ਹੜ੍ਹਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਡਾ. ਗੁਰਪ੍ਰੀਤ ਕੌਰ ਨੇ ਦਿੱਤੀ ਜਾਣਕਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਦੇਸ਼ ਦਾ ਢਿੱਡ ਭਰਨ ਦੇ ਚੱਕਰ ਵਿਚ ਪੰਜਾਬ ਹੋਇਆ ਬਿਮਾਰ

Dr. Gurpreet Kaur gave information to avoid diseases that occur during floods

ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਅੰਦਰ ਹੁਣ ਹੜ੍ਹਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਅਤੇ ਕਈ ਇਲਾਕਿਆਂ ’ਚ ਪਾਣੀ ਬਿਲਕੁਲ ਉਤਰ ਚੁੱਕਿਆ ਹੈ। ਪਰ ਇਹ ਹੜ੍ਹ ਪਿੱਛੇ ਛੱਡ ਗਏ ਮਿੱਟੀ, ਰੇਤ ਅਤੇ ਹੋਰ ਬਹੁਤ ਸਾਰੀ ਤਬਾਹੀ ਦਾ ਮੰਜਰ। ਇਸ ਸਭ ਤੋਂ ਇਲਾਵਾ ਹੁਣ ਪਾਣੀ ਆਦਿ ਘਟਣ ਤੋਂ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਵੀ ਪੈਦਾ ਹੋ ਗਿਆ। ਇਨ੍ਹਾਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਰੋਜ਼ਾਨਾ ਸਪੋਕਸਮੈਨ ਦੇ ਰਿਪੋਰਟਰ ਨਵਜੋਤ ਸਿੰਘ ਧਾਲੀਵਾਲ ਵੱਲੋਂ ਡਾ. ਗੁਰਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ। ਪੇਸ਼ ਹਨ ਉਸ ਗੱਲਬਾਤ ਦੇ ਕੁੱਝ ਅੰਸ਼ :

ਸਵਾਲ : ਹੜ੍ਹਾਂ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਤੋਂ ਕਿਵੇਂ ਬਚਿਆ ਸਕਦਾ ਹੈ?
ਜਵਾਬ : ਹੜ੍ਹਾਂ ਤੋਂ ਬਾਅਦ ਬਹੁਤ ਸਾਰੀਆਂ ਬਿਮਾਰੀਆਂ ਫੈਲਣ ਦਾ ਡਰ ਰਹਿੰਦਾ ਹੈ ਜਿਨ੍ਹਾਂ ਵਿਚ ਡਾਇਰੀਆ, ਪੇਟ ਖਰਾਬ ਹੋਣਾ, ਸਕਿੰਨ ਐਲਰਜੀ, ਅੱਖਾਂ ਦੀ ਐਲਰਜੀ, ਡੇਂਗੂ, ਮਲੇਰੀਆ ਆਦਿ ਮੁੱਖ ਬਿਮਾਰੀਆਂ ਹਨ। ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਡਾਇਰੀਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਡਾਇਰੀਆ ਖਰਾਬ ਪਾਣੀ ਪੀਣ ਨਾਲ ਹੁੰਦਾ ਹੈ, ਜਿਸ ਤੋਂ ਬਚਾਅ ਲਈ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਨਿੰਬੂ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ। ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਇਸ ’ਚ ਕਲੋਰੀਨ 500 ਮਿਲੀਗ੍ਰਾਮ ਦੀ ਇਕ ਟੈਬਲੇਟ ਪਾਈ ਜਾ ਸਕਦੀ, ਜੋ 15 ਤੋਂ 20 ਲੀਟਰ ਪਾਣੀ ਨੂੰ ਸਾਫ਼ ਕਰ ਦਿੰਦੀ ਹੈ ਅਤੇ ਇਸ ਪਾਣੀ ਨੂੰ ਪੀਣਾ ਚਾਹੀਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਡੇਂਗੂ ਹੈ ਤਾਂ ਉਸ ਨੂੰ ਡੋਲੋ ਟੈਬਲੇਟ ਦਿੱਤੀ ਜਾ ਸਕਦੀ ਹੈ, ਕਿਉਂਕਿ ਸਾਡੇ ਡੇਂਗੂ ਨਾਲ ਲੜਨ ਲਈ ਕੋਈ ਦਵਾਈ ਨਹੀਂ ਹੈ। ਡੇਂਗੂ ਤੋਂ ਪੀੜਤ ਵਿਅਕਤੀ ਨੂੰ ਜ਼ਿਆਦਾ ਐਂਟੀਬਾਈਟਿਕ ਨਹੀਂ ਦੇਣੀ ਚਾਹੀਦੀ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪੀੜਤ ਵਿਅਕਤੀ ਦੀ ਇਊਮਨਿਟੀ ਹੋਰ ਜ਼ਿਆਦਾ ਕਮਜ਼ੋਰ ਹੋ ਜਾਂਦੀ ਹੈ। ਡੇਂਗੂ ਪੀੜਤ ਨੂੰ ਜ਼ਿਆਦਾ ਅਰਾਮ ਅਤੇ ਚੰਗੀ ਡਾਈਟ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਚਮੜੀ ਦੇ ਰੋਗਾਂ ਤੋਂ ਬਚਣ ਲਈ ਲਈ ਕੌਟਨ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਸਰੀਰ ਨੂੰ ਹਵਾ ਲਗਦੀ ਰਹੀ। ਉਥੇ ਹੀ ਐਂਟੀ ਫੰਗਲ ਅਤੇ ਐਂਟੀ ਐਲਰਜ਼ੀ ਆਦਿ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਪੀੜਤ ਨੂੰ ਕਾਫ਼ੀ ਹੱਦ ਰਾਹਤ ਦਿੰਦੀਆਂ ਹਨ। ਜੇਕਰ ਕਿਸੇ ਵਿਅਕਤੀ ਦੇ ਜ਼ਖਮ ਹੈ ਤਾਂ ਉਸ ਨੂੰ ਟੈਟਨਸ ਦਾ ਟੀਕਾ ਜ਼ਰੂਰ ਲਗਾਉਣਾ ਚਾਹੀਦਾ ਹੈ। ਹੜ੍ਹਾਂ ਦੌਰਾਨ ਸੱਪ ਦੇ ਕੱਟਣ ਦੀ ਸ਼ਿਕਾਇਤਾਂ ਵੀ ਬਹੁਤ ਜ਼ਿਆਦਾ ਸਾਹਮਣੇ ਆਉਂਦੀਆਂ ਹਨ ਅਤੇ ਸੱਪ ਦੇ ਕੱਟੇ ਵਿਅਕਤੀ ਨੂੰ ਐਂਟੀਵਿਨੋਮ ਵੈਕਸੀਨ ਲਗਾਈ ਜਾਂਦੀ ਹੈ। ਇਸੇ ਤਰ੍ਹਾਂ ਪੇਟ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਡੌਕਸੀ ਸਾਈਕਲਿਨ, ਮੌਕਸਿਸਲਿਨ ਟੈਬਲੇਟ ਦੀ ਵਰਤੋਂ ਕਰਨੀ ਚਾਹੀਦੀ ਹੈ, ਇਸ ਦੀ ਕੁੱਝ ਦਿਨ ਵਰਤੋਂ ਕਰਨ ਨਾਲ ਪੇਟ ਦੀ ਇਨਫੈਕਸ਼ਨ ਤੋਂ ਰਾਹਤ ਮਿਲ ਜਾਂਦੀ ਹੈ।

ਸਵਾਲ : ਹੜ੍ਹਾਂ ਤੋਂ ਬਾਅਦ ਪੰਜਾਬ ਅੱਗੇ ਕਿਹੋ ਜਿਹੀਆਂ ਚੁਣੌਤੀਆਂ ਖੜ੍ਹੀਆਂ ਹੋਣਗੀਆਂ?
