ਔਰਤਾਂ ਇਨ੍ਹਾਂ ਲੱਛਣਾਂ ਨੂੰ ਨਾ ਕਰਨ ਨਜ਼ਰ-ਅੰਦਾਜ਼, ਹੋ ਸਕਦੀਆਂ ਹਨ ਕਈ ਗੰਭੀਰ ਬੀਮਾਰੀਆਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਰੋਜ਼ਾਨਾ ਡਾਈਟ ਵਿਚ ਆਇਰਨ ਦੀ ਕਮੀ ਹੋਣ ਨਾਲ ਖ਼ੂਨ ਵਧਾਉਣ ਵਿਚ ਮੁਸ਼ਕਲ ਆਉਂਦੀ ਹੈ।

women do not ignore symptoms

ਮੁਹਾਲੀ: ਅੱਜ ਦੀਆਂ ਔਰਤਾਂ ਚਾਹੇ ਹਰ ਖੇਤਰ ਵਿਚ ਨਾਮ ਕਮਾ ਰਹੀਆਂ ਹਨ ਪਰ ਸੁਭਾਅ ਵਿਚ ਕੇਅਰਿੰਗ ਅਤੇ ਭਾਵੁਕ ਹੋਣ ਕਾਰਨ ਉਨ੍ਹਾਂ ਨੂੰ ਅਪਣੇ ਨਾਲੋਂ ਜ਼ਿਆਦਾ ਆਪਣਿਆਂ ਦਾ ਖ਼ਿਆਲ ਰਖਣਾ ਚੰਗਾ ਲਗਦਾ ਹੈ। ਪਰ ਇਸ ਕਾਰਨ ਉਹ ਅਪਣੀ ਸਿਹਤ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰ ਬੈਠਦੀਆਂ ਹਨ। ਅਜਿਹੇ ਵਿਚ ਉਨ੍ਹਾਂ ਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਦੂਜਿਆਂ ਦੇ ਨਾਲ ਅਪਣੀ ਸਿਹਤ ਨੂੰ ਵੀ ਮਹੱਤਵ ਦੇਣਾ ਚਾਹੀਦਾ ਹੈ।

ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਔਰਤਾਂ ਨੂੰ ਹੋਣ ਵਾਲੀਆਂ ਕੁੱਝ ਗੰਭੀਰ ਬੀਮਾਰੀਆਂ ਅਤੇ ਉਨ੍ਹਾਂ ਦੇ ਲੱਛਣਾਂ ਬਾਰੇ ਦਸਦੇ ਹਾਂ।  ਛਾਤੀ ਦਾ ਕੈਂਸਰ: ਇਹ ਛਾਤੀ ਦੇ ਸੈੱਲਾਂ ਵਿਚ ਹੋਣ ਵਾਲਾ ਟਿਊਮਰ ਹੈ। ਇਹ ਆਲੇ-ਦੁਆਲੇ ਦੇ ਟਿਸ਼ੂਆਂ ਵਿਚ ਹੌਲੀ ਹੌਲੀ ਵੱਧ ਕੇ ਸਰੀਰ ਦੇ ਦੂਜੇ ਹਿੱਸਿਆਂ ਵਿਚ ਵੀ ਫੈਲ ਸਕਦਾ ਹੈ। ਇਕ ਖੋਜ ਅਨੁਸਾਰ 2018 ਵਿਚ ਲਗਭਗ 162,468 ਔਰਤਾਂ ਛਾਤੀ ਦੇ ਕੈਂਸਰ ਦਾ ਸ਼ਿਕਾਰ ਹੋਈਆਂ। ਪਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਇਸ ਨੂੰ ਕੰਟਰੋਲ ਕਰ ਕੇ ਬਚਿਆ ਜਾ ਸਕਦਾ ਹੈ।

ਦਿਲ ਦੀਆਂ ਬੀਮਾਰੀਆਂ: ਮਾਹਰਾਂ ਅਨੁਸਾਰ ਔਰਤਾਂ ਨੂੰ ਕਿਸੇ ਵੀ ਉਮਰ ਵਿਚ ਦਿਲ ਦਾ ਦੌਰਾ ਆ ਸਕਦਾ ਹੈ। ਇਸ ਪਿੱਛੇ ਦਾ ਕਾਰਨ ਸਿਹਤ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਕ ਖੋਜ ਅਨੁਸਾਰ ਅੱਜ ਭਾਰਤੀ ਔਰਤਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਤੋਂ ਇਲਾਵਾ ਹਰ 3 ਵਿਚੋਂ 1 ਔਰਤ ਦੀ ਮੌਤ ਦਾ ਕਾਰਨ ਦਿਲ ਦੀ ਬੀਮਾਰੀ ਨੂੰ ਮੰਨਿਆ ਜਾਂਦਾ ਹੈ। ਇਸ ਲਈ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

