ਗੋਡਿਆਂ ਦਾ ਦਰਦ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਇਸ ਨਾਲ ਲਚਕੀਲਾਪਨ ਜੋੜਾਂ ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਜ਼ਰੂਰੀ ਵਿਟਾਮਿਨ, ਮਿਨਰਲ, ਮੈਂਗਨੀਜ਼ ਤੱਤਾਂ ਨਾਲ ਭਰਪੂਰ ਹੈ। ਇਸ ਨਾਲ ਨੈਚੁਰਲ ਤੇਲ ਬਣਨ ਲਗਦਾ ਹੈ।

Knee pain

ਗੋਡਿਆਂ ਦੀ ਸਮੱਸਿਆ ਦੇ ਕਈ ਕਾਰਨ ਹਨ ਜਿਵੇਂ ਸੱਟ ਲੱਗ ਜਾਣਾ, ਯੂਰਿਕ ਐਸਿਡ, ਜੋੜਾਂ ਵਿਚ ਗਰੀਸ ਘੱਟ ਜਾਣਾ, ਜੋੜ ਜਾਮ ਹੋ ਜਾਣੇ, ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਜਾਣਾ, ਇਨਫ਼ੈਕਸ਼ਨ ਤੇ ਲੋੜ ਨਾਲੋਂ ਵੱਧ ਕਸਰਤ ਕਰਨ ਨਾਲ ਵੀ ਕਈ ਨੁਕਸ ਪੈ ਜਾਂਦੇ ਹਨ। ਹੋਰ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਦਾ ਪਤਾ ਮਾਹਰ ਡਾਕਟਰ, ਵੈਦ, ਹਕੀਮ ਹੀ ਲਗਾ ਸਕਦੇ ਹਨ। ਆਪਾਂ ਤਾਂ ਗੱਲ ਗੋਡਿਆਂ ਦੇ ਦਰਦ ਦੀ ਹੀ ਕਰਾਂਗੇ।

ਦਰਦ ਦੇ ਲੱਛਣ : ਪੈਰਾਂ ਭਾਰ ਬੈਠ ਨਾ ਹੋਣਾ, ਚੌਕੜੀ ਮਾਰਨ ਵਿਚ ਮੁਸ਼ਕਲ ਆਉਣੀ, ਪੌੜੀਆਂ ਚੜ੍ਹਨਾ- ਉਤਰਨਾ ਔਖਾ ਹੁੰਦਾ ਹੈ।
ਗ੍ਰੀਸ ਘਟਣਾ : ਜਿਥੇ ਗੋਡੇ ਚਿਕਨਾਈ ਵਿਚ ਘੁੰਮਦੇ ਹਨ, ਉਥੇ ਗ੍ਰੀਸ ਖ਼ਤਮ ਹੋਣ ਕਰ ਕੇ ਚਿਕਨਾਈ ਖ਼ਤਮ ਹੋਣ ਕਾਰਨ ਜੋੜਾਂ ਦੀਆਂ ਹੱਡੀਆਂ ਆਪਸ ਵਿਚ ਹੀ ਭਿੜਣ ਲੱਗ ਪੈਂਦੀਆਂ ਹਨ ਜਿਸ ਨਾਲ ਸੋਜ ਤੇ ਹੱਡੀਆਂ ਵਿਚ ਕਾਫ਼ੀ ਦਰਦ ਰਹਿੰਦਾ ਹੈ। ਗਠੀਆ ਵੀ ਜੋੜਾਂ ਦਾ ਦਰਦ ਪੈਦਾ ਕਰਦਾ ਹੈ। ਇਥੇ ਮੈਂ ਇਕ ਗੱਲ ਗਠੀਏ ਬਾਰੇ ਜ਼ਰੂਰ ਕਹਾਂਗਾ।

