Health News : ਚਿੰਤਾ ਅਤੇ ਡਰ ਅਜਿਰਾ ਰੋਗ ਹੈ ਜੋ ਮਨੁੱਖੀ ਸ਼ਕਤੀ ਦਾ ਵਿਨਾਸ਼ ਕਰਦਾ ਹੈ
ਚਿੰਤਾ ਦਾ ਇਲਾਜ ਇਹ ਹੀ ਹੈ ਕਿ ਅਪਣੇ ਆਪ ਨੂੰ ਕਿਸੇ ਰਚਨਾਤਮਕ ਕੰਮ ਵਿਚ ਪੂਰੀ ਤਰ੍ਹਾਂ ਖੋਭ ਦਿਤਾ ਜਾਵੇ।
Anxiety and fear are a deadly disease that destroys human strength Health News: ਚਿੰਤਾ, ਡਰ ਭੈਅ, ਗੁੱਸਾ ਮਨੁੱਖੀ ਦਿਮਾਗ ਦਾ ਹਿੱਸਾ ਹਨ ਜੋ ਸੁਭਾਵਕ ਹੀ ਮਨੁੱਖ ਦੀਆਂ ਰੋਜ਼ਾਨਾ ਗਤੀਵਿੱਧੀਆ ਵਿਚ ਸ਼ਾਮਲ ਹੁੰਦਾ ਹੈ। ਮਨੁੱਖੀ ਦਿਮਾਗ ਅਦਭੁੱਤ ਹੈ, ਇਹ ਮਨੁੱਖੀ ਸਰੀਰ ਦੀ ਸੰਪੂਰਨ ਕਿਰਿਆਸ਼ੀਲਤਾ ਹੈ। ਇਹ ਸਾਡੀਆਂ ਪੰਜ ਗਿਆਨ ਇੰਦਰੀਆਂ (ਦੇਖਣਾ, ਸੁਣਨਾ, ਸੁੰਘਣਾ, ਸਵਾਦ ਅਤੇ ਛੂੰਹਣ) ਰਾਹੀਂ ਆਲੇ ਦੁਆਲੇ ਦਾ ਗਿਆਨ ਕਰਵਾਉਂਦਾ ਹੈ। ਚਿੰਤਾ ਮਨੁੱਖ ਦੇ ਅਵਚੇਤਨ ਮਨ ਦੀ ਤ੍ਰਾਸਦੀ ਹੈ ਜੋ ਕਦੀ ਕਦੀ ਸਾਡਾ ਵੱਡਾ ਨੁਕਸਾਨ ਕਰ ਜਾਂਦੀ ਹੈ। ਮਨੁੱਖ ਜਦੋਂ ਅਪਣੇ ਆਲੇ ਦੁਆਲੇ ਚਿੰਤਾ ਅਤੇ ਡਰ ਦਾ ਮਾਹੌਲ ਸਿਰਜ ਲੈਂਦਾ ਹੈ ਤਾਂ ਉਹ ਅਨੇਕ ਸਰੀਰਕ ਬਿਮਾਰੀਆਂ ਨੂੰ ਦਾਵਤ ਦੇ ਰਿਹਾ ਹੁੰਦਾ ਹੈ। ਚਿੰਤਾ ਦਾ ਸੁਭਾਅ ਹੈ ਕਿ ਇਹ ਤੁਹਾਡੇ ਉੱਪਰ ਉਦੋਂ ਸਵਾਰ ਹੋ ਜਾਂਦੀ ਹੈ, ਜਦੋਂ ਤੁਸੀ ਅਪਣੇ ਰੋਜ਼ਾਨਾ ਦੇ ਕੰਮ ਤੋਂ ਵਿਹਲੇ ਹੋ ਕੇ ਬੈਠੇ ਰਹਿੰਦੇ ਹੋ। ਉਸ ਹਾਲਤ ਵਿਚ ਤੁਹਾਡੀ ਕਲਪਨਾ ਭੜਕ ਸਕਦੀ ਹੈ ਅਤੇ ਤੁਹਾਡੀ ਹਰ ਭੁੱਲ ਨੂੰ ਰਾਈ ਤੋਂ ਪਹਾੜ ਬਣਾ ਸਕਦੀ ਹੈ।
