ਨਰੋਈ ਸਿਹਤ ਤੇ ਲੰਮੀ ਉਮਰ ਦਾ ਰਾਜ਼ ਦਹੀਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਸਿਹਤ

ਸ਼ੱਕਰ ਵਾਲਾ ਦਹੀਂ ਪੇਟ ਗੈਸ ਆਦਿ ਕਰਦਾ ਦੂਰ

Yogurt

ਮੁਹਾਲੀ: ਦਹੀਂ ਵਿਚ ਦੂਸਰੇ ਖ਼ੁਰਾਕੀ ਪਦਾਰਥਾਂ ਦੇ ਮੁਕਾਬਲੇ ਜ਼ਿਆਦਾ ਪੌਸ਼ਟਿਕ ਤੱਤ ਹੁੰਦੇ ਹਨ। ਦਹੀਂ ਵਿਚ ਕੈਲਸ਼ੀਅਮ, ਆਇਰਨ, ਫ਼ਾਸਫ਼ੋਰਸ, ਪ੍ਰੋਟੀਨ ਤੇ ਵਿਟਾਮਿਨ-ਬੀ ਆਦਿ ਤੱਤ ਉਚਿਤ ਮਾਤਰਾ ਵਿਚ ਮਿਲਦੇ ਹਨ। ਆਯੁਰਵੇਦ ਵਿਚ ਦਹੀਂ ਨੂੰ ਭੁੱਖ ਵਧਾਉਣ, ਨੀਂਦ ਲਿਆਉਣ, ਦਿਲ ਨੂੰ ਮਜ਼ਬੂਤ ਕਰਨ, ਖ਼ੂਨ ਸਾਫ਼ ਕਰਨ ਤੇ ਯਾਦਦਾਸ਼ਤ ਵਧਾਉਣ ਵਾਲਾ ਦਸਿਆ ਗਿਆ ਹੈ। ਭੋਜਨ ਨਾਲ ਦਹੀਂ ਦਾ ਸੇਵਨ ਕਰਨ ਨਾਲ-ਨਾਲ ਭੋਜਨ ਛੇਤੀ ਪਚਦਾ ਹੈ ਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ।

ਦੁੱਧ ਨੂੰ ਕਾੜ੍ਹ ਕੇ ਜਿਹੜਾ ਦਹੀਂ ਤਿਆਰ ਕੀਤਾ ਜਾਂਦਾ ਹੈ, ਉਹ ਖਾਣ ਵਿਚ ਸਵਾਦੀ ਹੁੰਦਾ ਹੈ। ਇਹ ਤਾਸੀਰ ਵਿਚ ਠੰਢਾ, ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਬੂਰਾ ਚੀਨੀ ਮਿਲਾ ਕੇ ਦਹੀਂ ਖਾਧਾ ਜਾਵੇ ਤਾਂ ਇਹ ਪਿਆਸ, ਗਰਮੀ ਤੇ ਖ਼ੂਨ ਦੇ ਦੋਸ਼ਾਂ ਦਾ ਨਾਸ਼ ਕਰਦਾ ਹੈ। ਸ਼ੱਕਰ ਵਾਲਾ ਦਹੀਂ ਪੇਟ ਗੈਸ ਆਦਿ ਦੂਰ ਕਰਦਾ ਹੈ।
 ਦਹੀਂ ਵਿਚ ਜਿਹੜਾ ਪਾਣੀ ਹੁੰਦਾ ਹੈ, ਉਹ ਸਵਾਦ ਵਿਚ ਕਸੈਲਾ, ਖੱਟਾ, ਗਰਮ, ਤਾਕਤਵਰ ਤੇ ਹਲਕਾ ਹੁੰਦਾ ਹੈ। ਇਹ ਦਸਤ, ਕਬਜ਼, ਪੀਲੀਆ, ਦਮਾ, ਗੈਸ ਤੇ ਬਵਾਸੀਰ ਆਦਿ ਰੋਗਾਂ ਵਿਚ ਆਰਾਮ ਦਿੰਦਾ ਹੈ।

ਬਗ਼ੈਰ ਮਲਾਈ ਦਾ ਦਹੀਂ ਹਲਕਾ ਤੇ ਭੁੱਖ ਵਧਾਉਣ ਵਾਲਾ ਹੁੰਦਾ ਹੈ। ਇਹ ਪੇਟ ਨੂੰ ਸਾਫ਼ ਕਰਨ ਤੇ ਪੇਟ ਦੀ ਜਲਣ ਰੋਕਣ ਵਿਚ ਵੀ ਸਹਾਈ ਹੁੰਦਾ ਹੈ। ਦਹੀਂ ਨਾਲ ਪੇਟ ਦੀ ਖ਼ੁਸ਼ਕੀ ਦੂਰ ਹੁੰਦੀ ਹੈ ਤੇ ਦਿਮਾਗ਼ ਨੂੰ ਠੰਢਕ ਮਿਲਦੀ ਹੈ। ਜੇ ਭੋਜਨ ਕਰਨ ਤੋਂ ਬਾਅਦ ਦਹੀਂ ਵਿਚ ਥੋੜ੍ਹੀ ਜਿਹੀ ਅਜਵਾਇਣ ਤੇ ਸੇਂਧਾ ਨਮਕ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਪੇਟ ਦੀਆਂ ਸਾਰੀਆਂ ਤਕਲੀਫ਼ਾਂ ਦੂਰ ਹੋ ਜਾਂਦੀਆਂ ਹਨ।