ਰੋਜ਼ਾਨਾ ਦੇ ਖਾਣ ਪੀਣ ਵਿਚ ਸ਼ਾਮਲ ਕਰੋ ਲਾਲ ਮਿਰਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਹੁੰਦੇ ਹਨ ਗੁਣ

Red Chilli

ਮੁਹਾਲੀ: ਜੇਕਰ ਕਿਸੇ ਨੇ ਲੰਮੀ ਉਮਰ ਭੋਗਣੀ ਹੈ ਤਾਂ ਉਸ ਨੂੰ ਅਪਣੇ ਰੋਜ਼ਾਨਾ ਦੇ ਖਾਣ-ਪੀਣ ਵਿਚ ਲਾਲ ਮਿਰਚ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮਿਰਚ ਖਾਣਾ ਪਕਾਉਣ ਵਿਚ ਵਰਤੀਆਂ ਜਾਣ ਵਾਲੀਆਂ ਸੱਭ ਤੋਂ ਆਮ ਸਮੱਗਰੀਆਂ ਵਿਚੋਂ ਇਕ ਹੈ।

ਲਾਲ ਮਿਰਚ ਵਿਚ ਕਈ ਤਰ੍ਹਾਂ ਦੇ ਗੁਣ ਹੁੰਦੇ ਹਨ ਜੋ ਦੂਜੇ ਮਸਾਲਿਆਂ ਦੀ ਤੁਲਨਾ ਵਿਚ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਤਿੱਖਾ ਹੋਣ ਦੇ ਬਾਵਜੂਦ ਇਹ ਸਿਹਤ ਨੂੰ ਕਈ ਤਰ੍ਹਾਂ ਨਾਲ ਫ਼ਾਇਦਾ ਪਹੁੰਚਾਉਂਦੀ ਹੈ। ਜੇਕਰ ਲੋਕ ਅਪਣੇ ਖਾਣੇ ਵਿਚ ਲਾਲ ਮਿਰਚ ਦੀ ਰੋਜ਼ਾਨਾ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦੀ ਉਮਰ ਲੰਬੀ ਹੋ ਸਕਦੀ ਹੈ ਕਿਉਂਕਿ ਇਸ ਦਾ ਬੀਜ ਨਾ ਕੇਵਲ ਸੋਜ਼ਸ਼ ਖ਼ਤਮ ਕਰਨ ਵਾਲਾ ਹੁੰਦਾ ਹੈ ਸਗੋਂ ਐਂਟੀ ਆਕਸੀਡੈਂਟ, ਐਂਟੀ ਕੈਂਸਰ ਵੀ ਹੁੰਦਾ ਹੈ।

ਇਸ ਦੇ ਬੀਜ ਵਿਚ ਬਲੱਡ ਗੁਲੂਕੋਜ਼ ਨੂੰ ਵੀ ਘੱਟ ਕਰਨ ਦੇ ਗੁਣ ਹੁੰਦੇ ਹਨ। ਏਨਾ ਹੀ ਨਹੀਂ ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਮਿਰਚ ਦੇ ਇਹ ਗੁਣ ਕਿਸੇ ਵਿਅਕਤੀ ਦੀ ਬੀਮਾਰੀ ਅਤੇ ਕੈਂਸਰ ਨਾਲ ਮਰਨ ਦੇ ਜੋਖਮ ਨੂੰ ਵੀ ਘੱਟ ਕਰਦੇ ਹਨ।

ਅਧਿਐਨ ਵਿਚ ਅਮਰੀਕਾ, ਇਟਲੀ, ਚੀਨ ਅਤੇ ਈਰਾਨ ਦੇ ਪੰਜ ਲੱਖ 70 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਖੋਜ ਤੋਂ ਇਹ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਲਾਲ ਮਿਰਚ ਦੀ ਵਰਤੋਂ ਕੀਤੀ ਉਨ੍ਹਾਂ ਵਿਚ ਦਿਲ ਦੀ ਬਿਮਾਰੀ ਨਾਲ ਮਰਨ ਦੀ ਦਰ ਜਿਥੇ 26 ਫ਼ੀ ਸਦੀ ਘੱਟ ਸੀ, ਉਥੇ ਕੈਂਸਰ ਨਾਲ ਮਰਨ ਦੀ ਦਰ 23 ਫ਼ੀ ਸਦੀ ਘੱਟ ਸੀ।