‘ਪੈਕੇਟਬੰਦ ਚੀਜ਼ਾਂ ’ਤੇ ਲਿਖੀ ਜਾਣਕਾਰੀ ਧਿਆਨ ਨਾਲ ਪੜ੍ਹਿਆ ਕਰੋ, ਲੇਬਲ ਹੋ ਸਕਦੈ ਗੁਮਰਾਹਕੁੰਨ’, ਮੈਡੀਕਲ ਰੀਸਰਚ ਕੌਂਸਲ ਦੇ ਰਹੀ ਚੇਤਾਵਨੀ

ਏਜੰਸੀ

ਜੀਵਨ ਜਾਚ, ਸਿਹਤ

ਕਿਹਾ, ‘ਮਿੱਠਾ ਮੁਕਤ’ ਹੋਣ ਦਾ ਦਾਅਵਾ ਕਰਨ ਵਾਲੇ ਭੋਜਨ ਚਰਬੀ ਨਾਲ ਭਰੇ ਹੋ ਸਕਦੇ ਹਨ, ਡੱਬਾਬੰਦ ਫਲਾਂ ਦੇ ਜੂਸ ’ਚ ਫਲਾਂ ਦੀ ਮਾਤਰਾ ਸਿਰਫ 10 ਫ਼ੀ ਸਦੀ ਹੋ ਸਕਦੀ ਹੈ

Representative Image.

ਨਵੀਂ ਦਿੱਲੀ: ਸਿਹਤ ਖੋਜ ਸੰਸਥਾ ਇੰਡੀਅਨ ਕੌਂਸਲ ਆਫ ਮੈਡੀਕਲ ਰੀਸਰਚ (ਆਈ.ਸੀ.ਐੱਮ.ਆਰ.) ਨੇ ਕਿਹਾ ਹੈ ਕਿ ਪੈਕੇਟਬੰਦ ਚੀਜ਼ਾਂ ’ਤੇ ‘ਭੋਜਨ ਲੇਬਲ’ ਗੁਮਰਾਹਕੁੰਨ ਹੋ ਸਕਦੇ ਹਨ। ਇਸ ਨੇ ਜ਼ੋਰ ਦੇ ਕੇ ਕਿਹਾ ਕਿ ਖਪਤਕਾਰਾਂ ਨੂੰ ਖਰੀਦਦੇ ਸਮੇਂ ਸਿਹਤਮੰਦ ਬਦਲ ਲਈ ਚੀਜ਼ਾਂ ’ਤੇ ਲਿਖੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। 

ਆਈ.ਸੀ.ਐਮ.ਆਰ. ਨੇ ਇਹ ਵੀ ਕਿਹਾ ਕਿ ‘ਮਿੱਠਾ ਮੁਕਤ’ ਹੋਣ ਦਾ ਦਾਅਵਾ ਕਰਨ ਵਾਲੇ ਭੋਜਨ ਚਰਬੀ ਨਾਲ ਭਰੇ ਹੋ ਸਕਦੇ ਹਨ, ਜਦਕਿ ਡੱਬਾਬੰਦ ਫਲਾਂ ਦੇ ਜੂਸ ’ਚ ਫਲਾਂ ਦੀ ਮਾਤਰਾ ਸਿਰਫ 10 ਫ਼ੀ ਸਦੀ ਹੋ ਸਕਦੀ ਹੈ। ਆਈ.ਸੀ.ਐਮ.ਆਰ. ਨੇ ਹਾਲ ਹੀ ’ਚ ਜਾਰੀ ਖੁਰਾਕ ਹਦਾਇਤਾਂ ’ਚ ਕਿਹਾ ਕਿ ਪੈਕ ਕੀਤੇ ਭੋਜਨ ’ਤੇ ਸਿਹਤ ਦਾਅਵੇ ਖਪਤਕਾਰਾਂ ਦਾ ਧਿਆਨ ਖਿੱਚਣ ਅਤੇ ਉਨ੍ਹਾਂ ਨੂੰ ਯਕੀਨ ਦਿਵਾਉਣ ਲਈ ਕੀਤੇ ਜਾ ਸਕਦੇ ਹਨ ਕਿ ਉਤਪਾਦ ਸਿਹਤ ਲਈ ਚੰਗਾ ਹੈ। 

ਹੈਦਰਾਬਾਦ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ (ਐਨ.ਆਈ.ਐਨ.) ਵਲੋਂ ਭਾਰਤੀਆਂ ਲਈ ਜਾਰੀ ਖੁਰਾਕ ਹਦਾਇਤਾਂ ’ਚ ਕਿਹਾ ਗਿਆ ਹੈ, ‘‘ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਦੇ ਸਖਤ ਨਿਯਮ ਹਨ, ਪਰ ਲੇਬਲਾਂ ਬਾਰੇ ਜਾਣਕਾਰੀ ਗੁਮਰਾਹਕੁੰਨ ਹੋ ਸਕਦੀ ਹੈ।’’ 

ਕੁੱਝ ਉਦਾਹਰਣਾਂ ਦਿੰਦੇ ਹੋਏ ਐਨ.ਆਈ.ਐਨ. ਨੇ ਕਿਹਾ ਕਿ ਕਿਸੇ ਭੋਜਨ ਉਤਪਾਦ ਨੂੰ ਕੁਦਰਤੀ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਸ ਨੇ ਬਿਨਾਂ ਕਿਸੇ ਰੰਗ, ਸੁਆਦ ਜਾਂ ਨਕਲੀ ਪਦਾਰਥਾਂ ਨੂੰ ਸ਼ਾਮਲ ਕੀਤੇ ਘੱਟੋ-ਘੱਟ ਪ੍ਰੋਸੈਸਿੰਗ ਕੀਤੀ ਹੋਵੇ। 