ਗਠੀਏ ਦਾ ਇਲਾਜ ਗੁੰਝਲਦਾਰ ਤੇ ਔਖਾ ਹੁੰਦਾ ਹੈ ਕਿਉਂਕਿ ਇਸ ਵਿਚ ਸ੍ਰੀਰ ਦੇ ਜੋੜ ਬਹੁਤ ਜ਼ਿਆਦਾ ਪ੍ਰਭਾਵਤ ਹੋ ਜਾਂਦੇ ਹਨ। ਰੋਗੀ ਦਾ ਮਨੋਬਲ ਏਨਾ ਟੁੱਟ ਜਾਂਦਾ ਹੈ ਕਿ ਉਹ ਡਾਕਟਰ ਬਦਲਦਾ ਰਹਿੰਦਾ ਹੈ ਕਿਉਂਕਿ ਇਸ ਰੋਗ ਨੂੰ ਠੀਕ ਹੋਣ ਵਿਚ ਸਮਾਂ ਲਗਦਾ ਹੈ। ਜਦੋਂ ਮਰੀਜ਼ ਨੂੰ ਦਵਾਈ ਕਰਨ ਲਗਦੀ ਹੈ, ਉਹ ਡਾਕਟਰ ਬਦਲ ਲੈਂਦਾ ਹੈ ਕਿਉਂਕਿ ਆਸੇ ਪਾਸੇ ਗ਼ਲਤ ਸਲਾਹਾਂ ਦੇਣ ਵਾਲੇ, ਡਾਕਟਰਾਂ ਦੀਆਂ ਨਵੀਆਂ-ਨਵੀਆਂ ਫ਼ਰਮਾਇਸ਼ਾਂ ਪਾ ਕੇ ਰੋਗੀ ਨੂੰ ਗੁਮਰਾਹ ਕਰ ਦਿੰਦੇ ਹਨ ਜਿਸ ਨਾਲ ਰੋਗੀ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੁੰਦਾ।

ਗੋਡਿਆਂ ਦੇ ਦਰਦ ਦੀ ਸਮੱਸਿਆ ਵਲ ਜੇ ਆਪਾਂ ਪਹਿਲਾਂ ਹੀ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਅਪਣੀ ਸਾਂਭ ਕਰ ਲਈਏ ਤਾਂ ਆਪਾਂ ਜ਼ਿੰਦਗੀ ਵਿਚ ਏਨਾ ਦੁੱਖ ਕੱਟਣ ਤੋਂ ਬਚ ਜਾਵਾਂਗੇ। ਮੈਂ ਆਪਾਂ ਨੂੰ ਖਾਣ ਪੀਣ ਬਾਰੇ, ਗੋਡਿਆਂ ਦੀ ਸਮੱਸਿਆ ਨਾ ਆਵੇ, ਉਨ੍ਹਾਂ ਤੋਂ ਬਚਾਅ ਲਈ ਕੁੱਝ ਕੁਦਰਤੀ ਢੰਗ ਤੇ ਦੇਸੀ ਨੁਸਖ਼ੇ ਦਸਾਂਗਾ, ਜਿਨ੍ਹਾਂ ਨਾਲ ਆਪ ਜੀ ਨੂੰ ਕਾਫ਼ੀ ਰਾਹਤ ਮਿਲੇਗੀ। ਕੀ ਖਾਈਏ : ਦਾਲ, ਸਬਜ਼ੀ ਵਿਚ ਗਾਂ ਦਾ ਘੀ ਪਾਉ, ਪੁੰਗਰੀ ਹੋਈ ਮੇਥੀ ਖਾਉ, ਐਲੋਵੀਰਾ ਗੁੱਦਾ ਕੱਢ ਕੇ ਖਾਉ, ਭਿੰਡੀ ਕੱਚੀ 5-6 ਖਾਉ, ਇਸ ਨਾਲ ਸਾਈਨੋਬਿਬਲ ਫਲੂਡ ਬਣਦਾ ਹੈ ਜੋ ਗੋਡਿਆਂ ਲਈ ਜ਼ਰੂਰੀ ਹੈ। ਖ਼ਾਲੀ ਪੇਟ ਨਾਰੀਅਲ ਪਾਣੀ ਪੀਉ।

ਇਸ ਨਾਲ ਲਚਕੀਲਾਪਨ ਜੋੜਾਂ ਵਿਚ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਜ਼ਰੂਰੀ ਵਿਟਾਮਿਨ, ਮਿਨਰਲ, ਮੈਂਗਨੀਜ਼ ਤੱਤਾਂ ਨਾਲ ਭਰਪੂਰ ਹੈ। ਇਸ ਨਾਲ ਨੈਚੁਰਲ ਤੇਲ ਬਣਨ ਲਗਦਾ ਹੈ। ਇਹ ਹੱਡੀਆਂ ਤੇ ਮਾਸਪੇਸ਼ੀਆਂ ਮਜ਼ਬੂਤ ਕਰਦਾ ਹੈ। ਇਸ ਨਾਲ ਹੀ ਜਿਸ ਚੀਜ਼ ਵਿਚ ਵਿਟਾਮਿਨ ਡੀ. ਭਰਪੂਰ ਮਾਤਰਾ ਵਿਚ ਹੋਵੇ ਉਸ ਚੀਜ਼ ਨੂੰ ਵਰਤਣਾ ਚਾਹੀਦਾ ਹੈ। ਧੁੱਪ ਇਕ ਮੁਫ਼ਤ ਦਾ ਵਿਟਾਮਿਨ ਡੀ ਦਾ ਸ਼੍ਰੋਤ ਹੈ।

ਹਾਰ ਸ਼ਿੰਗਾਰ ਦਾ ਬੂਟਾ : ਇਸ ਨੂੰ ਪ੍ਰਜਾਤ, ਟਾਈਟ ਜੈਸਮਿਨ ਵੀ ਕਹਿੰਦੇ ਹਨ। ਇਸ ਦੇ ਪੱਤਿਆਂ ਵਿਚ ਟੈਨਿਕਐਸਿਡ, ਮੈਥੀਲ ਸਿਲਸੀਨੇਟ ਤੇ ਗਲੂਕੋਸਾਈਡ ਹੁੰਦਾ ਹੈ। ਇਸ ਨਾਲ ਜੋੜਾਂ ਦੀ ਸੋਜ, ਗ੍ਰੀਸ ਬਣਨ ਵਿਚ ਮਦਦ ਮਿਲਦੀ ਹੈ। 5-7 ਪੱਤੇ ਕੁੱਟ ਕੇ 2 ਗਲਾਸ ਪਾਣੀ ਵਿਚ ਏਨਾ ਉਬਾਲੋ ਕਿ ਪਾਣੀ ਅੱਧਾ ਗਲਾਸ ਰਹਿ ਜਾਵੇ। ਠੰਢਾ ਹੋਣ ਤੇ ਛਾਣ ਕੇ ਪੀ ਲਉ। ਇਸ ਤਰ੍ਹਾਂ ਖ਼ਾਲੀ ਪੇਟ ਸਵੇਰੇ ਸ਼ਾਮ ਪੀਉ। ਸਬਰ ਰੱਖ ਕੇ ਪੀਣ ਨਾਲ ਬਹੁਤ ਫ਼ਾਇਦਾ ਮਿਲੇਗਾ।

ਅਖ਼ਰੋਟ : ਇਸ ਵਿਚ ਪ੍ਰੋਟੀਨ, ਫ਼ੈਟ, ਕਾਰਬੋਹਾਈਡ੍ਰੇਟ ਵਿਟਾਮਿਨ ਬੀ, ਵਿਟਾਮਿਨ-ਈ ਕੈਲਸ਼ੀਅਮ ਤੇ ਮਿਨਰਲ ਭਰਪੂਰ ਮਾਤਰਾ ਵਿਚ ਹੁੰਦੀ ਹੈ। ਇਹ ਐਂਟੀਆਕਸੀਡੈਂਟ ਦੇ ਨਾਲ ਉਮੇਗਾ-ਡੀ ਫ਼ੈਟੀ ਐਸਿਡ ਨਾਲ ਵੀ ਭਰਪੂਰ ਹੈ। ਇਹ ਇਕ ਤਰ੍ਹਾਂ ਦਾ ਫ਼ੈਟ ਹੈ, ਜੋ ਸੋਜ ਨੂੰ ਘੱਟ ਕਰਨ ਵਿਚ ਕਾਫ਼ੀ ਮਦਦ ਕਰਦਾ ਹੈ।
ਕਿੱਕਰ ਦੀ ਫਲੀ ਤੇ ਸੁਹਾਂਜਣਾ : ਕੱਚੀ ਕਿੱਕਰ ਦੀ ਫਲੀ 200 ਗਰਾਮ, ਸੁਹਾਂਜਣਾ ਪਾਊਡਰ 200 ਗਰਾਮ, ਮਿਸ਼ਰੀ 200 ਗਰਾਮ ਸੱਭ ਨੂੰ ਮਿਲਾ ਕੇ 5-5 ਗਰਾਮ ਦੁਧ ਨਾਲ ਲਉ। ਇਹ ਗ੍ਰੀਸ ਬਣਨ ਵਿਚ ਮਦਦ ਕਰਦਾ ਹੈ।