ਚਿੰਤਾ ਦਾ ਇਲਾਜ ਇਹ ਹੀ ਹੈ ਕਿ ਅਪਣੇ ਆਪ ਨੂੰ ਕਿਸੇ ਰਚਨਾਤਮਕ ਕੰਮ ਵਿਚ ਪੂਰੀ ਤਰ੍ਹਾਂ ਖੋਭ ਦਿਤਾ ਜਾਵੇ। ਸਿਆਣੇ ਲੋਕਾਂ ਦਾ ਇਹ ਵੀ ਕਥਨ ਹੈ ਕਿ ਚਿੰਤਾ ਚਿਖਾ ਸਮਾਨ ਹੁੰਦੀ ਹੈ ਜੋ ਹੋਲੀ-ਹੋਲੀ ਮਨੁੱਖ ਦੀ ਜ਼ਿੰਦਗੀ ਦਾ ਵਿਨਾਸ਼ ਕਰ ਦਿੰਦੀ ਹੈ। ਜਦੋਂ ਦੂਸਰਾ ਮਹਾਯੁੱਧ ਤੇਜੀ ਨਾਲ ਚਲ ਰਿਹਾ ਸੀ ਤਾਂ ਚਰਚਿਲ ਨੂੰ 18 ਘੰਟੇ ਕੰਮ ਕਰਨਾ ਪੈਂਦਾ ਸੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇੰਨੀਆਂ ਜ਼ਿਆਦਾ ਜ਼ਿੰਮੇਵਾਰੀਆ ਨਾਲ ਤੁਹਾਨੂੰ ਚਿੰਤਾ ਨਹੀ ਹੁੰਦੀ? ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੇਰੇ ਕੋਲ ਸਮਾਂ ਹੀ ਨਹੀਂ ਕਿ ਮੈਂ ਚਿੰਤਾ ਕਰਾਂ।
ਅਸਲ ਵਿਚ ਸਾਡੇ ਲਈ ਇਹ ਜਾਨਣਾ ਅਤੀ ਜ਼ਰੂਰੀ ਹੈ ਕਿ ਚਿੰਤਾ ਕੋਈ ਸਰੀਰਕ ਰੋਗ ਨਹੀਂ ਹੈ ਜਿਸ ਦਾ ਇਲਾਜ ਰੋਗੀ ਨੂੰ ਤੁਰੰਤ ਦਵਾਈ ਦੇ ਕੇ ਕੀਤਾ ਜਾਵੇ। ਜੇ ਅਸੀਂ ਚਿੰਤਤ ਹਾਂ ਤਾਂ ਸਾਨੂੰ ਪੁਰਾਣੀ ਡਾਕਟਰੀ ਪ੍ਰਣਾਲੀ ਦੇ ਅਨੁਸਾਰ ਦਵਾਈ ਦਾ ਇਲਾਜ ਨਾ ਕਰਦੇ ਹੋਏ ਰੁਝੇਵੇਂ ਵਾਲਾ ਇਲਾਜ ਕਰਨਾ ਚਾਹੀਦਾ ਹੈ। ਦੁਵਿਧਾ, ਡਰ ਅਤੇ ਅਸਮੰਜਸ ਦੀ ਬਿਮਾਰੀ ਨਾਲ ਪੀੜਤ ਵਿਅਕਤੀ ਵੀ ਕੰਮ ਵਿਚ ਰੁੱਝੇ ਰਹਿ ਕੇ ਨਿਰੋਗ ਹੋ ਜਾਂਦੇ ਹਨ। ਮਾਨਵ ਚਿਕਤਸਾ ਦੇ ਖੇਤਰ ਵਿਚ ਇਸ ਰੋਗ ਦਾ ਇਲਾਜ ਆਕੁਪੇਸ਼ਨਥੈਰੇਪੀ (ਕਿੱਤਾ ਥੈਰੇਪੀ) ਨਾਲ ਕੀਤਾ ਜਾਂਦਾ ਹੈ, ਜਿੱਥੇ ਰੋਗੀ ਨੂੰ ਦਵਾਈ ਦੀ ਜਗ੍ਹਾ ਕੰਮ ਦਿਤਾ ਜਾਂਦਾ ਹੈ। ਈਸਾ ਤੋਂ ਪੰਜ ਸੌ ਸਾਲ ਪਹਿਲਾਂ ਵੀ ਪੁਰਾਣੇ ਗ੍ਰੀਕ ਚਿਕਤਸਕ ਇਸੇ ਵਿੱਧੀ ਨਾਲ ਮਰੀਜ ਦਾ ਇਲਾਜ ਕਰਦੇ ਸਨ।
ਮਨੁੱਖੀ ਦਿਮਾਗ ਦੀ ਕਾਰਜਪ੍ਰਣਾਲੀ ਨੂੰ ਸਹੀ ਕਰਨ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਹਰ ਰੋਜ਼ ਦੀ ਸਮਾਂ-ਸਾਰਣੀ ਤੈਅ ਕਰਨੀ ਚਾਹੀਦੀ ਹੈ। ਅਪਣੀ ਰੋਜ਼ਾਨਾ ਡਾਇਰੀ ਵਿਚ ਰੋਜ਼ਾਨਾ ਕੀਤੇ ਜਾਣ ਵਾਲੇ ਕੰਮਾ ਦੇ ਵੇਰਵੇ ਹਰ ਰੋਜ਼ ਨੋਟ ਕਰਨੇ ਚਾਹੀਦੇ ਹਨ ਅਤੇ ਹਰ ਰੋਜ਼ ਦਿਨ ਖ਼ਤਮ ਹੋਣ ਉਪਰੰਤ ਇਸ ਦਾ ਮੂਲਾਂਕਣ ਵੀ ਕਰਨਾ ਚਾਹੀਦਾ ਹੈ ਕਿ ਦਿਨ ਵਿਚ ਨਿਰਧਾਰਤ ਕੀਤੇ ਕੰਮਾ ਵਿਚੋਂ ਅਸੀ ਕਿੰਨੇ ਕਰ ਲਏ ਹਨ ਅਤੇ ਜੋ ਬਚ ਗਏ ਹਨ ਉਹ ਕਿਉਂ ਨਹੀਂ ਹੋ ਸਕੇ। ਇਸ ਤਰ੍ਹਾਂ ਰੋਜ਼ਾਨਾ ਕਰਨ ਨਾਲ ਦਿਮਾਗ ਦਾ ਮਾਰਗ ਦਰਸ਼ਨ ਸਹੀ ਦਿਸ਼ਾ ਵੱਲ ਪ੍ਰੇਰਤ ਹੋਵੇਗਾ, ਜਿਸ ਨਾਲ ਅਸੀਂ ਚਿੰਤਾ ਤੋਂ ਵੀਂ ਬਚੇ ਰਹਾਂਗੇ। ਵਿਹਲੜ ਦਿਮਾਗ ਕਾਲਪਨਿਕ ਸੋਚਾਂ ਦਾ ਘਰ ਬਣ ਜਾਂਦਾ ਹੈ ਅਤੇ ਇਹ ਕਲਪਨਾਵਾਂ ਹੀ ਸਾਡੀ ਜ਼ਿੰਦਗੀ ਵਿਚ ਚਿੰਤਾ ਦੇ ਬੀਜ ਬੀਜਦੀਆਂ ਹਨ। ਇਹ ਬਿਲਕੁੱਲ ਉਸੇ ਤਰ੍ਹਾ ਹੈ ਜਿਵੇਂ ਬੰਜਰ ਜ਼ਮੀਨ ਵਿਚ ਕੋਈ ਫ਼ਸਲ ਨਾ ਬੀਜਣ ’ਤੇ ਉੱਥੇ ਘਾਹਫੂਸ ਉੱਗ ਆਉਂਦਾ ਹੈ ਤੇ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈਂਦਾ। ਇਸੇ ਤਰ੍ਹਾਂ ਹੀ ਵਿਹਲੇ ਦਿਮਾਗ ਵਿਚ ਉੱਗੀਆਂ ਬੁਰਾਈਆਂ ਮਨੁੱਖ ਦਾ ਪਿੱਛਾ ਨਹੀਂ ਛੱਡਦੀਆਂ ਅਤੇ ਉਹ ਚਿਤਾਵਾਂ ਦਾ ਰੋਗੀ ਬਣ ਕੇ ਰਹਿ ਜਾਂਦਾ ਹੈ।
ਜਦੋਂ ਅਸੀਂ ਬੇਕਾਰ ਰਹਿੰਦੇ ਹਾ ਤਾਂ ਸਾਡੇ ਦਿਮਾਗ ਵਿਚ ਖਾਲੀਪਣ ਆਉਣ ਲੱਗਦਾ ਹੈ। ਭੌਤਿਕ ਵਿਗਿਆਨ ਦਾ ਹਰ ਇਕ ਵਿਦਿਆਰਥੀ ਇਸ ਗੱਲ ਨੂੰ ਜਾਣਦਾ ਹੈ ਕਿ ਕੁਦਰਤ ਖਾਲੀਪਣ ਪਸੰਦ ਨਹੀਂ ਕਰਦੀ, ਉਹ ਹਮੇਸ਼ਾ ਖਲਾਅ ਨੂੰ ਮਨੋਭਾਵਾਂ ਨਾਲ ਭਰਦੀ ਹੈ। ਚਿੰਤਾ, ਡਰ, ਘ੍ਰਿਣਾ ਅਤੇ ਈਰਖਾ ਵਰਗੇ ਮਨੋਭਾਵ ਕੁਦਰਤੀ ਓਜ ਅਤੇ ਕੁਦਰਤੀ ਚੇਤਨ ਸ਼ਕਤੀ ਨਾਲ ਸੰਚਾਲਤ ਹੁੰਦੇ ਹਨ। ਇਹ ਮਨੋਭਾਵ ਇੰਨੇ ਪ੍ਰਬਲ ਹੁੰਦੇ ਹਨ ਕਿ ਉਹ ਦਿਮਾਗ ਵਿਚੋਂ ਸਭ ਸ਼ਾਂਤ ਅਤੇ ਸੁਖਦਾਈ ਵਿਚਾਰਾਂ ਅਤੇ ਮਨੋਭਾਵਾਂ ਨੂੰ ਬਾਹਰ ਕੱਢ ਸੁਟਦੇ ਹਨ। ਇਹ ਹੀ ਸਾਡੀ ਚਿੰਤਾ ਦਾ ਕਾਰਨ ਬਣਦਾ ਹੈ। ਜੇ ਕੰਮ ਵਿਚ ਵਿਅਸਤ ਨਾ ਰਹਿ ਕੇ ਬੈਠੇ ਬੈਠੇ ਚਿੰਤਾ ਵਿਚ ਹੀ ਘੁਲਿਆ ਕਰੀਏ ਤਾਂ ਅਸੀ ਅਪਣੇ ਅੰਦਰ ਅਜਿਹੇ ਕੀਟਾਣੂਆਂ ਦਾ ਪਾਲਣ ਕਰਨ ਲੱਗਾਂਗੇ ਜੋ ਸਾਨੂੰ ਅੰਦਰ ਹੀ ਅੰਦਰ ਖੋਖਲਾ ਬਣਾ ਦੇਣਗੇ ਅਤੇ ਸਾਡੀ ਕਾਰਜ ਕੁਸ਼ਲਤਾ ਅਤੇ ਇਛਾ ਸ਼ਕਤੀ ਨੂੰ ਨਸ਼ਟ ਕਰ ਦੇਣਗੇ।
