ਸਫ਼ਰ ਦੌਰਾਨ ਜੇਕਰ ਆਉਂਦੀ ਹੈ ਉਲਟੀ ਤਾਂ ਜ਼ਰੂਰ ਅਪਣਾਉ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸਫ਼ਰ ਵਿਚ ਕੁੱਝ ਖਾਣਾ ਹੋਵੇ ਤਾਂ ਹਲਕਾ ਖਾਉ

vomiting

ਮੁਹਾਲੀ: ਬੱਸ ਵਿਚ ਸਫ਼ਰ ਦੌਰਾਨ ਕਈ ਲੋਕਾਂ ਨੂੰ ਚੱਕਰ, ਉਲਟੀ ਅਤੇ ਜੀ ਮਚਲਣ ਦੀ ਸ਼ਿਕਾਇਤ ਹੁੰਦੀ ਹੈ। ਇਸ ਵਜ੍ਹਾ ਨਾਲ ਉਹ ਲੰਮੇ ਸਫ਼ਰ ’ਤੇ ਜਾਣਾ ਪਸੰਦ ਨਹੀਂ ਕਰਦੇ। ਕਈ ਵਾਰ ਲੋਕ ਯਾਤਰਾ ਦੌਰਾਨ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ, ਚੂਰਨ ਅਤੇ ਨਿੰਬੂ ਆਦਿ ਲੈ ਕੇ ਚਲਦੇ ਹਨ।

ਉਥੇ ਹੀ, ਕੁੱਝ ਲੋਕ ਸਫ਼ਰ ’ਤੇ ਨਿਕਲਣ ਤੋਂ ਪਹਿਲਾਂ ਪੂਰੇ ਦਿਨ ਕੁੱਝ ਨਹੀਂ ਖਾਂਦੇ। ਉਨ੍ਹਾਂ ਨੂੰ ਲਗਦਾ ਹੈ ਕਿ ਅਜਿਹਾ ਕਰ ਕੇ ਉਹ ਆਰਾਮ ਨਾਲ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਯਾਤਰਾ ਕਰ ਸਕਣਗੇ ਪਰ ਤੁਹਾਨੂੰ ਦੱਸ ਦਈਏ ਕਿ ਚੱਕਰ ਅਤੇ ਜੀ ਮਚਲਣ ਵਰਗੀਆਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਤੁਹਾਨੂੰ ਕੁੱਝ ਹੋਰ ਵੀ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਇਨ੍ਹਾਂ ਤੋਂ ਬਚਣ ਲਈ ਭੁੱਖਾ ਰਹਿਣ ਜਾਂ ਫਿਰ ਲਗਾਤਾਰ ਨੁਸਖ਼ੇ ਅਪਣਾਉਣ ਨਾਲ ਵੀ ਕੋਈ ਫ਼ਾਇਦਾ ਨਹੀਂ ਹੁੰਦਾ, ਸਗੋਂ ਲੋੜ ਹੈ ਤਾਂ ਕੁੱਝ ਚੀਜ਼ਾਂ ਨੂੰ ਨਜ਼ਰ-ਅੰਦਾਜ਼ ਕਰਨ ਦੀ।

ਕਦੇ ਵੀ ਸਫ਼ਰ ਤੋਂ ਪਹਿਲਾਂ ਬ੍ਰੈਡ, ਪਾਸਤਾ, ਨੂਡਲਜ਼, ਚਾਵਲ ਵਰਗੀਆਂ ਚੀਜ਼ਾਂ ਨਾ ਖਾਉ ਕਿਉਂਕਿ ਯਾਤਰਾ ਦੌਰਾਨ ਇਕ ਸੀਟ ’ਤੇ ਬੈਠੇ-ਬੈਠੇ ਤੁਹਾਡਾ ਇਹ ਖਾਣਾ ਨਹੀਂ ਪਚਦਾ। ਇਨ੍ਹਾਂ ਨੂੰ ਨਜ਼ਰ-ਅੰਦਾਜ਼ ਕਰਨ ’ਤੇ ਤੁਹਾਨੂੰ ਸੁਸਤੀ ਮਹਿਸੂਸ ਨਹੀਂ ਹੋਵੇਗੀ।

ਸਗੋਂ ਤੁਹਾਨੂੰ ਹਲਕਾ ਅਤੇ ਊਰਜਾ ਨਾਲ ਭਰਿਆ ਹੋਇਆ ਮਹਿਸੂਸ ਹੋਵੇਗਾ। ਸਫ਼ਰ ਦੌਰਾਨ ਤੇਲ ਵਿਚ ਫ਼ਰਾਈ ਸਨੈਕਸ, ਪਕੌੜੇ, ਮਠਿਆਈ ਜਾਂ ਫਿਰ ਆਈਸਕਰੀਮ ਖਾਣ ਨਾਲ ਤੁਹਾਨੂੰ ਜੀ ਮਚਲਣ ਦੀ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਲੂਣ ਅਤੇ ਮਿੱਠੇ ਨਾਲ ਭਰੇ ਇਹ ਭੋਜਨ ਤੁਹਾਡੇ ਸਰੀਰ ਵਿਚ ਪਾਣੀ ਸ੍ਰੀਰ ਵਿਚ ਰੋਕਣ ਦਾ ਕਾਰਨ ਬਣਨਗੇ। ਇਸ ਲਈ ਸਫ਼ਰ ਵਿਚ ਕੁੱਝ ਖਾਣਾ ਹੋਵੇ ਤਾਂ ਹਲਕਾ ਖਾਉ, ਕੁੱਝ ਅਜਿਹੇ ਜਿਸ ਵਿਚ ਲੂਣ ਅਤੇ ਮਿੱਠਾ ਬਹੁਤ ਹੀ ਘੱਟ ਹੋਵੇ।