ਤਾਂਬੇ ਦੇ ਭਾਂਡਿਆਂ ਵਿਚ ਪਾਣੀ ਪੀਣਾ ਸਿਹਤ ਲਈ ਹੈ ਵਧੇਰੇ ਲਾਭਦਾਇਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਤਾਂਬੇ ਦੇ ਭਾਂਡੇ ਵਿਚ ਖਾਣਾ ਬਣਾਉਣ ਨਾਲ ਅਸੀਂ ਕਈ ਪ੍ਰਕਾਰ ਦੇ ਰੋਗਾਂ ਤੋਂ ਸੁਰੱਖਿਅਤ ਰਹਿੰਦੇ ਹਾਂ।

copper

ਤਾਂਬਾ ਪੁਰਾਣੇ ਸਮੇਂ ਤੋਂ ਹੀ ਭਾਂਡੇ ਵਜੋਂ ਪ੍ਰਯੋਗ ਹੋਣ ਵਾਲੀਆਂ ਧਾਤਾਂ ਵਿਚ ਅਪਣਾ ਪ੍ਰਮੁੱਖ ਸਥਾਨ ਰੱਖਣ ਵਾਲੀ ਧਾਤ ਹੈ । ਪਹਿਲਾਂ ਇਸ ਧਾਤ ਦਾ ਪ੍ਰਯੋਗ ਵੱਧ ਤੋਂ ਵੱਧ ਲੋਕਾਂ ਦੁਆਰਾ ਕੀਤਾ ਜਾਂਦਾ ਸੀ ਜਦਕਿ ਅੱਜ ਦੇ ਸਮੇਂ ਵਿਚ ਵਿਕਲਪ ਵਜੋਂ ਹੋਰ ਧਾਤਾਂ ਦੇ ਆ ਜਾਣ ਕਾਰਨ ਲੋਕਾਂ ਵਿਚ ਇਸ ਧਾਤ ਦੇ ਪ੍ਰਯੋਗ ਵਿਚ ਰੁਚੀ ਪਹਿਲਾਂ ਨਾਲੋਂ ਬਹੁਤ ਘੱਟ ਗਈ ਹੈ।

ਅੱਜ ਇਸ ਦਾ ਪ੍ਰਯੋਗ ਬਹੁਤ ਥੋੜ੍ਹੇ ਲੋਕਾਂ ਵਲੋਂ ਕੀਤਾ ਜਾਂਦਾ ਹੈ। ਅੱਜ ਇਸ ਦੇ ਪ੍ਰਯੋਗ ਦੀ ਉਪਯੋਗਤਾ ਨੂੰ ਪੂਰੀ ਤਰ੍ਹਾਂ ਅੱਖੋਂ ਉਹਲੇ ਕੀਤਾ ਜਾਂਦਾ ਹੈ ਜਿਸ ਕਰ ਕੇ ਅੱਜ ਦੇ ਸਮੇਂ ਵਿਚ ਵੱਧ ਚੁਕੀਆਂ ਬੀਮਾਰੀਆਂ ਦਾ ਕਾਰਨ ਲੋਕਾਂ ਦੁਆਰਾ ਇਹੋ ਜਿਹੀ ਉਪਯੋਗੀ ਧਾਤ ਨੂੰ ਅੱਖੋਂ ਉਹਲੇ ਕਰ ਦੇਣ ਨੂੰ ਹੀ ਕਿਹਾ ਜਾ ਸਕਦਾ ਹੈ ਜਦਕਿ ਜੇਕਰ ਅਸੀਂ ਦੇਖੀਏ ਤਾਂ ਪੁਰਾਣੇ ਸਮੇਂ ਵਿਚ ਮਨੁੱਖ ਤਾਂਬਾ ਧਾਤ ਦਾ ਪ੍ਰਯੋਗ ਖਾਣਾ ਪਕਾਉਣ, ਪਾਣੀ ਇਕੱਠਾ ਕਰ ਕੇ ਰੱਖਣ ਵਾਲੇ ਭਾਂਡੇ ਦੇ ਰੂਪ ਵਿਚ ਕਰਦਾ ਸੀ ਜਦਕਿ ਅੱਜ ਅਸੀਂ ਸੱਭ ਭੁਲਾ ਦਿਤਾ ਹੈ ਜਿਸ ਦਾ ਨਤੀਜਾ ਅੱਜ ਅਸੀਂ ਕਈ ਪ੍ਰਕਾਰ ਦੇ ਰੋਗਾਂ ਵਿਚ ਗ੍ਰਸਤ ਹੋ ਚੁਕੇ ਹਾਂ।

