ਹਿੰਗ ਦਾ ਪਾਣੀ-ਪੀਣ ਨਾਲ ਭਾਰ ਘਟਣ ਦੇ ਨਾਲ-ਨਾਲ ਪਾਚਨਤੰਤਰ ਵੀ ਰਹੇਗਾ ਠੀਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਹਿੰਗ ਭਾਰ ਘਟਾਉਣ ਵਿਚ ਵੀ ਕਰਦੀ ਹੈ ਮਦਦ

Asafoetida

 

ਮੁਹਾਲੀ : ਹਿੰਗ ਸਿਹਤ ਲਈ ਬਹੁਤ ਹੀ ਲਾਭਦਾਇਕ ਹੈ। ਹਿੰਗ ਸਾਡੀ ਪਾਚਨ ਕਿਰਿਆ ਵਾਸਤੇ ਬਹੁਤ ਹੀ ਗੁਣਕਾਰੀ ਹੈ। ਅਕਸਰ ਹੀ ਭੋਜਨ ਦਾ ਸਵਾਦ ਵਧਾਉਣ ਲਈ ਹਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਹਿੰਗ ਦੇ ਕਈ ਫ਼ਾਇਦੇ ਹਨ। ਹਿੰਗ ਦੀ ਵਰਤੋਂ ਨਾਲ ਤੁਸੀਂ ਅਪਣੀ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਕਰ ਸਕਦੇ ਹੋ ਅਤੇ ਇਸ ਨਾਲ ਹੀ ਹਿੰਗ ਭਾਰ ਘਟਾਉਣ ਵਿਚ ਵੀ ਮਦਦ ਕਰਦੀ ਹੈ। ਆਉ ਜਾਣਦੇ ਹਾਂ ਹਿੰਗ ਦੇ ਪਾਣੀ ਦੇ ਅਨੇਕਾਂ ਲਾਭ ਅਤੇ ਇਸ ਨੂੰ ਬਣਾਉਣ ਦੇ ਸਹੀ ਤਰੀਕੇ ਬਾਰੇ :

 

 

ਅੱਜਕਲ ਮੋਟਾਪਾ ਬਹੁਤ ਲੋਕਾਂ ਦੀ ਸਮੱਸਿਆ ਹੈ। ਨੌਜਵਾਨ ਭਾਰ ਘਟਾਉਣ ਲਈ ਜਿੰਮ ਵਿਚ ਜਾਂਦੇ ਹਨ। ਇਸ ਤੋਂ ਇਲਾਵਾ ਮੋਟਾਪੇ ਤੋਂ ਛੁਟਰਾਰਾ ਪਾਉਣ ਲਈ ਲੋਕ ਕਈ ਹੋਰ ਤਰੀਕੇ ਅਪਣਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਘਰ ਬੈਠੇ ਵੀ ਅਪਣਾ ਭਾਰ ਘੱਟ ਕਰ ਸਕਦੇ ਹੋ? ਘਰ ਦੀ ਰਸੋਈ ਵਿਚ ਮੌਜੂਦ ਹਿੰਗ ਤੁਹਾਡੇ ਭਾਰ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੋ ਸਕਦੀ ਹੈ। ਇਸ ਨਾਲ ਹੀ ਇਹ ਸਰੀਰ ਦੇ ਖ਼ਰਾਬ ਕੈਲੇਸਟਰੋਲ ਨੂੰ ਵੀ ਕੰਟਰੋਲ ਕਰਦੀ ਹੈ ਅਤੇ ਇਸ ਦੇ ਸੇਵਨ ਨਾਲ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ।

 

 

 

ਹਿੰਗ ਪਾਚਨ ਕਿਰਿਆ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਹਿੰਗ ਦੀ ਵਰਤੋਂ ਕਰਨ ਨਾਲ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਸਰੀਰ ਤੋਂ ਨੁਕਸਾਨਦੇਹ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਨਿਕਲਦੇ ਰਹਿੰਦੇ ਹਨ। ਇਸ ਤਰ੍ਹਾਂ ਪੇਟ ਦੀਆਂ ਕਈ ਬਿਮਾਰੀਆਂ ਤੋਂ ਤੁਹਾਡਾ ਬਚਾਅ ਰਹਿੰਦਾ ਹੈ। ਜੁਕਾਮ ਹੋਣ ’ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ। ਜੇਕਰ ਬਦਲਦੇ ਮੌਸਮ ਵਿਚ ਠੰਢ ਕਾਰਨ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ ਤਾਂ ਹਿੰਗ ਬਹੁਤ ਹੀ ਫ਼ਾਇਦੇਮੰਦ ਹੈ। ਇਹ ਸਾਹ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।

ਸਿਰਦਰਦ ਹੋਣ ’ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ। ਹਿੰਗ ਵਿਚ ਐਂਟੀ-ਇੰਫ਼ਲੇਮੇਟਰੀ ਤੱਤ ਹੁੰਦਾ ਹੈ ਜਿਸ ਨਾਲ ਸਿਰਦਰਦ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਸਿਰ ਦੀਆਂ ਖ਼ੂਨ ਦੀਆਂ ਨਾੜੀਆਂ ’ਚ ਸੋਜ ਆ ਗਈ ਹੈ ਤਾਂ ਹਿੰਗ ਇਸ ਨੂੰ ਘੱਟ ਕਰਨ ਵਿਚ ਮਦਦਗਾਰ ਹੁੰਦੀ ਹੈ। ਇਸ ਲਈ ਸਮੇਂ-ਸਮੇਂ ’ਤੇ ਹਿੰਗ ਦਾ ਪਾਣੀ ਪੀਣਾ ਚਾਹੀਦਾ ਹੈ। ਹਿੰਗ ਦਾ ਪਾਣੀ ਬਣਾਉਣ ਲਈ, ਸੱਭ ਤੋਂ ਪਹਿਲਾਂ ਇਕ ਗਲਾਸ ਕੋਸੇ ਪਾਣੀ ਲਉ ਅਤੇ ਉਸ ਵਿਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਹਿੰਗ ਨੂੰ ਮਿਲਾਉ। ਇਸ ਤਿਆਰ ਘੋਲ ਨੂੰ ਖ਼ਾਲੀ ਪੇਟ ਪੀਣਾ ਚਾਹੀਦਾ ਹੈ ਜਿਸ ਨਾਲ ਨਾ ਸਿਰਫ਼ ਫ਼ਾਇਦਾ ਹੁੰਦਾ ਹੈ, ਸਗੋਂ ਪੇਟ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ।