ਮਟਰ ਨੂੰ ਟੱਕਰ ਦੇਣ ਲਈ ਆ ਗਈ ਸੋਇਆਬੀਨ ਦੀ ਖ਼ਾਸ ਕਿਸਮ, ਜਾਣੋ ਫ਼ਾਇਦੇ

ਏਜੰਸੀ

ਜੀਵਨ ਜਾਚ, ਸਿਹਤ

ਪ੍ਰੋਟੀਨ ਨਾਲ ਭਰਪੂਰ ਇਹ ਕਿਸਮ ਦੇਸ਼ ’ਚ ਕੁਪੋਸ਼ਣ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ : ਵਿਗਿਆਨੀ

soybean

ਇੰਦੌਰ: ਇੰਦੌਰ ਦੇ ਇੰਡੀਅਨ ਇੰਸਟੀਚਿਊਟ ਆਫ ਸੋਇਆਬੀਨ ਰੀਸਰਚ (ਆਈ.ਆਈ.ਐੱਸ.ਆਰ.) ਦੇ ਵਿਗਿਆਨੀਆਂ ਨੇ ਕਰੀਬ 7 ਸਾਲ ਦੀ ਖੋਜ ਤੋਂ ਬਾਅਦ ਸੋਇਆਬੀਨ ਦੀ ਇਕ ਵਿਸ਼ੇਸ਼ ਕਿਸਮ ਵਿਕਸਿਤ ਕੀਤੀ ਹੈ, ਜਿਸ ਨੂੰ ਹਰੇ ਮਟਰ ਵਾਂਗ ਸਬਜ਼ੀ ਦੇ ਰੂਪ ’ਚ ਖਾਧਾ ਜਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਪ੍ਰੋਟੀਨ ਨਾਲ ਭਰਪੂਰ ਇਹ ਕਿਸਮ ਦੇਸ਼ ’ਚ ਕੁਪੋਸ਼ਣ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ। 

ਪ੍ਰਮੁੱਖ ਵਿਗਿਆਨੀ ਡਾ. ਵਿਨੀਤ ਕੁਮਾਰ ਨੇ ਸ਼ੁਕਰਵਾਰ ਨੂੰ ਦਸਿਆ ਕਿ ਸੋਇਆਬੀਨ ਦੀ ਇਸ ਕਿਸਮ ਦੀਆਂ ਹਰੀਆਂ ਫਲੀਆਂ ਵਿਚ ਥੋੜ੍ਹੀ ਮਿਠਾਸ ਹੁੰਦੀ ਹੈ ਕਿਉਂਕਿ ਇਸ ਵਿਚ ਸੁਕਰੋਜ਼ (ਖੰਡ ਦਾ ਇਕ ਰੂਪ) ਹੁੰਦਾ ਹੈ। ਇਹ ਗੁਣ ਸੋਇਆਬੀਨ ਦੀਆਂ ਹੋਰ ਕਿਸਮਾਂ ’ਚ ਨਹੀਂ ਪਾਇਆ ਜਾਂਦਾ।’’ ਉਨ੍ਹਾਂ ਦਸਿਆ ਕਿ ‘ਐਨ.ਆਰ.ਸੀ. 188’ ਕਿਸਮ ਦੀਆਂ ਹਰੀਆਂ ਫਲੀਆਂ ਨੂੰ ਨਮਕ ਦੇ ਪਾਣੀ ’ਚ ਉਬਾਲ ਕੇ ਸਬਜ਼ੀ ਵਜੋਂ ਵਰਤਿਆ ਜਾ ਸਕਦਾ ਹੈ। ਕੁਮਾਰ ਦੇ ਅਨੁਸਾਰ, ਸੋਇਆਬੀਨ ਦੀ ਇਸ ਕਿਸਮ ਦੇ ਅਨਾਜ ’ਚ ਹਰੇ ਮਟਰ ਨਾਲੋਂ ਤਿੰਨ ਤੋਂ ਚਾਰ ਗੁਣਾ ਵਧੇਰੇ ਪ੍ਰੋਟੀਨ ਹੁੰਦਾ ਹੈ। 

