਇਮ ਬਣੇਗੀ। ਇਸ ਦੇ ਇਸਤੇਮਾਲ ਨਾਲ ਸ਼ਾਹੀਆਂ ਅਤੇ ਝੁਰੜੀਆਂ ਨਹੀਂ ਪੈਂਦੀਆਂ। ਨਾਰੀਅਲ ਦਾ ਤੇਲ ਤੇਜ਼ ਧੁੱਪ ਤੋਂ ਵੀ ਤੁਹਾਡੀ ਚਮੜੀ ਦੀ ਰਖਿਆ ਕਰਦਾ ਹੈ।
ਨਾਰੀਅਲ ਤੇਲ ਮੁੜ੍ਹਕੇ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਵੀ ਦੂਰ ਕਰਦਾ ਹੈ। ਖਾਜ-ਖੁਜਲੀ ਦੀ ਸਮੱਸਿਆ ਹੋਣ 'ਤੇ ਵੀ ਇਸ ਤੇਲ ਦਾ ਇਸਤੇਮਾਲ ਕਰੋ। ਚਮੜੀ ਵਿਚ ਨਮੀ ਬਣੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਵੀ ਨਹੀਂ ਹੋਵੇਗੀ। ਚੀਨੀ ਵਿਚ ਨਾਰੀਅਲ ਤੇਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਤੁਸੀਂ ਸਕਰੱਬ ਵਾਂਗ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਮਰੀ ਚਮੜੀ ਉਤਰੇਗੀ।
ਚਿਹਰੇ 'ਤੇ ਕਿੱਲ ਮੁਹਾਸੇ ਜਾਂ ਕਿਸੇ ਸੱਟ ਦੇ ਨਿਸ਼ਾਨ ਹਨ ਤਾਂ ਨਾਰੀਅਲ ਤੇਲ ਦਾ ਲਗਾਤਾਰ ਇਸਤੇਮਾਲ ਕਰੋ। ਦਾਗ਼-ਧੱਬੇ ਦੂਰ ਹੋ ਜਾਣਗੇ। ਮੇਕਅਪ ਨੂੰ ਉਤਾਰਨ ਵਿਚ ਤੁਸੀ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਰੂੰ ਦੇ ਫੰਬੇ ਨੂੰ ਨਾਰੀਅਲ ਤੇਲ ਵਿਚ ਡੁਬੋ ਕੇ ਫਿਰ ਹੌਲੀ-ਹੌਲੀ ਚਿਹਰੇ 'ਤੇ ਲਗਾਉੇ। ਮੇਕਅਪ ਉਤਰ ਜਾਵੇਗਾ। ਵਾਟਰਪਰੂਫ਼ ਮਸਕਾਰਾ ਹਟਾਉਣ ਲਈ ਵੀ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਇਸ ਨਾਲ ਕੱਜਲ ਅਤੇ ਲਾਈਨਰ ਵੀ ਬਿਨਾਂ ਫੈਲੇ ਸਾਫ਼ ਹੋ ਜਾਂਦਾ ਹੈ।
ਨਾਰੀਅਲ ਤੇਲ ਨਾਲ ਅਪਣੀਆਂ ਉਂਗਲੀਆਂ ਦੀ ਮਾਲਿਸ਼ ਕਰੋ। ਇਸ ਨਾਲ ਖ਼ੂਨ ਦਾ ਪ੍ਰਵਾਹ ਠੀਕ ਹੁੰਦਾ ਹੈ। ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਉਖੜੇਗੀ ਨਹੀਂ। ਨਾਰੀਅਲ ਤੇਲ ਦੀ ਨਹੁੰਆਂ 'ਤੇ ਮਾਲਿਸ਼ ਕਰਨ ਨਾਲ ਨਹੁੰਆਂ ਵਿਚ ਵੀ ਚਮਕ ਆਉਂਦੀ ਹੈ। ਫਟੀਆਂ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਨਾਰੀਅਲ ਤੇਲ ਵਿਚ ਚੁਟਕੀ ਭਰ ਹਲਦੀ ਰਲਾ ਕੇ ਪੇਸਟ ਬਣਾਉ ਅਤੇ ਇਸ ਮਾਸਕ ਨੂੰ ਫਟੀਆਂ ਅੱਡੀਆਂ 'ਤੇ ਲਗਾਉ। ਫਟੇ ਅਤੇ ਸੁੱਕੇ ਬੁੱਲ੍ਹਾਂ 'ਤੇ ਵੀ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਬੁੱਲ੍ਹ ਮੁਲਾਇਮ ਹੋਣਗੇ।