ਦਿਲ ਦੀ ਬਿਮਾਰੀ ਦੇ ਲੱਛਣ: ਜਬਾੜੇ, ਮੋਢੇ, ਗਰਦਨ, ਪਿੱਠ ਦੇ ਉਪਰੀ ਪਾਸੇ ਜਾਂ ਪੇਟ ਨਾਲ ਸਬੰਧਤ ਸਮੱਸਿਆਵਾਂ ਹੋਣਾ, ਵਾਰ-ਵਾਰ ਪਸੀਨਾ ਆਉਣਾ, ਸਿਰ ਦਰਦ, ਚੱਕਰ ਆਉਣੇ, ਉਲਟੀ ਜਾਂ ਜੀ ਮਚਲਾਉਣਾ,    ਆਲਸ, ਥੱਕੇ ਮਹਿਸੂਸ ਹੋਣਾ, ਤੇਜ਼ ਸਿਰ ਦਰਦ ਕਾਰਨ ਚੱਕਰ ਆਉਣੇ, ਸਾਹ ਦੀਆਂ ਸਮੱਸਿਆਵਾਂ, ਸਰੀਰ ਵਿਚ ਹਰ ਸਮੇਂ ਦਰਦ ਮਹਿਸੂਸ ਹੋਣਾ। ਅਜਿਹੇ ਵਿਚ ਇਨ੍ਹਾਂ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਗ਼ਲਤੀ ਨਾ ਕਰੋ।

ਅਨੀਮੀਆ: ਰੋਜ਼ਾਨਾ ਡਾਈਟ ਵਿਚ ਆਇਰਨ ਦੀ ਕਮੀ ਹੋਣ ਨਾਲ ਖ਼ੂਨ ਵਧਾਉਣ ਵਿਚ ਮੁਸ਼ਕਲ ਆਉਂਦੀ ਹੈ। ਅਜਿਹੇ ਵਿਚ ਔਰਤਾਂ ਅਨੀਮੀਆ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਆਮ ਦਿਨ ਦੇ ਬਜਾਏ ਜ਼ਿਆਦਾ ਦਿਨ ਤਕ ਪੀਰੀਅਡਜ਼ ਹੋਣ ਨਾਲ ਵੀ ਖ਼ੂੁਨ ਦੀ ਕਮੀ ਹੋਣ ਲਗਦੀ ਹੈ। ਅਨੀਮੀਆ ਦੇ ਲੱਛਣ: ਕੋਈ ਭਾਰੀ ਕੰਮ ਕੀਤੇ ਬਿਨ੍ਹਾਂ ਵੀ ਆਲਸ, ਕਮਜ਼ੋਰੀ ਅਤੇ ਥਕਾਵਟ ਰਹਿਣੀ, ਸਾਹ ਨਾਲ ਜੁੜੀਆਂ ਸਮੱਸਿਆਵਾਂ ਰਹਿਣਾ, ਸਰੀਰ ਦੇ ਰੰਗ ਬਦਲ ਕੇ ਪੀਲਾ ਹੋ ਜਾਣਾ, ਜ਼ਿਆਦਾ ਠੰਢ ਮਹਿਸੂਸ ਹੋਣੀ, ਸਰੀਰ ਦੀ ਇਮਿਊਨਿਟੀ ਘੱਟ ਹੋਣ ਨਾਲ ਜਲਦੀ ਹੀ ਬੀਮਾਰੀਆਂ ਦੀ ਚਪੇਟ ਵਿਚ ਆਉਣਾ, ਚੱਕਰ ਆਉਣੇ ਤੋਂ ਇਲਾਵਾ ਕਮਜ਼ੋਰੀ, ਸਿਰ ਦਰਦ, ਬੇਹੋਸ਼ੀ।  ਸਰੀਰ ਵਿਚ ਅਜਿਹੇ ਲੱਛਣ ਦਿਖਣ ’ਤੇ ਬਿਨਾਂ ਕਿਸੀ ਦੇਰੀ ਦੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।