ਜਵਾਬ : ਪੰਜਾਬ ’ਚ ਜਿਹੜੇ ਹੜ੍ਹ ਆਏ ਨੇ ਇਹ ਕਲਾਈਮੇਟ ਦੀ ਵਜ੍ਹਾ ਕਰਕੇ ਆਏ ਹਨ। ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਨਹੀਂ ਹੈ, ਜਿਸ ਦੇ ਪਿੱਛੇ ਇਕ ਬਹੁਤ ਵੱਡਾ ਕਾਰਨ ਇੰਡਸਟਰੀ ਹੈ। ਜਦੋਂ ਤੋਂ ਸਾਡੇ ਪੰਜਾਬ ਅੰਦਰ ਇੰਡਸਟਰੀ ਆਈ ਹੈ ਅਤੇ ਆਵਾਜਾਈ ਦੇ ਸਾਧਨ ਆਏ ਹਨ, ਇਨ੍ਹਾਂ ਨੇ ਸਾਡੀ ਆਲਮੀ ਤਪਸ਼ ਨੂੰ ਵਧਾ ਦਿੱਤਾ। ਇਸ ਸਭ ਦੇ ਕਾਰਨ ਸਾਡੇ ਓਵਰਆਲ ਤਾਪਮਾਨ ’ਚ ਡੇਢ ਡਿਗਰੀ ਸੈਲਸੀਅਤ ਤੱਕ ਵਾਧਾ ਹੋ ਗਿਆ ਹੈ। ਜਦੋਂ ਕਿਸੇ ਵੀ ਥਾਂ ਦਾ ਤਾਪਮਾਨ ਡੇਢ ਡਿਗਰੀ ਸੈਲਸੀਅਤ ਵਧ ਜਾਂਦਾ ਹੈ ਤਾਂ ਉਸ ਤੋਂ ਬਾਅਦ ਗਲੇਸ਼ੀਅਰ ਪਿਘਲਣੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਬੱਦਲ ਫਟਣ ਦਾ ਕਾਰਨ ਵੀ ਹਵਾ ਦਾ ਤਾਪਮਾਨ ਵਧਣਾ ਹੈ। ਹਵਾ ਦਾ ਤਾਪਮਾਨ ਵਧਣ ਕਾਰਨ ਇਸ ’ਚ ਨਵੀਂ ਸੋਖਣ ਦੀ ਸਮਰਥਾ ਬਹੁਤ ਵਧ ਜਾਂਦੀ ਹੈ ਅਤੇ ਹਵਾ ਵਿਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਇਸ ਤੋਂ ਬਾਅਦ ਜਿਹੜੇ ਬੱਦਲ ਬਣਦੇ ਹਨ ਉਨ੍ਹਾਂ ਵਿਚ ਪਾਣੀ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਬੱਦਲ ਫਟਦੇ ਹਨ ਜਦਕਿ ਪਹਿਲਾਂ ਤਾਪਮਾਨ ਘੱਟ ਹੋਣ ਕਰਕੇ ਹੌਲੀ-ਹੌਲੀ ਮੀਂਹ ਪੈਂਦਾ ਸੀ। ਇਸ ਦੇ ਪਿੱਛੇ ਕਾਰਨ ਹੈ ਜੰਗਲਾਂ ਹੇਠ ਰਕਬਾ ਘਟਣਾ ਹੈ। ਪੰਜਾਬ ਅੰਦਰ 33 ਫੀਸਦੀ ਰਕਬਾ ਜੰਗਲਾਂ ਹੇਠ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਅੰਦਰ ਕੇਵਲ 3 ਫੀਸਦੀ ਰਕਬਾ ਹੀ ਜੰਗਲਾਂ ਵਾਲਾ ਜਿਨ੍ਹਾਂ ਵਿੱਚੋਂ ਇਕੱਲਾ ਡੇਢ ਫੀਸਦੀ ਸਿਰਫ਼ ਹੁਸ਼ਿਆਰਪੁਰ ਜ਼ਿਲ੍ਹੇੇ ਵਿਚ ਹੈ। ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਇਸ ’ਚੋਂ ਕੱਢ ਦਿੱਤਾ ਜਾਵੇ ਤਾਂ ਪੰਜਾਬ ਅੰਦਰ ਰੁੱਖਾਂ ਹੇਠਲਾ ਰਕਬਾ ਸਿਰਫ਼ ਡੇਢ ਫੀਸਦੀ ਰਹਿ ਜਾਂਦਾ ਹੈ। ਪੰਜਾਬ ਅੰਦਰ 35 ਲੱਖ ਹੈਕਟੇਅਰ ਵਾਹੀਯੋਗ ਜ਼ਮੀਨ ਹੈ, ਜਿਸ ’ਚੋਂ ਅਸੀਂ 32 ਲੱਖ ਹੈਕਟੇਅਰ ਜ਼ਮੀਨ ’ਤੇ ਝੋਨਾ ਬੀਜਦੇ ਹਾਂ। ਸਾਡੇ ਮੌਡਰਨ ਖੇਤੀ ਮਾਡਲ ਨੇ 32 ਲੱਖ ਹੈਕਟੇਅਰ ਜ਼ਮੀਨ ਨੂੰ ਪੱਕਾ ਕਰਕੇ ਰੱਖ ਦਿੱਤਾ ਹੈ। ਕਿਉਂਕਿ ਅਸੀਂ ਝੋਨਾ ਲਾਉਣ ਤੋਂ ਪਹਿਲਾਂ ਜ਼ਮੀਨ ਨੂੰ ਵਾਹ ਕੇ ਅਤੇ ਪਾਣੀ ਛੱਡ ਕੇ ਕੱਦੂ ਕਰਦੇ ਹਾਂ। ਇਸ ਤਰ੍ਹਾਂ ਕਰਨ ਜ਼ਮੀਨ ਇਕ ਫਰਸ਼ ਵਰਗੀ ਪੱਕੀ ਬਣ ਜਾਂਦੀ ਅਤੇ ਜ਼ਮੀਨ ਹੇਠ ਪਾਣੀ ਨਹੀਂ ਜਾਂਦਾ। ਬਾਰਿਸ਼ਾਂ ਦਾ ਪਾਣੀ ਧਰਤੀ ਹੇਠ ਨਹੀਂ ਜਾਂਦਾ ਅਤੇ ਪੰਜਾਬ ਦਾ ਬਹੁਤ ਜ਼ਿਆਦਾ ਏਰੀਆ ਡਾਰਕ ਜ਼ੋਨ ਵਿਚ ਚਲਾ ਗਿਆ ਹੈ। ਡੈਮ ਤਿੰਨ ਗੱਲਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਸਨ ਜਿਨ੍ਹਾਂ ਵਿਚੋਂ ਵਾਹੀਯੋਗ ਜ਼ਮੀਨ ਨੂੰ ਪਾਣੀ ਦੇਣਾ, ਦੂਜਾ ਬਿਜਲੀ ਪੈਦਾ ਕਰਨ ਤੇ ਤੀਜਾ ਹੜ੍ਹਾਂ ਦਾ ਪਾਣੀ ਕੰਟਰੋਲ ਕਰਨ ਲਈ ਬਣਾਏ ਸਨ। ਪਰ ਹੁਣ ਪਿਛਲੇ 7 ਸਾਲਾਂ ਦੌਰਾਨ ਆਏ ਹੜ੍ਹਾਂ ਦੌਰਾਨ ਡੈਮਾਂ ਨੇ ਕੀ ਰੋਲ ਨਿਭਾਇਆ ਇਹ ਸਭ ਦੇ ਸਾਹਮਣੇ ਹਨ। ਬੀਬੀਐਮਬੀ ਵੱਲੋਂ ਹੁਣ ਤੱਕ ਕੋਈ ਡਾਟਾ ਨਹੀਂ ਦਿਖਾਇਆ ਗਿਆ ਕਿ ਉਸ ਅੰਦਰ ਕਿੰਨਾ ਪਾਣੀ ਹੈ ਅਤੇ ਬਾਹਰ ਕਿੰਨਾ ਪਾਣੀ ਛੱਡਿਆ ਗਿਆ  ਹੈ। ਝੋਨੇ ਦੇ ਸੀਜਨ ਦੌਰਾਨ 15 ਦਿਨਾਂ ਦੇ ਅੰਦਰ ਪੰਜਾਬ ਨੂੰ 60 ਫੀਸਦੀ ਡੈਮ ਤੋਂ ਪਾਣੀ ਦੇਣਾ ਹੁੰਦਾ ਹੈ ਜੋ ਕਿ ਸੰਭਵ ਨਹੀਂ ਹੈ। ਜਦੋਂ ਪਾਣੀਆਂ ਦੀ ਵੰਡ ਕੀਤੀ ਗਈ ਸੀ ਉਸ ਸਮੇਂ ਪੰਜਾਬ ਦੀ ਫਸਲ ਝੋਨਾ ਨਹੀਂ ਸੀ, ਉਸ ਸਮੇਂ ਪੰਜਾਬ ਦੇ ਖੇਤਾਂ ਵਿਚ ਬਾਜਰਾ, ਮੱਕੀ, ਜਵਾਰ, ਕੋਦਰਾ, ਕੰਗਣੀ, ਕੁਟੀ ਆਦਿ ਫਸਲਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਪਾਣੀ ਦੀ ਲੋੜ ਬਹੁਤ ਘੱਟ ਹੁੰਦੀ ਸੀ। ਪਰ ਪੂਰੇ ਭਾਰਤ ਦਾ ਢਿੱਡ ਭਰਨ ਲਈ ਸਾਡਾ ਪੰਜਾਬ ਦੋ ਫਸਲਾਂ ਤੱਕ ਸੀਮਤ ਹੋ ਕੇ ਰਹਿ ਗਿਆ। ਜਦਕਿ ਸਾਡੇ ਪੰਜਾਬ ਵਾਸੀ ਚੌਲ ਬਹੁਤ ਘੱਟ ਖਾਂਦੇ ਹਨ ਅਤੇ ਝੋਨੇ ਦੀ ਫਸਲ ’ਚ ਸਭ ਤੋਂ ਜ਼ਿਆਦਾ ਪਾਣੀ ਕੰਜਿਊਮ ਹੁੰਦਾ ਹੈ। ਹੜ੍ਹਾਂ ਨੂੰ ਰੋਕਣ ਲਈ ਪੰਜਾਬ ਨੂੰ ਮੁੜ ਤੋਂ ਪੁਰਾਤਨ ਫਸਲਾਂ ਆਉਣਾ ਚਾਹੀਦੀਆਂ ਹਨ ਤਦ ਹੀ ਸਾਡਾ ਪੰਜਾਬ ਮੁੜ ਤੋਂ ਰੰਗਲਾ ਅਤੇ ਹੜ੍ਹਾਂ ਤੋਂ ਮੁਕਤ ਪੰਜਾਬ ਹੋ ਸਕਦਾ ਹੈ।

ਸਵਾਲ : ਦੁਨੀਆ ਭਰ ਦਾ ਢਿੱਡ ਭਰਨ ਵਾਲਾ ਪੰਜਾਬ ਖੁਦ ਹੋਇਆ ਰੋਗੀ?
