Health News: ਸਿਹਤ ਲਈ ਬਹੁਤ ਲਾਭਦਾਇਕ ਕੜ੍ਹੀ ਪੱਤੇ ਦਾ ਪਾਣੀ

ਏਜੰਸੀ

ਜੀਵਨ ਜਾਚ, ਸਿਹਤ

Health News: ਆਉ ਜਾਣਦੇ ਹਾਂ ਕਿ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ:

Curry leaf water is very beneficial for health

 

Health News: ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ’ਤੇ ਭੋਜਨ ਦਾ ਸੁਆਦ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਹਰੇ ਪੱਤਿਆਂ ਦੀ ਵਰਤੋਂ ਸਬਜ਼ੀ, ਪੋਹਾ, ਕੜ੍ਹੀ ਸਮੇਤ ਕਈ ਪਕਵਾਨਾਂ ’ਚ ਕੀਤੀ ਜਾਂਦੀ ਹੈ। ਇਹ ਪੱਤੇ ਸਵਾਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਭਰਪੂਰ ਹੁੰਦੇ ਹਨ। ਔਸ਼ਧੀ ਗੁਣਾਂ ਨਾਲ ਭਰਪੂਰ ਕੜ੍ਹੀ ਪੱਤੇ ਦੀ ਖ਼ੁਸ਼ਬੂ ਕਾਫ਼ੀ ਚੰਗੀ ਹੁੰਦੀ ਹੈ।

ਇਨ੍ਹਾਂ ਪੱਤਿਆਂ ਵਿਚ ਉੱਚ ਮਾਤਰਾ ਵਿਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਕਾਰਗਰ ਹੁੰਦੇ ਹਨ। ਕੜ੍ਹੀ ਪੱਤੇ ਦਾ ਪਾਣੀ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਜੇ ਅਪਣੇ ਦਿਨ ਦੀ ਸ਼ੁਰੂਆਤ ਇਸ ਪਾਣੀ ਨਾਲ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਕਈ ਫ਼ਾਇਦੇ ਮਿਲ ਸਕਦੇ ਹਨ।

ਆਉ ਜਾਣਦੇ ਹਾਂ ਕਿ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਣ ਦੇ ਫ਼ਾਇਦਿਆਂ ਬਾਰੇ:

ਤੰਦਰੁਸਤ ਰਹਿਣ ਲਈ ਪਾਚਨ ਕਿਰਿਆ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਕੜ੍ਹੀ ਪੱਤੇ ਵਿਚ ਕੁੱਝ ਐਨਜ਼ਾਈਮ ਹੁੰਦੇ ਹਨ ਜੋ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ। ਜੇਕਰ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਅੰਤੜੀਆਂ ਦੀ ਹਰਕਤ ਆਸਾਨ ਹੋ ਜਾਂਦੀ ਹੈ ਤੇ ਪਾਚਨ ਸਬੰਧੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਅੱਜ-ਕਲ੍ਹ ਤਣਾਅ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਤਣਾਅ ਤੋਂ ਰਾਹਤ ਦਿਵਾਉਣ ’ਚ ਕੜ੍ਹੀ ਦੇ ਪੱਤੇ ਤੁਹਾਡੀ ਮਦਦ ਕਰ ਸਕਦੇ ਹਨ।

ਕੜ੍ਹੀ ਪੱਤੇ ਦਾ ਪਾਣੀ ਪੀਣ ਨਾਲ ਦਿਮਾਗ਼ ਸ਼ਾਂਤ ਹੋ ਸਕਦਾ ਹੈ। ਅਜਿਹੇ ’ਚ ਤੁਸੀਂ ਚੰਗਾ ਮਹਿਸੂਸ ਕਰ ਸਕਦੇ ਹੋ। ਕੜ੍ਹੀ ਪੱਤੇ ’ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲੇਸਟਰੋਲ ਦੇ ਪੱਧਰ ਨੂੰ ਘਟਾਉਣ ’ਚ ਮਦਦ ਕਰ ਸਕਦੇ ਹਨ। ਕੜ੍ਹੀ ਪੱਤੇ ਦਾ ਪਾਣੀ ਰੋਜ਼ਾਨਾ ਪੀਣ ਨਾਲ ਸਰੀਰ ’ਚ ਮਾੜੇ ਕੈਲੇਸਟਰੋਲ ਨੂੰ ਘੱਟ ਕੀਤਾ ਜਾ ਸਕਦਾ ਹੈ ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਸ਼ੂਗਰ ਦੀ ਸਮੱਸਿਆ ’ਚ ਕੜ੍ਹੀ ਪੱਤੇ ਕਾਰਗਰ ਸਾਬਤ ਹੋ ਸਕਦੇ ਹਨ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਰੋਜ਼ਾਨਾ ਸਵੇਰੇ ਕੜ੍ਹੀ ਪੱਤੇ ਦਾ ਪਾਣੀ ਪੀ ਸਕਦੇ ਹੋ। ਇਹ ਪੱਤੇ ਕਾਰਬਾਜ਼ੋਲ ਐਲਕਾਲਾਇਡਜ਼ ਦਾ ਇਕ ਭਰਪੂਰ ਸਰੋਤ ਹਨ ਜੋ ਟਾਈਪ 2 ਸ਼ੂਗਰ ਦੇ ਮਰੀਜ਼ਾਂ ’ਚ ਗਲੂਕੋਜ਼ ਦੇ ਪੱਧਰ ਦਾ ਪ੍ਰਬੰਧਨ ਕਰਨ ਵਿਚ ਮਦਦ ਕਰ ਸਕਦੇ ਹਨ।