ਪ੍ਰਸਿੱਧ ਲੇਖਕ ਜਾਰਜ ਬਰਨਾਰਡ ਸ਼ਾ ਬਹੁਤ ਹੀ ਭਾਵਪੂਰਤ ਗੱਲ ਕਰਦਾ ਹੈ ਕਿ ਖ਼ਾਲੀ ਸਮੇਂ ਵਿਚ ਸੁੱਖ-ਦੁੱਖ ਦੇ ਵਿਚਾਰ ਕਰਨਾ ਹੀ ਸਾਡੇ ਦੁਖੀ ਹੋਣ ਦਾ ਕਾਰਨ ਹੈ, ਇਸ ਲਈ ਅਜਿਹੀਆ ਗੱਲਾਂ ਨਾ ਸੋਚੋ। ਜੇ ਕਰਨ ਧਰਨ ਨੂੰ ਕੁੱਝ ਨਹੀਂ ਤਾਂ ਮੱਖੀਆਂ ਹੀ ਮਾਰਿਆ ਕਰੋ ਪਰ ਬੇਕਾਰ ਨਾ ਬੈਠੋ। ਅਜਿਹਾ ਕਰਨ ਨਾਲ ਤੁਹਾਡਾ ਖ਼ੂਨ ਸੰਚਾਰ ਠੀਕ ਤਰ੍ਹਾਂ ਨਾਲ ਹੋਵੇਗਾ। ਤੁਹਾਡੇ ਦਿਮਾਗ ਦੀ ਚੇਤਨਾ ਜਾਗ ਉਠੇਗੀ ਅਤੇ ਉਸ ਦੀ ਲਹਿਰ ਜਲਦੀ ਹੀ ਚਿੰਤਾ ਨੂੰ ਦੂਰ ਕਰ ਦੇਵੇਗੀ। ਕੰਮ ਕਰੋ ਅਤੇ ਵਿਅਸਤ ਰਹੋ, ਇਹ ਸਭ ਤੋਂ ਉੱਤਮ ਵਿਚਾਰ ਹੈ। ਚਿੰਤਾ ਨਿਵਾਰਣ ਦਾ ਇਹ ਮਹੱਤਵਪੂਰਣ ਨਿਯਮ ਹੈ - ਵਿਅਸਤ ਰਹੋ। ਚਿੰਤਤ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਹਰ ਵਕਤ ਵਿਅਸਤ ਰਹੇ, ਨਹੀਂ ਤਾਂ ਨਿਰਾਸ਼ਾ ਵਿਚ ਡੁੱਬ ਜਾਵੇਗਾ। ਵਿਦਿਆਰਥੀ ਜੀਵਨ ਲਈ ਇਹ ਅਤੀ ਉੱਤਮ ਵਿਚਾਰ ਹਨ ਜੋ ਉਸ ਦੇ ਸਰਬਪੱਖੀ ਵਿਕਾਸ ਲਈ ਮਹੱਤਵਪੂਰਣ ਪਹਿਲੂ ਹਨ। ਜੀਵਨ ਜੀਣਾ ਹੈ ਤਾਂ ਜੀਣ ਲਈ ‘ਜੀਵਨ ਜਾਂਚ’ ਆਉਣਾ ਵੀ ਜ਼ਰੂਰੀ ਹੈ।
ਕੇ.ਐਸ.ਅਮਰ, ਲੈਕਚਰਾਰ ਪੰਜਾਬੀ
(ਮੋ. 9465369343)