ਜਵਾਬ : ਪੂਰੇ ਭਾਰਤ ਦਾ ਢਿੱਡ ਭਰਨ ਵਾਲਾ ਪੰਜਾਬ ਖੁਦ ਬੁਰੀ ਤਰ੍ਹਾਂ ਰੋਗੀ ਹੋ ਚੁੱਕਿਆ ਹੈ। ਪੰਜਾਬ ਨੇ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿਚ ਉਲਝ ਕੇ ਆਪਣੇ ਸਾਰੀ ਜ਼ਮੀਨ ਨੂੰ ਬਰਬਾਦ ਕਰ ਲਿਆ ਹੈ। ਸੋਨਾ ਪੈਦਾ ਕਰਨ ਵਾਲੀ ਪੰਜਾਬ ਦੀ ਧਰਤੀ ਅੱਜ ਕੈਂਸਰ ਪੈਦਾ ਕਰ ਰਹੀ ਹੈ। ਫਸਲਾਂ ਤੋਂ ਵੱਧ ਝਾੜ ਲਈ ਅਸੀਂ ਅੰਨ੍ਹੇ ਵਾਹ ਪੈਸਟੀਸਾਈਡ, ਯੂਰੀਆ ਅਤੇ ਅਨੇਕਾਂ ਕਿਸਮ ਦੇ ਕੈਮੀਅਲ ਆਦਿ ਦੀ ਵਰਤੋਂ ਕਰਦੇ ਹਾਂ। ਫਸਲਾਂ ਤਾਂ ਅਸੀਂ ਬਹੁਤ ਜ਼ਿਆਦਾ ਪੈਦਾ ਕਰ ਲਈਆਂ ਪਰ ਨਾਲ-ਨਾਲ ਬਿਮਾਰੀਆਂ ਵੀ ਸਹੇੜ ਲਈਆਂ। ਅੱਜ ਕੱਲ੍ਹ ਛੋਟੇ-ਛੋਟੇ ਬੱਚੇ ਵੀ ਸ਼ੂਗਰ ਤੋਂ ਪ੍ਰਭਾਵਿਤ, ਥਾਈਰਡ ਆਮ ਜਿਹੀ ਗੱਲ, ਇਸੇ ਤਰ੍ਹਾਂ ਹਰ ਵਿਅਕਤੀ ਦਾ ਫੈਟੀ ਲਿਵਰ ਹੈ। ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਹੋਣਾ ਜਿੱਥੇ ਕੋਈ ਕੈਂਸਰ ਰੋਗੀ ਨਾ ਹੋਵੇ। ਪੰਜਾਬ ਵਿਚ ਕੈਂਸਰ ਹਸਪਤਾਲ ਤਾਂ ਬਣ ਰਹੇ ਹਨ ਪਰ ਕੋਈ ਰਿਸਰਚ ਸੈਂਟਰ ਨਹੀਂ ਬਣ ਰਿਹਾ। ਅਸੀਂ ਆਪਣੇ ਪਾਣੀ ਨੂੰ, ਆਪਣੀ ਧਰਤੀ ਨੂੰ ਇੰਨਾ ਜ਼ਿਆਦਾ ਪਲਿਊਟ ਕਰ ਲਿਆ ਜਿਸ ਦਾ ਕੋਈ ਅੰਤ ਨਹੀਂ ਹੈ। ਅਸੀਂ ਆਪਣੀ ਮਿੱਟੀ ਦੇ ਖੁਰਾਕੀ ਤੱਤਾਂ ਨੂੰ ਖਤਮ ਕਰ ਲਿਆ ਅਤੇ ਹੁਣ ਸਾਡੇ ਪੱਲੇ ਫੋਕੀ ਮਿੱਟੀ  ਰਹਿ ਗਈ ਹੈ। ਹੁਣ ਸਾਡੀਆਂ ਆਉਣੀ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਮਨੁੱਖ ਦੇ ਕੰਨ ਤੋਂ ਲੈ ਕੇ ਹਰੀਕੇ ਪੱਤਣ ਦੀ ਮੱਛੀ ਤੱਕ ਕੈਂਸਰ ਪਹੁੰਚ ਚੁੱਕਿਆ ਹੈ ਪਰ ਸਾਡੇ ਕੰਨ ’ਤੇ ਜੂੰ ਨਹੀਂ ਸਰਕ ਰਹੀ।

ਸਵਾਲ : ਕੀ ਲੋਕ ਸਮਾਰਟਨੈਸ ਦੇ ਚੁੰਗਲ ’ਚੋਂ ਨਿਕਲ ਪਾਉਣਗੇ?
