ਹੁਣ 'ਟਰਾਮਾਡੋਲ' ਦੀਆਂ ਗੋਲੀਆਂ ਨਹੀਂ ਵਿਕ ਸਕਣਗੀਆਂ ਸ਼ਰੇਆਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ੇ ਦੇ ਖ਼ਾਤਮੇ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਇਸ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਨਸ਼ਿਆਂ 'ਤੇ

'tramadol' tablets

ਚੰਡੀਗੜ੍ਹ  (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ੇ ਦੇ ਖ਼ਾਤਮੇ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਇਸ ਦੇ ਲਈ ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਵਰਤ ਕੇ ਨਸ਼ਿਆਂ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਸਰਕਾਰ ਨੇ ਇਕ ਹੋਰ ਕਦਮ ਚੁਕਿਆ ਹੈ। ਬੀਤੇ ਦਿਨੀਂ ਵੱਡੀ ਨਸ਼ਾ ਤਸਕਰੀ ਦਾ ਪਰਦਾਫ਼ਾਸ਼ ਕਰਦਿਆਂ ਬਠਿੰਡਾ 'ਚ ਪਾਬੰਦੀਸ਼ੁਦਾ 'ਟਰਾਮਾਡੋਲ' ਦੀਆਂ 9.11 ਲੱਖ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ।

ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੂਰੇ ਸੂਬੇ 'ਚੋਂ ਸਿਰਫ਼ 1,000 ਕੈਮਿਸਟਾਂ ਨੂੰ ਇਨ੍ਹਾਂ ਗੋਲੀਆਂ ਦੀ ਵਿਕਰੀ ਦਾ ਅਧਿਕਾਰ ਦਿਤਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਗੋਲੀਆਂ ਨੂੰ ਪੇਨਕਿਲਰ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਅਤੇ 10 ਗੋਲੀਆਂ ਦੇ ਇਕ ਪੱਤੇ ਦੀ ਕੀਮਤ 56 ਰੁਪਏ ਹੈ ਪਰ ਨਸ਼ੇ ਲਈ ਇਨ੍ਹਾਂ ਹੀ ਗੋਲੀਆਂ ਨੂੰ 500-600 ਰੁਪਏ 'ਚ ਵੇਚਿਆ ਜਾ ਰਿਹਾ ਹੈ ਜਿਸ ਨਾਲ ਨਾ ਕੇਵਲ ਲੋਕਾਂ ਦੀ ਲੁੱਟ ਹੋ ਰਹੀ ਹੈ ਉਥੇ ਹੀ ਨਸ਼ੇ ਦਾ ਫ਼ੈਲਾਅ ਹੋ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ 'ਪੰਜਾਬ ਫ਼ੂਡ ਐਂਡ ਡਰੱਗ ਐਡਮਿਨੀਸਟ੍ਰੇਟਰ' ਕੇ. ਐੱਸ. ਪੰਨੂ ਨੇ ਕਿਹਾ ਹੈ ਕਿ ਟਰਾਮਾਡੋਲ ਦੀਆਂ ਗੋਲੀਆਂ ਦੀ ਦੁਰਵਰਤੋਂ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਸੂਬੇ 'ਚ ਸਿਰਫ਼ 1,000 ਕੈਮਿਸਟ ਹੀ ਇਹ ਦਵਾਈ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦਵਾਈ 'ਤੇ ਪਾਬੰਦੀ ਲਾਉਣ ਲਈ ਹੀ ਸਿਰਫ਼ ਚੁਣੇ ਹੋਏ ਕੈਮਿਸਟਾਂ ਤੇ ਹਸਪਤਾਲਾਂ 'ਚ ਇਸ ਦੀ ਵਿਕਰੀ ਦੀ ਇਜਾਜ਼ਤ ਦਿਤੀ ਗਈ ਹੈ।

ਕੇ. ਐੱਸ. ਪੰਨੂ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ 421 ਕੈਮਿਸਟਾਂ ਦੇ ਲਾਈਸੈਂਸ ਰੱਦ ਕਰ ਦਿਤੇ ਹਨ। ਇਸ ਤੋਂ ਬਾਅਦ ਵੀ ਜੇਕਰ ਕੋਈ ਕੈਮਿਸਟ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।