ਸਰਦੀਆਂ ਵਿਚ ਜ਼ਰੂਰ ਕਰੋ ਕਾਲੇ ਤਿਲ ਦਾ ਇਸਤੇਮਾਲ, ਹੋਣਗੇ ਕਈ ਫ਼ਾਇਦੇ
ਹਰ ਰੋਜ਼ ਕਾਲੇ ਤਿਲ ਖਾਣ ਨਾਲ ਮਾਨਸਕ ਸਮੱਸਿਆਵਾਂ ਨੂੰ ਵੀ ਅਲਵਿਦਾ ਕਿਹਾ ਜਾ ਸਕਦਾ ਹੈ।
ਸਰਦੀਆਂ ਵਿਚ ਕਾਲੇ ਤਿਲ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਤੇ ਇਹ ਸਰਦੀਆਂ ਵਿਚ ਸਾਡੇ ਸਰੀਰ ਨੂੰ ਗਰਮੀ ਪ੍ਰਦਾਨ ਕਰਦਾ ਹੈ। ਅੱਜ ਅਸੀਂ ਤੁਹਾਨੂੰ ਕਾਲੇ ਤਿਲ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਰੋਜ਼ਾਨਾ ਸਵੇਰੇ ਕਾਲੇ ਤਿਲ ਚਬਾਉਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਇੰਨਾ ਹੀ ਨਹੀਂ ਕਾਲੇ ਤਿਲ ਖਾਣ ਨਾਲ ਦੰਦਾਂ ਅਤੇ ਮੂੰਹ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਕਾਲੇ ਤਿਲਾਂ ਵਿਚ ਮੌਜੂਦ ਭਰਪੂਰ ਪੋਸ਼ਕ ਤੱਤ ਤਣਾਅ ਨੂੰ ਘੱਟ ਕਰਨ ਵਿਚ ਕਾਫ਼ੀ ਕਾਰਗਰ ਸਾਬਤ ਹੋ ਸਕਦੇ ਹਨ। ਦੂਜੇ ਪਾਸੇ ਹਰ ਰੋਜ਼ ਕਾਲੇ ਤਿਲ ਖਾਣ ਨਾਲ ਮਾਨਸਕ ਸਮੱਸਿਆਵਾਂ ਨੂੰ ਵੀ ਅਲਵਿਦਾ ਕਿਹਾ ਜਾ ਸਕਦਾ ਹੈ।
ਕਾਲੇ ਤਿਲਾਂ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ। ਅਜਿਹੇ .ਵਿਚ ਤੁਸੀਂ ਕਾਲੇ ਤਿਲ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰ ਕੇ ਗੋਡਿਆਂ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਕੁੱਝ ਲੋਕ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਬਹੁਤ ਜਲਦੀ ਸਰੀਰਕ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਕਰਨ ਲਗਦੇ ਹਨ। ਅਜਿਹੇ ਵਿਚ ਕਾਲੇ ਤਿਲ ਦਾ ਸੇਵਨ ਕਰਨ ਨਾਲ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਹੋ ਸਕਦੀ ਹੈ ਅਤੇ ਤੁਸੀਂ ਯਕੀਨੀ ਤੌਰ ’ਤੇ ਪਹਿਲਾਂ ਨਾਲੋਂ ਜ਼ਿਆਦਾ ਊਰਜਾਵਾਨ ਬਣ ਸਕਦੇ ਹੋ।
ਸਰਦੀਆਂ ਦੇ ਮੌਸਮ ਵਿਚ ਖ਼ੂਨ ਦਾ ਵਹਾਅ ਘੱਟ ਹੋਣ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਦੂਜੇ ਪਾਸੇ ਸਰੀਰ ਨੂੰ ਨਿੱਘ ਦੇਣ ਦੇ ਨਾਲ-ਨਾਲ ਕਾਲੇ ਤਿਲ ਸਰੀਰ ’ਚ ਖ਼ੂਨ ਦਾ ਸੰਚਾਰ ਵੀ ਠੀਕ ਰਖਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਕਾਫ਼ੀ ਹਦ ਤਕ ਘੱਟ ਹੋ ਜਾਂਦਾ ਹੈ। ਕਾਲੇ ਤਿਲ ਬਵਾਸੀਰ ਵਰਗੀਆਂ ਬੀਮਾਰੀਆਂ ਨਾਲ ਲੜਨ ਵਿਚ ਵੀ ਮਦਦਗਾਰ ਹੈ। ਇਸ ਲਈ ਤੁਸੀਂ ਰੋਜ਼ਾਨਾ ਠੰਢੇ ਪਾਣੀ ਨਾਲ ਕਾਲੇ ਤਿਲ ਦਾ ਸੇਵਨ ਕਰ ਕੇ ਬਵਾਸੀਰ ਤੋਂ ਛੁਟਕਾਰਾ ਪਾ ਸਕਦੇ ਹੋ।