ਉਨ੍ਹਾਂ ਕਿਹਾ ਕਿ ਸੋਇਆਬੀਨ ਦੇ ਕਿਸਾਨ ਸਬਜ਼ੀਆਂ ਵਾਂਗ ‘ਐਨ.ਆਰ.ਸੀ. 188’ ਬੀਨਜ਼ ਵੇਚ ਕੇ ਮੋਟੀ ਕਮਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਦੇ ਬੀਨਜ਼ ਅਨਾਜ ਨੂੰ ਸਹੀ ਪੈਕਿੰਗ ਨਾਲ ਫਰਿੱਜ ’ਚ ਫ੍ਰੀਜ਼ ਕਰ ਕੇ ਵੀ ਨਿਰਯਾਤ ਕੀਤਾ ਜਾ ਸਕਦਾ ਹੈ। ਕੁਮਾਰ ਨੇ ਕਿਹਾ ਕਿ ਮੱਧ ਭਾਰਤ ’ਚ ਸਾਉਣੀ ਦੇ ਸੀਜ਼ਨ ਦੌਰਾਨ ‘ਐਨ.ਆਰ.ਸੀ. 188’ ਦੀ ਕਾਸ਼ਤ ਦੀ ਸਿਫਾਰਸ਼ ਕੀਤੀ ਗਈ ਹੈ। 

ਆਈ.ਆਈ.ਐਸ.ਆਰ. ’ਚ ਇਸ ਕਿਸਮ ਦੇ ਵਿਕਾਸ ਨਾਲ ਜੁੜੀ ਇਕ ਹੋਰ ਪ੍ਰਮੁੱਖ ਵਿਗਿਆਨੀ ਡਾ. ਅਨੀਤਾ ਰਾਣੀ ਨੇ ਕਿਹਾ ਕਿ ‘ਐਨ.ਆਰ.ਸੀ. 188’ ਦੇ ਦਾਣਿਆਂ ਦਾ ਆਕਾਰ ਸੋਇਆਬੀਨ ਦੀਆਂ ਹੋਰ ਕਿਸਮਾਂ ਨਾਲੋਂ ਵੱਡਾ ਅਤੇ ਨਰਮ ਹੈ। ਉਨ੍ਹਾਂ ਕਿਹਾ, ‘‘ਖੇਤਾਂ ’ਚ ਇਸ ਕਿਸਮ ਦੇ ਬੀਜਾਂ ਦਾ ਅੰਕੁਰਨ ਵੀ ਸੋਇਆਬੀਨ ਦੀਆਂ ਹੋਰ ਕਿਸਮਾਂ ਨਾਲੋਂ ਵਧੀਆ ਹੁੰਦਾ ਹੈ। ਇਸ ਦੀ ਕਾਸ਼ਤ ’ਚ ਇਕ ਹੈਕਟੇਅਰ ’ਚ ਸੱਤ ਤੋਂ ਅੱਠ ਟਨ ਹਰੀਆਂ ਫਲੀਆਂ ਪੈਦਾ ਹੁੰਦੀਆਂ ਹਨ।’’ ਅਨੀਤਾ ਰਾਣੀ ਨੇ ਦਸਿਆ ਕਿ ‘ਐਨ.ਆਰ.ਸੀ. 188’ ਨੂੰ ਇਸ ਤਰੀਕੇ ਨਾਲ ਵਿਕਸਤ ਕੀਤਾ ਗਿਆ ਹੈ ਕਿ ਇਹ ਕਿਸਮ ਖੇਤੀ ਦੌਰਾਨ ਕੀੜਿਆਂ ਦੇ ਹਮਲੇ ਅਤੇ ਪੌਦਿਆਂ ਦੀਆਂ ਆਮ ਬਿਮਾਰੀਆਂ ਤੋਂ ਮੁਕਤ ਰਹੇ।