ਜਵਾਬ : ਮਨੁੱਖ ਦੀ ਜ਼ਿੰਦਗੀ ਨੂੰ ਚਕਾਚੌਂਧ ਕਰਨ ਵਾਲਾ ਅਤੇ ਡਿਵੈਲਪਮੈਂਟ ਦਾ ਮਾਡਲ ਮਨੁੱਖਤਾ ਲਈ ਬਹੁਤ ਘਾਤਕ ਹੈ। ਰਾਤ ਨੂੰ ਦਿਨ ਬਣਾਉਣ ਵਾਲਾ ਮਾਡਲ ਮਨੁੱਖਤਾ ਨੂੰ ਖਤਮ ਕਰ ਰਿਹਾ ਹੈ। ਡਾਕਟਰੀ ਅਨੁਸਾਰ ਇਕ ਸਰਕੇਡੀਅਮ ਰਿਦਮ ਹੁੰਦਾ ਹੈ ਜਿਸ ਨਾਲ ਮਨੁੱਖੀ ਜੀਵਨ ਚਲਦਾ ਹੈ, ਪਰ ਅੱਜ ਦਾ ਮਨੁੱਖ ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਜਾ ਰਿਹਾ ਹੈ ਅਤੇ ਹਾਰਮੋਨਜ਼ ਦੀ ਬਹੁਤ ਵੱਡੀ ਪੱਧਰ ’ਤੇ ਗੜਬੜ ਹੋ ਰਹੀ ਹੇ। ਪ੍ਰਮਾਤਮਾ ਨੇ ਦਿਨ ਅਤੇ ਰਾਤ ਮਨੁੱਖਤਾ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਏ ਸਨ, ਤਾਂ ਕਿ ਮਨੁੱਖ ਦਿਨ ਨੂੰ ਕੰਮ ਕਰ ਸਕੇ ਅਤੇ ਰਾਤ ਨੂੰ ਅਰਾਮ ਕਰ ਸਕਣ। ਪਰ ਹੁਣ ਤੱਕ ਹਰ ਇਕ ਮਨੁੱਖ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦਾ ਹੈ ਅਤੇ ਕਹਿੰਦਾ ਹੈ ਕਿ ਮੈਂ ਤਾਂ ਰਾਤ ਨੂੰ ਦੋ-ਦੋ ਵਜੇ ਤੱਕ ਜਾਗਦਾ ਹਾਂ ਅਤੇ ਸਵੇਰੇ 12 ਉਠਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਡੇ ਸਰੀਰਕ ਅੰਗਾਂ ਅਤੇ ਹਾਰਮੋਨ ’ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਵਿਕਾਸ ਦੇ ਨਾਂ ’ਤੇ ਸਾਡੇ ਦੇਸ਼ ’ਚ ਵਿਨਾਸ਼ ਹੋ ਰਿਹਾ ਹੈ। ਹਰ ਮਨੁੱਖ ਅੱਜਕੱਲ੍ਹ ਪੈਸਾ ਕਮਾਉਣ ’ਚ ਲੱਗਿਆ ਹੋਇਆ ਹੈ, ਇਨਸਾਨ ਪੈਸਾ ਕਮਾਉਂਦਾ ਕਿਸ ਲਈ ਹੈ, ਪਰਿਵਾਰ ਲਈ, ਪਰ ਉਸੇ ਪਰਿਵਾਰ ਨੂੰ ਸਮਾਂ ਦੇਣ ਲਈ ਕਿਸੇ ਵੀ ਇਨਸਾਨ ਕੋਲ ਟਾਈਮ ਨਹੀਂ ਹੈ। ਤਰੱਕੀ ਦੀ ਅੰਨ੍ਹੀ ਦੌੜ ਵਿਚ ਅਸੀਂ ਆਪਣਾ ਸਭ ਕੁੱਝ ਗੁਆਉਂਦੇ ਜਾ ਰਹੇ ਹਾਂ।

ਸਵਾਲ : ਛੋਟੇ ਲਾਲਚਾਂ ਨੇ ਪੰਜਾਬ ਨੂੰ ਆਪਣੇ ਚੁੰਗਲ ’ਚ ਫਸਾਇਆ?