ਇਸ ਨੇ ਕਿਹਾ, ‘‘ਇਸ ਸ਼ਬਦ (ਕੁਦਰਤੀ) ਦਾ ਪ੍ਰਯੋਗ ਅਕਸਰ ਅੰਨ੍ਹੇਵਾਹ ਕੀਤਾ ਜਾਂਦਾ ਹੈ। ਇਹ ਅਕਸਰ ਨਿਰਮਾਤਾਵਾਂ ਵਲੋਂ ਮਿਸ਼ਰਣ ’ਚ ਇਕ ਜਾਂ ਦੋ ਕੁਦਰਤੀ ਤੱਤਾਂ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਗੁਮਰਾਹਕੁੰਨ ਹੋ ਸਕਦਾ ਹੈ।’’ ਐਨ.ਆਈ.ਐਨ. ਨੇ ਲੋਕਾਂ ਨੂੰ ਲੇਬਲਾਂ ਨੂੰ ਧਿਆਨ ਨਾਲ ਪੜ੍ਹਨ ਦੀ ਅਪੀਲ ਕੀਤੀ, ਖਾਸ ਕਰ ਕੇ ਸਮੱਗਰੀ ਅਤੇ ਹੋਰ ਜਾਣਕਾਰੀ। 

‘ਅਸਲ ਫਲ ਜਾਂ ਫਲਾਂ ਦੇ ਜੂਸ’ ਦੇ ਦਾਅਵੇ ਬਾਰੇ ਐਨ.ਆਈ.ਐਨ. ਨੇ ਕਿਹਾ ਕਿ ਐਫ.ਐਸ.ਐਸ.ਏ.ਆਈ. ਦੇ ਨਿਯਮਾਂ ਅਨੁਸਾਰ, ਕੋਈ ਵੀ ਭੋਜਨ ਪਦਾਰਥ, ਚਾਹੇ ਉਹ ਬਹੁਤ ਘੱਟ ਮਾਤਰਾ ’ਚ ਹੋਵੇ, ਉਦਾਹਰਣ ਵਜੋਂ ਸਿਰਫ 10 ਫ਼ੀ ਸਦੀ ਜਾਂ ਇਸ ਤੋਂ ਘੱਟ ਫਲਾਂ ਦੀ ਮਾਤਰਾ ਵਾਲੇ ਉਤਪਾਦ ਨੂੰ ਇਹ ਲਿਖਣ ਦੀ ਇਜਾਜ਼ਤ ਹੈ ਕਿ ਇਹ ਫਲਾਂ ਦੇ ਗੁਦੇ ਜਾਂ ਰਸ ਤੋਂ ਬਣਾਇਆ ਗਿਆ ਹੈ। 

ਹਾਲਾਂਕਿ, ‘ਰੀਅਲ ਫ਼ਰੂਟ’ ਹੋਣ ਦਾ ਦਾਅਵਾ ਕਰਨ ਵਾਲੇ ਉਤਪਾਦਾਂ ’ਚ ਖੰਡ ਅਤੇ ਹੋਰ ਮਿਸ਼ਰਣ ਹੋ ਸਕਦੇ ਹਨ ਅਤੇ ਅਸਲ ਫਲ ਦਾ ਸਿਰਫ 10 ਫ਼ੀ ਸਦੀ ਤੱਤ ਹੋ ਸਕਦਾ ਹੈ। ਇਸੇ ਤਰ੍ਹਾਂ ‘ਮੇਡ ਵਿਥ ਹੋਲ ਗ੍ਰੇਨ’ ਲਈ ਵੀ ਇਨ੍ਹਾਂ ਸ਼ਬਦਾਂ ਦਾ ਗਲਤ ਅਰਥ ਕਢਿਆ ਜਾ ਸਕਦਾ ਹੈ। ਐਨ.ਆਈ.ਐਨ. ਨੇ ਕਿਹਾ, ‘‘ਮਿੱਠਾ ਮੁਕਤ ਭੋਜਨਾਂ ’ਚ ਚਰਬੀ, ਰਿਫਾਇੰਡ ਅਨਾਜ (ਚਿੱਟਾ ਆਟਾ, ਸਟਾਰਚ) ਅਤੇ ਲੁਕਵੀਂ ਸ਼ੂਗਰ (ਮਾਲਟੀਟੋਲ, ਫਰੂਕਟੋਜ਼ ਮੱਕੀ ਦਾ ਸਿਰਪ) ਹੋ ਸਕਦੀ ਹੈ।’’ 

ਹਦਾਇਤਾਂ ਅਨੁਸਾਰ, ਨਿਰਮਾਤਾ ਅਪਣੇ ਭੋਜਨ ਉਤਪਾਦਾਂ ਬਾਰੇ ਝੂਠੇ ਅਤੇ ਅਧੂਰੇ ਦਾਅਵੇ ਕਰਨ ਲਈ ਲੇਬਲ ਦੀ ਵਰਤੋਂ ਕਰਦੇ ਹਨ। ਭਾਰਤੀਆਂ ਲਈ ਖੁਰਾਕ ਦਿਸ਼ਾ-ਹੁਕਮ ਆਈ.ਸੀ.ਐਮ.ਆਰ.-ਐਨ.ਆਈ.ਐਨ. ਦੀ ਡਾਇਰੈਕਟਰ ਡਾ. ਹੇਮਲਤਾ ਆਰ ਦੀ ਅਗਵਾਈ ਵਾਲੀ ਮਾਹਰਾਂ ਦੀ ਬਹੁ-ਅਨੁਸ਼ਾਸਨੀ ਕਮੇਟੀ ਵਲੋਂ ਤਿਆਰ ਕੀਤੇ ਗਏ ਹਨ।