ਆਯੁਰਵੈਦਿਕ ਵਿਚ ਬਹੁਤ ਦਵਾਈਆਂ ਹਨ ਜੋ ਆਪ ਜੀ ਨੂੰ ਗੋਡੇ ਬਦਲਾਉਣ ਦੀ ਨੌਬਤ ਤੋਂ ਬਚਾ ਸਕਦੀਆਂ ਹਨ। ਸ਼ਰਤ ਇਹ ਹੈ ਕਿ ਬਸ ਲਗਾਤਾਰ ਦਵਾਈ ਖਾਣੀ ਪਵੇਗੀ। ਨਕਲੀ ਗੋਡੇ ਤਾਂ ਪੈ ਸਕਦੇ ਹਨ ਪਰ ਅਸਲੀ ਚੀਜ਼ ਤਾਂ ਅਸਲੀ ਹੀ ਹੁੰਦੀ ਹੈ। ਆਪ੍ਰੇਸ਼ਨ ਦੇ ਖ਼ਰਚੇ ਤੋਂ ਤਾਂ ਇਲਾਜ ਸਸਤਾ ਹੀ ਪਵੇਗਾ। ਮਹਾਵਾਤਚਿੰਤਾਮਨੀ ਰਸ : 1-1 ਗੋਲੀ ਸ਼ਹਿਦ ਨਾਲ, ਹਾਰ ਸ਼ਿੰਗਾਰ ਦੇ 12 ਪੱਤੇ ਕੁੱਟ ਕੇ ਇਕ ਗਲਾਸ ਵਿਚ ਉਬਾਲੋ, ਪਾਣੀ ਅੱਧਾ ਰਹਿਣ ਉਤੇ ਪੀ ਲਉ। ਨਾਗਰਮੋਥਾ ਕੁੱਟ ਕੇ ਅੱਧਾ ਚਮਚ ਇਸੇ ਪਾਣੀ ਨਾਲ ਇਹ ਤਿੰਨੋ ਦਵਾਈਆਂ ਵਰਤੋ।

 ਅੱਧਾ ਕਿਲੋ ਹਲਦੀ ਦੀਆਂ ਸੁੱਕੀਆਂ ਗੱਠਾਂ, ਇਕ ਕਿਲੋ ਅਣਬੁਝਿਆ ਚੂਨਾ, ਦੋ ਕਿਲੋ ਪਾਣੀ ਲੈ ਲਉ। ਇਕ ਮਿਟੀ ਦੇ ਭਾਂਡੇ ਵਿਚ ਚੂਨਾ, ਹਲਦੀ ਪਾਉ ਫਿਰ ਗਰਮ ਕਰੋ। ਜਦੋਂ ਚੂਨਾ ਉਬਲਣ ਲੱਗੇ ਤਾਂ ਠੰਢਾ ਹੋਣ ਤੇ ਭਾਂਡੇ ਨੂੰ ਢੱਕ ਕੇ ਰੱਖ ਦਿਉ। ਦੋ ਮਹੀਨੇ ਬਾਅਦ ਹਲਦੀ ਕੱਢ ਕੇ ਪਾਣੀ ਨਾਲ ਸਾਫ਼ ਕਰ ਕੇ ਸੁਕਾ ਲਉ। ਹਲਦੀ ਨੂੰ ਪੀਹ ਲਉ। ਪੀਸੀ ਹੋਈ 3 ਗ੍ਰਾਮ ਹਲਦੀ ਨੂੰ 10 ਗ੍ਰਾਮ ਸ਼ਹਿਦ 4 ਮਹੀਨੇ ਤਕ ਵਰਤੋ। ਇਸ ਨਾਲ ਤਾਕਤ, ਖ਼ੂਨ ਸ਼ੁਧ ਹੋ ਕੇ ਦਰਦ ਵਿਚ ਆਰਾਮ ਮਿਲੇਗਾ।

 ਕੁੱਜਾ ਮਿਸ਼ਰੀ 150 ਗ੍ਰਾਮ, ਬਦਾਮ ਗਿਰੀ 250 ਗ੍ਰਾਮ, ਹਰੀ ਅਲੈਚੀ, ਕਾਲੀ ਮਿਰਚ 100 ਗਰਾਮ, ਖ਼ੀਰੇ ਦੇ ਮਗ਼ਜ਼ 200 ਗ੍ਰਾਮ, ਸਾਲਮ ਮਿਸ਼ਰੀ, ਅਸਗੰਧ 50-50 ਗ੍ਰਾਮ, ਸੋਇਆਬੀਨ ਦੀ ਅੱਧਾ ਕਿਲੋ ਦਾਲ ਪੀਹ ਲਉ, ਬਦਾਮ ਤੇ ਖ਼ੀਰੇ ਦੇ ਬੀਜ ਵੱਖ-ਵੱਖ ਪੀਹ ਲਉ। ਸਾਰੀਆਂ ਚੀਜ਼ਾਂ ਪੀਹ ਕੇ ਮਿਲਾ ਕੇ ਰੱਖ ਲਉ। ਇਕ-ਇਕ ਚਮਚ ਦੁਧ ਨਾਲ ਸਵੇਰੇ-ਸ਼ਾਮ ਲਵੋ।

ਆਮਵਾਤਾਰੀ ਰਸ ਗੋਲੀ 1-2 ਗੋਲੀ, ਮਹਾਰਾਸਨਾਦੀ ਕਾੜ੍ਹੇ ਨਾਲ ਲਵੋ, ਰਾਹਤ ਮਿਲੇਗੀ। ਖਾਣ ਵਾਲਾ ਚੂਨਾ 2-3 ਗ੍ਰਾਮ ਦੁਧ ਨਾਲ ਲਉ, ਕੈਲਸ਼ੀਅਮ ਮਿਲੇਗਾ। ਇਸ ਨੂੰ 3 ਮਹੀਨੇ ਤੋਂ ਜ਼ਿਆਦਾ ਨਾ ਲਵੋ, ਜਿਨ੍ਹਾਂ ਨੂੰ ਪੱਥਰੀ ਬਣਦੀ ਹੈ ਉਹ ਨਾ ਵਰਤੇ।
ਮਿਠੀ ਸਰੁੰਜਾਂ, ਹਰਮਲ ਬੀਜ, ਸੁੰਢ, ਕਾਲੀ ਮਿਰਚ, ਸ਼ੁੱਧ ਗੂਗਲ, ਮੁਸਬਰ 1-1 ਤੋਲਾ, ਗੁੜ 5 ਤੋਲਾ ਚੰਗੀ ਤਰ੍ਹਾਂ ਅਲੱਗ-ਅਲੱਗ ਕੁੱਟ ਕੇ ਮਿਲਾ ਲਉ। ਬੇਰ (ਝਾੜੀ ਬੇਰ) ਤੋਂ ਕੋੜੀ ਛੋਟੀਆਂ ਗੋਲੀਆਂ ਬਣਾਉ, ਇਕ ਗੋਲੀ ਸਵੇਰੇ ਸ਼ਾਮ ਖਾਉ।
ਮਿੱਠੀ ਸੁਰੰਜਾਂ, ਅਸਗੰਧ, ਸੌਂਫ਼, ਦੇਸੀ ਅਜਵੈਣ 1 ਤੋਲਾ ਸਾਰੀਆਂ ਦਵਾਈਆਂ ਬਰਾਬਰ ਚੀਨੀ ਪੀਹ ਕੇ ਮਿਲਾ ਲਉ, ਦੋ ਗਰਾਮ ਪਾਣੀ ਨਾਲ ਲਉ। ਜੋੜਾਂ ਦਾ ਦਰਦ ਤੇ ਕਮਰਦਰਦ ਵਿਚ ਫਾਇਦੇਮੰਦ ਹੋਵੇਗਾ। ਸੰਪਰਕ : 98726-10005