ਇਸ ਦਾ ਕਾਰਨ ਮਨੁੱਖ ਆਪ ਹੈ। ਅੱਜ ਜਦੋਂ ਬਿਮਾਰੀਆਂ ਐਨੀਆਂ ਵੱਧ ਗਈਆਂ ਹਨ ਤਾਂ ਮਨੁੱਖ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਅਪਣੇ ਜੀਵਨ ਵਿਚ ਜੋ ਬਦਲਾਅ ਕੀਤੇ ਹਨ, ਉਨ੍ਹਾਂ ਵਿਚ ਪੁਰਾਣੇ ਸਮੇਂ ਦੇ ਉਪਯੋਗੀ ਨਿਯਮਾਂ ਨੂੰ ਮੁੜ ਤੋਂ ਸਵੀਕਾਰ ਕਰ ਕੇ ਅਪਣੇ ਜੀਵਨ ਵਿਚ ਅਪਣਾਈਏ ਅਤੇ ਜੀਵਨ ਨੂੰ ਰੋਗ ਮੁਕਤ ਬਣਾਉਣ ਵਲ ਵਧੀਏ।

ਤਾਂਬਾ ਧਾਤ ਦੇ ਲਾਭ-
1. ਤਾਂਬੇ ਦੇ ਭਾਂਡਿਆਂ ਦਾ ਪ੍ਰਯੋਗ ਜੀਵਨ ਵਿਚ ਨਿਸ਼ਚਤ ਰੂਪ ਵਿਚ ਕੀਤਾ ਜਾਵੇ ਤਾਂ ਜੀਵਨ ਰੋਗ ਮੁਕਤ ਹੋ ਸਕਦਾ ਹੈ। ਤਾਂਬੇ ਦੇ ਭਾਂਡੇ ਵਿਚ ਖਾਣਾ ਬਣਾਉਣ ਨਾਲ ਅਸੀਂ ਕਈ ਪ੍ਰਕਾਰ ਦੇ ਰੋਗਾਂ ਤੋਂ ਸੁਰੱਖਿਅਤ ਰਹਿੰਦੇ ਹਾਂ। ਇਹੀ ਕਾਰਨ ਹੈ ਕਿ ਪਹਿਲਾਂ ਮਨੁੱਖ ਨੂੰ ਏਨੀਆਂ ਬੀਮਾਰੀਆਂ ਨਹੀਂ ਸਨ ਜਿੰਨੀਆਂ ਅੱਜ ਹਨ ।ਇਨ੍ਹਾਂ ਭਾਂਡਿਆਂ ਵਿਚ ਭੋਜਨ ਬਣਾਉਣਾ ਬਹੁਤ ਲਾਭਦਾਇਕ ਹੁੰਦਾ ਹੈ।

ਆਯੁਰਵੈਦ ਵਿਚ ਵੀ ਕਿਹਾ ਗਿਆ ਹੈ ਕਿ ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣਾ ਸਿਹਤ ਲਈ ਵਧੇਰੇ ਲਾਭਦਾਇਕ ਹੈ । ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਕਈ ਬੀਮਾਰੀਆਂ ਆਸਾਨੀ ਨਾਲ ਸਰੀਰ ਤੋਂ ਬਾਹਰ ਨਿਕਲ ਜਾਂਦੀਆਂ ਹਨ।

ਤਾਂਬਾ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਨਵੀਆਂ ਕੋਸ਼ਿਕਾਵਾਂ ਦੇ ਨਿਰਮਾਣ ਵਿਚ ਵੀ ਸਹਾਇਕ ਸਿੱਧ ਹੁੰਦਾ ਹੈ । ਤਾਂਬਾ ਧਾਤ ਨੂੰ ਐਂਟੀ ਵਾਇਰਲ ਅਤੇ ਐਂਟੀ ਬੇਕਟੀਰੀਅਲ ਲਈ ਵਿਸ਼ੇਸ਼ ਰੂਪ ਵਿਚ ਜਾਣਿਆ ਜਾਂਦਾ ਹੈ। ਤਾਂਬੇ ਦੇ ਭਾਂਡਿਆਂ ਵਿਚ ਭੋਜਨ ਖਾਣ ਨਾਲ ਸਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜਿਸ ਸਦਕਾ ਕਿਡਨੀ ਤੇ ਲਿਵਰ ਨਿਰੋਗ ਰਹਿੰਦੇ ਹਨ। ਤਾਂਬਾ ਧਾਤ ਦੇ ਲਾਭ ਸਦਕਾ ਇਸ ਦਾ ਰਸੋਈ ਵਿਚ ਵੱਧ ਤੋਂ ਵੱਧ ਇਸਤੇਮਾਲ ਸਿਹਤਮੰਦ ਜੀਵਨ ਜਿਉਣ ਵਿਚ ਵਧੇਰੇ ਸਹਾਇਕ ਹੈ। ਤਾਂਬਾ ਸਰੀਰ ਤੇ ਵੱਜੀ ਸੱਟਾਂ ਨੂੰ ਭਰਨ ਵਿਚ ਵਧੇਰੇ ਸਹਾਇਕ ਹੈ। ਤਾਂਬਾ ਧਾਤ ਦੇ ਪੁਰਾਣੇ ਹੋਣ ਤੇ ਇਸ ਦੀ ਗੁਣਵੱਤਾ ਤੇ ਕੋਈ ਫ਼ਰਕ ਨਹੀਂ ਪੈਂਦਾ ਸਗੋਂ ਇਨ੍ਹਾਂ ਦੇ ਗੁਣ ਉਵੇਂ ਹੀ ਬਣੇ ਰਹਿੰਦੇ ਹਨ। 

ਤਾਂਬੇ ਦੇ ਭਾਂਡਿਆਂ ਵਿਚ ਭੋਜਨ ਪਕਾਉਣ ਨਾਲ ਤਾਂਬਾ ਧਾਤ ਵੀ ਸਾਡੇ ਸਰੀਰ ਵਿਚ ਜਾਂਦੀ ਹੈ ਜੋ ਕਿ ਭੋਜਨ ਨਾਲ ਮਿਲ ਕੇ ਸਰੀਰ ਨੂੰ ਕਾਫ਼ੀ ਲਾਭ ਪਹੁੰਚਾਉਂਦਾ ਹੈ ।
ਕੁੱਝ ਧਿਆਨ ਰੱਖਣ ਯੋਗ ਗੱਲਾਂ :

-ਭੋਜਨ ਬਣਾਉਣ ਸਮੇਂ ਤਾਂਬੇ ਦੇ ਭਾਂਡੇ ਨੂੰ ਗੈਸ ਤੇ ਰੱਖਣ ਤੋਂ ਪਹਿਲਾਂ ਭਾਂਡੇ ਵਿਚ ਕੱਚੀ ਸਬਜ਼ੀ ਪਾਉ ਉਸ ਤੋਂ ਬਾਅਦ ਗੈਸ ਚਲਾਉ।
-ਭੋਜਨ ਨੂੰ ਸੜਨ ਤੋਂ ਬਚਾਉਣ ਲਈ ਹਮੇਸ਼ਾ ਗੈਸ ਨੂੰ ਹੌਲੀ ਚਲਾਉ।
-ਤਾਂਬੇ ਦੇ ਭਾਂਡੇ ਨੂੰ ਸਾਫ਼ ਕਰਨ ਲਈ ਸਾਬਣ ਜਾਂ ਬੇਕਿੰਗ ਸੋਡਾ ਅਤੇ ਪਾਣੀ ਦਾ ਇਸਤੇਮਾਲ ਕਰਨਾ ਹੀ ਸਹੀ ਹੈ ।
 
(ਜੋਤੀ)