ਜਵਾਬ : ਪੰਜਾਬ ਨੂੰ ਛੋਟੇ-ਛੋਟੇ ਹੋਏ ਲਾਲਚਾਂ ਨੂੰ ਛੱਡਦੇ ਹੋਏ ਆਪਣੀ ਪੁਰਾਤਨ ਖੇਤੀ ਵੱਲ ਆਉਣ ਦੀ ਲੋੜ ਹੈ। ਰਸੋਈ ਦੇ ਭਾਂਡੇ ਬਦਲਣ ਨਾਲ ਕੁੱਝ ਨਹੀਂ ਹੋਣਾ ਸਾਨੂੰ ਆਪਣੀਆਂ ਖੁਰਾਕਾਂ ਬਦਲਣੀਆਂ ਹੋਣਗੀਆਂ। ਅੱਜ ਦੇ ਸੁਖ ਸਾਧਨਾਂ ਨੇ ਸਾਨੂੰ ਰੋਗੀ ਬਣਾ ਕੇ ਰੱਖ ਦਿੱਤਾ ਹੈ। ਅੱਜ ਦੇ ਸਮੇਂ ’ਚ ਹਰ ਚੀਜ਼ ਸਾਡੇ ਲਈ ਖਤਰਨਾਕ ਬਣਦੀ ਜਾ ਰਹੀ ਹੈ। ਸਾਡੇ ਕੋਲ ਪੀਣ ਯੋਗ ਪਾਣੀ ਕਿੰਨਾ ਰਹਿ ਗਿਆ ਹੈ, ਸਾਡੇ ਪੰਜਾਬ ਦਾ ਜ਼ਿਆਦਾਤਰ ਹਿੱਸਾ ਡਾਰਕ ਜ਼ੋਨ ਵਿਚ ਚਲਿਆ ਗਿਆ ਹੈ। ਜਦੋਂ ਅਸੀਂ ਇਥੇ ਹੀ ਰਹਿਣਾ ਹੈ, ਇਥੇ ਹੀ ਖਾਣਾ ਹੈ ਕਿਉਂ ਨਹੀਂ ਆਪਣੇ ਆਪ ਬਾਰੇ ਸੋਚ ਰਹੇ। ਲੋਕਾਂ ਨੂੰ ਮਾਰ ਕਦੇ ਅੱਗੇ ਨਹੀਂ ਵਧਿਆ ਜਾ ਸਕਦਾ। ਸਾਨੂੰ ਪੰਜਾਬ ਨੂੰ ਅੱਗੇ ਵਧਾਉਣ ਲਈ ਮੁੜ ਤੋਂ ਪੁਰਾਤਨ ਖੇਤੀ ਵੱਲ ਆਉਣਾ ਪੈਣਾ ਹੈ। ਕਰੋਨਾ ਦੇ ਸਮੇਂ ਇਊਮਨਿਟੀ ਸ਼ਬਦ ਦਾ ਬਹੁਤ ਸੁਣਿਆ ਹੋਣਾ ਹੈ, ਜੇਕਰ ਸਾਡੀ ਇਊਮਨਿਟੀ ਖਤਮ ਹੋ ਗਈ ਤਾਂ ਅਸੀਂ ਡਾਇਰੀਏ ਨਾਲ ਹੀ ਮਰ ਜਾਂਵਾਗੇ। ਪੰਜਾਬ ਨੂੰ ਤੰਦਰੁਸਤ ਬਣਾਉਣ ਲਈ ਸਾਨੂੰ ਪੁਰਾਤਨ ਖੇਤੀ ਵੱਲ ਪਰਤਣਾ ਪੈਣਾ ਹੈ ਤਦ ਹੀ ਸਾਡਾ ਪੰਜਾਬ ਮੁੜ ਤੋਂ ਰੰਗਲਾ ਅਤੇ ਤੰਦਰੁਸਤ ਬਣ ਸਕਦਾ ਹੈ। ਜਿਹੜੇ ਹੜ੍ਹ ਅੱਜ ਸਾਡੇ ਲਈ ਆਫ਼ਤ ਬਣੇ ਹੋਏ ਹਨ ਇਹੀ ਹੜ੍ਹ ਕਿਸੇ ਸਮੇਂ ਸਾਡੇ ਲਈ ਵਰਦਾਨ ਹੁੰਦੇ ਸਨ ਕਿਉਂਕਿ ਹੜ੍ਹ ਸਾਡੇ ਲਈ ਜਰਖ਼ੇਜ਼ ਮਿੱਟੀ, ਖੁਰਾਕੀ ਤੱਤਾਂ ਸਣੇ ਕਈ ਹੋਰ ਧਾਤਾਂ ਵੀ ਆਪਣੇ ਨਾਲ ਲਿਆਉਂਦੇ ਸਨ। ਇਨ੍ਹਾਂ ਹੜ੍ਹਾਂ ਸਮੇਂ-ਸਮੇਂ ਦੀਆਂ ਸਰਕਾਰ ਅਤੇ ਲੋਕਾਂ ਵੀ ਬਰਾਬਰ ਦੇ ਜ਼ਿੰਮੇਵਾਰ ਹਨ।